
ਲਖਨਊ— ਉੱਤਰ ਪ੍ਰਦੇਸ਼ (ਯੂ. ਪੀ.) 'ਚ ਇਕ ਵਾਰ ਫਿਰ ਰੇਲ ਹਾਦਸਾ ਹੋਇਆ ਹੈ। ਗੋਆ ਤੋਂ ਪਟਨਾ ਆ ਰਹੀ ਵਾਸਕੋਡੀਗਾਮਾ-ਪਟਨਾ ਐਕਸਪ੍ਰੈਸ ਦੇ 13 ਡੱਬੇ ਪਟੜੀ ਤੋਂ ਉਤਰ ਗਏ ਹਨ। ਇਸ ਹਾਦਸੇ 'ਚ 3 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ ਅਤੇ ਘੱਟੋ-ਘੱਟ 13 ਲੋਕ ਜ਼ਖਮੀ ਹੋਏ ਦੱਸੇ ਜਾ ਰਹੇ ਹਨ। ਜਾਣਕਾਰੀ ਮੁਤਾਬਕ ਇਹ ਹਾਦਸਾ ਸ਼ੁੱਕਰਵਾਰ ਤੜਕੇ 4:18 ਵਜੇ ਹੋਇਆ ਹੈ। ਹਾਦਸੇ ਦੀ ਵਜ੍ਹਾ ਸਪੱਸ਼ਟ ਨਹੀਂ ਹੋ ਸਕੀ ਹੈ ਪਰ ਕਿਹਾ ਜਾ ਰਿਹਾ ਹੈ ਕਿ ਹਾਦਸਾ ਪਟੜੀ ਟੁੱਟਣ ਕਾਰਨ ਹੋਇਆ ਹੋ ਸਕਦਾ ਹੈ।
ਉੱਥੇ ਹੀ ਘਟਨਾ ਸਥਾਨ 'ਤੇ ਬਚਾਅ ਟੀਮ ਮੌਜੂਦ ਹੈ ਅਤੇ ਰੇਲਵੇ ਦੇ ਅਫਸਰ ਵੀ ਮੌਕੇ 'ਤੇ ਪਹੁੰਚ ਚੁੱਕੇ ਹਨ। ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ।
ਇਸ ਘਟਨਾ 'ਤੇ ਉੱਤਰ ਪ੍ਰਦੇਸ਼ ਦੇ ਏ. ਡੀ. ਜੀ. (ਲਾ ਐਂਡ ਆਰਡਰ) ਨੇ ਕਿਹਾ ਕਿ ਪਹਿਲੀ ਨਜ਼ਰ 'ਚ ਲੱਗ ਰਿਹਾ ਹੈ ਕਿ ਰੇਲ ਗੱਡੀ ਦੇ ਡੱਬੇ ਰੇਲਵੇ ਪਟੜੀ 'ਚ ਦਰਾੜ ਹੋਣ ਕਾਰਨ ਉਤਰੇ ਹਨ। ਇਸ ਹਦਸੇ 'ਚ ਸਲੀਪਰ ਡੱਬੇ ਨੂੰ ਸਭ ਤੋਂ ਵਧ ਨੁਕਸਾਨ ਪਹੁੰਚਿਆ ਹੈ। ਇਹ ਰੇਲ ਗੱਡੀ 7 ਡੱਬੇ ਲੈ ਕੇ ਪਟਨਾ ਲਈ ਰਵਾਨਾ ਹੋ ਚੁੱਕੀ ਹੈ।
ਉੱਤਰ-ਮੱਧ ਰੇਲਵੇ ਦੇ ਪੀ. ਆਰ. ਓ. ਅਮਿਤ ਮਾਲਵੀਆ ਨੇ ਦੱਸਿਆ ਕਿ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਅਤੇ ਅਧਿਕਾਰੀ ਮੌਕੇ ਲਈ ਨਿਕਲ ਚੁੱਕੇ ਹਨ। ਡੱਬਿਆਂ 'ਚ ਫਸੇ ਲੋਕਾਂ ਨੂੰ ਕੱਢਣ ਲਈ ਰਾਹਤ ਕਾਰਜ ਜਾਰੀ ਹੈ। ਉਨ੍ਹਾਂ ਨੇ ਕਿਹਾ ਕਿ ਹਾਦਸੇ ਦੇ ਤੁਰੰਤ ਬਾਅਦ ਇਕ ਮੈਡੀਕਲ ਟਰੇਨ ਨੂੰ ਰਵਾਨਾ ਕੀਤਾ ਗਿਆ ਜੋ 5:20 ਵਜੇ ਮੌਕੇ 'ਤੇ ਪਹੁੰਚ ਗਈ। ਇਸ ਦੇ ਇਲਾਵਾ, ਇਕ ਰਾਹਤ ਟਰੇਨ ਵੀ ਭੇਜੀ ਜਾ ਚੁੱਕੀ ਹੈ। ਇਲਾਹਾਬਾਦ ਖੇਤਰ ਦੇ ਡੀ. ਆਰ. ਐੱਮ. ਵੀ ਮੌਕੇ 'ਤੇ ਪਹੁੰਚ ਹੋਏ ਹਨ, ਜਦੋਂ ਕਿ ਉੱਤਰੀ-ਕੇਂਦਰੀ ਰੇਲਵੇ ਦੇ ਜਨਰਲ ਮੈਨੇਜਰ ਵੀ ਘਟਨਾ ਵਾਲੀ ਜਗ੍ਹਾ ਦਾ ਜਾਇਜ਼ਾ ਲੈਣ ਲਈ ਰਵਾਨਾ ਹੋ ਚੁੱਕੇ ਹਨ।