
ਸ੍ਰੀਨਗਰ, 6 ਜਨਵਰੀ : ਉੱਤਰੀ ਕਸ਼ਮੀਰ ਦੇ ਸੋਪੋਰ ਕਸਬੇ ਵਿਚ ਅੱਜ ਅਤਿਵਾਦੀਆਂ ਦੁਆਰਾ ਲਾਏ ਗਏ ਬੰਬ ਦੇ ਫਟ ਜਾਣ ਨਾਲ ਗਸ਼ਤ ਕਰ ਰਹੇ ਚਾਰ ਪੁਲਿਸ ਮੁਲਾਜ਼ਮ ਮਾਰੇ ਗਏ। ਅਧਿਕਾਰੀਆਂ ਨੇ ਦਸਿਆ ਕਿ ਅਤਿਵਾਦੀਆਂ ਨੇ ਬਾਰਾਮੂਲਾ ਜ਼ਿਲ੍ਹੇ ਦੇ ਸੋਪੋਰ ਵਿਚ ਛੋਟੇ ਬਾਜ਼ਾਰ ਅਤੇ ਵੱਡੇ ਬਾਜ਼ਾਰ ਵਿਚਕਾਰ ਪੈਂਦੀ ਗਲੀ ਦੀ ਦੁਕਾਨ ਲਾਗੇ ਆਈਈਡੀ ਫ਼ਿਟ ਕੀਤਾ ਸੀ। ਪੁਲਿਸ ਮੁਲਾਜ਼ਮ ਵੱਖਵਾਦੀਆਂ ਦੀ ਹੜਤਾਲ ਨੂੰ ਵੇਖਦਿਆਂ ਇਲਾਕੇ ਵਿਚ ਗਸ਼ਤ ਕਰ ਰਹੇ ਸਨ। ਇਸ ਇਸ ਸਾਲ ਘਾਟੀ ਵਿਚ ਹੋਇਆ ਅਜਿਹਾ ਪਹਿਲਾ ਵੱਡਾ ਅਤਿਵਾਦੀ ਹਮਲਾ ਹੈ ਜਿਸ ਵਿਚ ਸੁਰੱਖਿਆ ਮੁਲਾਜ਼ਮ ਮਾਰੇ ਗਏ ਹਨ। ਇਸ ਤੋਂ ਪਹਿਲਾਂ ਬੀਤੀ 31 ਦਸੰਬਰ ਨੂੰ ਦਖਣੀ ਕਸ਼ਮੀਰ ਦੇ ਪੁਲਵਾਮਾ ਵਿਚ
ਸੀਆਰਪੀਐਫ਼ ਦੇ ਕੈਂਪ 'ਤੇ ਅਤਿਵਾਦੀਆਂ ਨੇ ਹਮਲਾ ਕਰ ਕੇ ਪੰਜ ਜਵਾਨਾਂ ਦੀ ਜਾਨ ਲੈ ਲਈ ਸੀ।ਆਈਜੀ ਕਸ਼ਮੀਰ ਮੁਨੀਰ ਖ਼ਾਨ ਨੇ ਦਸਿਆ ਕਿ ਸੋਪੋਰ ਵਿਚ ਅੱਜ ਸਵੇਰੇ ਆਈਈਡੀ ਧਮਾਕੇ ਵਿਚ ਚਾਰ ਪੁਲਿਸ ਮੁਲਾਜ਼ਮਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਤਿੰਨ ਦੀ ਪਛਾਣ ਡੋਡਾ ਦੇ ਏਐਸਆਈ ਇਰਸ਼ਾਦ ਅਹਿਮਦ, ਕੁਪਵਾੜਾ ਦੇ ਮੁਹੰਮਦ ਅਮੀਨ ਅਤੇ ਸੋਪੋਰ ਦੇ ਗ਼ੁਲਾਮ ਨਬੀ ਵਜੋਂ ਹੋਈ ਹੈ। ਦੋ ਜਣੇ ਗੰਭੀਰ ਜ਼ਖ਼ਮੀ ਹਨ। ਮੁਨੀਰ ਖ਼ਾਨ ਨੇ ਦਸਿਆ ਕਿ ਆਈਈਡੀ ਨੂੰ ਦੁਕਾਨ ਥੱਲੇ ਲਾਇਆ ਗਿਆ ਸੀ। ਧਮਾਕੇ ਵਿਚ ਤਿੰਨ ਦੁਕਾਨਾਂ ਬੁਰੀ ਤਰ੍ਹਾਂ ਤਬਾਹ ਹੋ ਗਈਆਂ। ਧਮਾਕੇ ਦੀ ਜ਼ਿੰਮੇਵਾਰੀ ਜੈਸ਼ ਏ ਮੁਹੰਮਦ ਨੇ ਲਈ ਹੈ। (ਏਜੰਸੀ)