
ਅਮਰੀਕਾ, ਰੂਸ, ਜਾਪਾਨ, ਚੀਨ ਵਲੋਂ ਉੱਤਰ ਕੋਰੀਆ ਦੀ ਹਰਕਤ ਦੀ ਤਿੱਖੀ ਨਿਖੇਧੀ
ਸੋਲ,
3 ਸਤੰਬਰ : ਉੱਤਰ ਕੋਰੀਆ ਨੇ ਹਾਈਡ੍ਰੋਜਨ ਬੰਬ ਦਾ ਸਫ਼ਲ ਤਜਰਬਾ ਕਰ ਕੇ ਦੁਨੀਆਂ ਨੂੰ
ਹਿਲਾ ਦਿਤਾ ਹੈ। ਇਸ ਦੇਸ਼ ਵਲੋਂ ਕੀਤਾ ਗਿਆ ਇਹ 6ਵਾਂ ਪ੍ਰਮਾਣੂ ਤਜਰਬਾ ਹੈ। ਬ੍ਰਿਕਸ
ਸੰਮੇਲਨ ਸ਼ੁਰੂ ਹੋਣ ਤੋਂ ਕੁੱਝ ਘੰਟੇ ਪਹਿਲਾਂ ਉੱਤਰ ਕੋਰੀਆ ਦੀ ਇਸ ਕਾਰਵਾਈ ਕਾਰਨ ਦੁਨੀਆਂ
ਭਰ ਵਿਚ ਚਿੰਤਾ ਪੈਦਾ ਹੋ ਗਈ ਹੈ। ਇਹ ਮਾਮਲਾ ਬ੍ਰਿਕਸ ਸੰਮੇਲਨ ਵਿਚ ਉਠ ਸਕਦਾ ਹੈ।
ਅਮਰੀਕੀ
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੋਰੀਆ ਦੇ 'ਮਦਦਗਾਰ' ਚੀਨ 'ਤੇ ਸਿੱਧਾ ਹਮਲਾ ਬੋਲਿਆ ਹੈ
ਤੇ ਨਾਲ ਹੀ ਬੰਬ ਦੇ ਤਜਰਬੇ ਕਾਰਨ ਉੱਤਰ ਕੋਰੀਆ ਦੀ ਨਿਖੇਧੀ ਕੀਤੀ ਹੈ। ਉਧਰ, ਰੂਸ ਨੇ ਵੀ
ਚਿੰਤਾ ਪ੍ਰਗਟ ਕਰਦਿਆਂ ਉੱਤਰ ਕੋਰੀਆਂ ਦੀ ਇਸ ਕਾਰਵਾਈ ਦੀ ਨਿਖੇਧੀ ਕੀਤੀ ਹੈ। ਭਾਵੇਂ
ਚੀਨ ਨੇ ਵੀ ਇਸ ਤਜਰਬੇ ਦੀ ਨਿਖੇਧੀ ਕੀਤੀ ਹੈ ਪਰ ਬ੍ਰਿਕਸ ਦੇਸ਼ਾਂ ਅੱਗੇ ਉਸ ਦੀ ਬਦਨਾਮੀ
ਹੋਣੀ ਤੈਅ ਹੈ। ਰੂਸ ਨੇ ਸਖ਼ਤ ਲਹਿਜੇ ਵਿਚ ਕਿਹਾ ਕਿ ਉੱਤਰ ਕੋਰੀਆ ਨੂੰ ਮਾੜੇ ਨਤੀਜੇ
ਭੁਗਤਣੇ ਪੈ ਸਕਦੇ ਹਨ। ਹਾਈਡ੍ਰੋਜਨ ਬੰਬ ਪਰਮਾਣੂ ਬੰਬ ਤੋਂ ਵੀ ਖ਼ਤਰਨਾਕ ਮੰਨਿਆ
ਜਾਂਦਾ ਹੈ। ਉੱਤਰ ਕੋਰੀਆ ਵਲੋਂ ਜਾਰੀ ਬਿਆਨ 'ਚ ਕਿਹਾ ਗਿਆ ਕਿ ਹਾਈਡ੍ਰੋਜਨ ਬੰਬ ਨੂੰ
ਨਵੀਂ ਇੰਟਰਕਾਂਟੀਨੈਂਟਲ ਬੈਲਿਸਟਿਕ ਮਿਜ਼ਾਈਲ 'ਚ ਲੋਡ ਕੀਤਾ ਜਾ ਸਕਦਾ ਹੈ। ਉੱਤਰ ਕੋਰੀਆ
ਦੀ ਸਰਕਾਰੀ ਕੋਰੀਅਨ ਸੈਂਟਰਲ ਨਿਊਜ਼ ਏਜੰਸੀ ਨੇ ਇਹ ਦਾਅਵਾ ਕੀਤਾ।
ਜਾਪਾਨ ਨੇ ਵੀ
ਉੱਤਰ ਕੋਰੀਆ ਦੇ ਪ੍ਰਮਾਣੂ ਪ੍ਰੀਖਣ ਦੀ ਪੁਸ਼ਟੀ ਕੀਤੀ ਹੈ। ਪ੍ਰਧਾਨ ਮੰਤਰੀ ਸ਼ਿੰਜੋ ਆਬੇ ਨੇ
ਕਿਹਾ, ''ਕਿਮ ਜੋਂਗ ਉਨ ਦੀ ਇਹ ਹਰਕਤ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਵੇਗੀ।'' ਚੀਨ ਨੇ
ਕਿਹਾ ਕਿ ਉੱਤਰ ਕੋਰੀਆ 'ਚ ਸ਼ੱਕੀ ਧਮਾਕੇ ਕਾਰਨ 6.3 ਤੀਬਰਤਾ ਦਾ ਭੂਚਾਲ ਆਉਣ ਦਾ ਪਤਾ
ਲੱਗਾ ਹੈ।
ਏਜੰਸੀ ਦੀ ਰੀਪੋਰਟ ਮੁਤਾਬਕ ਹਾਈ ਟੈਕਨੋਲਾਜੀ ਅਤੇ ਉੱਚ ਸਮਰੱਥਾ ਵਾਲਾ
ਹਾਈਡ੍ਰੋਜਨ ਬੰਬ ਵੱਡੇ ਪੱਧਰ 'ਤੇ ਤਬਾਹੀ ਮਚਾਉਣ ਦੇ ਕਾਬਲ ਹੈ। ਬੰਬ ਦੇ ਸਾਰੇ ਪੁਰਜ਼ੇ
ਉੱਤਰ ਕੋਰੀਆ 'ਚ ਹੀ ਤਿਆਰ ਕੀਤੇ ਗਏ ਹਨ ਅਤੇ ਇਸ ਦੀ ਤਾਕਤ ਸੈਂਕੜੇ ਕਿਲੋ ਟਨ ਹੈ।
ਰੀਪੋਰਟ 'ਚ ਇਹ ਵੀ ਕਿਹਾ ਗਿਆ ਹੈ ਕਿ ਕਿਮ ਜੋਂਗ ਉਨ ਨੇ ਹਾਲ ਹੀ 'ਚ ਨਿਊਕਲੀਅਰ ਵੈਪਨ
ਇੰਸਟੀਚਿਊਟ ਦਾ ਦੌਰਾ ਕੀਤਾ ਸੀ ਅਤੇ
ਇਥੇ ਇਕ ਅਜਿਹੇ ਯੰਤਰ ਦੀ ਜਾਂਚ ਕੀਤੀ ਸੀ ਜੋ ਸੁਪਰ ਐਕਸਪਲੋਸਿਵ ਪਾਵਰ ਵਾਲਾ ਇਕ ਥਰਮੋਨਿਊਕਲੀਅਰ ਹਥਿਆਰ ਹੈ।
ਜ਼ਿਕਰਯੋਗ
ਹੈ ਕਿ ਉੱਤਰ ਕੋਰੀਆ ਨੇ ਇਸੇ ਸਾਲ ਜੁਲਾਈ 'ਚ ਦੋ ਵਾਰ ਆਈ.ਸੀ.ਬੀ.ਐਮ. ਹੋਸਾਂਗ-14 ਦੇ
ਸਫ਼ਲ ਪ੍ਰੀਖਣ ਕੀਤੇ ਸਨ ਜਿਸ ਦੀ ਰੇਂਜ 'ਚ ਅਮਰੀਕਾ ਦੇ ਜ਼ਿਆਦਾਤਰ ਹਿੱਸੇ ਆਉਣ ਦੇ ਦਾਅਵੇ
ਕੀਤੇ ਗਏ ਸਨ। ਰੀਪੋਰਟ 'ਚ ਕਿਹਾ ਗਿਆ ਹੈ ਕਿ ਜਨਵਰੀ 2016 'ਚ ਅਪਣੇ ਚੌਥੇ ਪ੍ਰਮਾਣੂ
ਪ੍ਰੀਖਣ ਤੋਂ ਬਾਅਦ ਉੱਤਰ ਕੋਰੀਆ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਇਕ ਛੋਟਾ ਹਾਈਡ੍ਰੋਜਨ
ਬੰਬ ਬਣਾ ਲਿਆ ਹੈ, ਜੋ ਬਾਕੀ ਪ੍ਰਮਾਣੂ ਹਥਿਆਰਾਂ ਤੋਂ ਵੱਧ ਸ਼ਕਤੀਸ਼ਾਲੀ ਹੈ। ਵਿਗਿਆਨੀਆਂ
ਨੇ ਕਿਹਾ ਸੀ ਕਿ 6 ਕਿਲੋ ਟਨ ਦੇ ਇਸ ਬੰਬ ਦੀ ਸਮਰੱਥਾ ਇਕ ਥਰਮੋਨਿਊਕਲੀਅਰ ਯੰਤਰ ਦੇ
ਮੁਕਾਬਲੇ ਬਹੁਤ ਘੱਟ ਹੈ। ਇਸ ਤੋਂ ਬਾਅਦ ਜਦੋਂ ਸਤੰਬਰ 2016 'ਚ ਉੱਤਰ ਕੋਰੀਆ ਨੇ 5ਵਾਂ
ਪ੍ਰਮਾਣੂ ਪ੍ਰੀਖਣ ਕੀਤਾ ਸੀ ਤਾਂ ਉਸ ਸਮੇਂ ਨਹੀਂ ਦਸਿਆ ਸੀ ਕਿ ਉਹ ਇਕ ਹਾਈਡ੍ਰੋਜਨ ਬੰਬ
ਸੀ।
ਦੂਜੇ ਪਾਸੇ, ਚੀਨ ਦੇ ਭੂਚਾਲ ਪ੍ਰਸ਼ਾਸਨ ਵਿਭਾਗ ਨੇ ਕਿਹਾ ਕਿ ਐਤਵਾਰ ਨੂੰ ਉੱਤਰ
ਕੋਰੀਆ 'ਚ 6.3 ਤੀਬਰਤਾ ਦੇ ਭੂਚਾਲ ਦੇ ਝਟਕੇ ਆਉਣ ਦਾ ਪਤਾ ਲੱਗਾ ਹੈ ਜੋ ਸ਼ੱਕੀ ਧਮਾਕੇ
ਕਾਰਨ ਆਏ। ਵਿਭਾਗ ਨੇ ਅਪਣੀ ਵੈਬਸਾਈਟ 'ਤੇ ਜਾਰੀ ਇਕ ਬਿਆਨ 'ਚ ਇਹ ਦਾਅਵਾ ਕੀਤਾ।
ਜ਼ਿਕਰਯੋਗ ਹੈ ਕਿ ਉੱਤਰ ਕੋਰੀਆ ਸਾਲ 2006, 2009, 2013, 2015 ਅਤੇ 2016 'ਚ ਵੀ
ਪ੍ਰਮਾਣੂ ਬੰਬਾਂ ਦੇ ਪ੍ਰੀਖਣ ਕਰ ਚੁੱਕਾ ਹੈ। (ਪੀਟੀਆਈ)