1 ਜੁਲਾਈ 2017 ਨੂੰ ਕੇਂਦਰ ਦੀ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੇ ਦੇਸ਼ ਲਈ ਨਵੀਂ ਟੈਕਸ ਪ੍ਰਣਾਲੀ ਲਾਗੂ ਕਰਦਿਆਂ ਜੀ.ਐਸ.ਟੀ. ਲਾਗੂ ਕੀਤਾ। ਸ਼ੁਰੂਆਤ ਤੋਂ ਹੀ ਕੇਂਦਰ ਸਰਕਾਰ 'ਤੇ ਇਹ ਇਲਜ਼ਾਮ ਲੱਗ ਰਹੇ ਸੀ ਕਿ ਸਰਕਾਰ ਨੇ ਜੀ.ਐਸ.ਟੀ. ਲਾਗੂ ਕਰਨ ਤੋਂ ਪਹਿਲਾਂ ਨਾ ਤਾਂ ਇਸਨੂੰ ਪੂਰੀ ਤਰਾਂ ਵਿਚਾਰਿਆ, ਨਾ ਹੀ ਤਕਨੀਕੀ ਪੱਖ ਧਿਆਨ ਵਿੱਚ ਰੱਖੇ ਅਤੇ ਨਾ ਹੀ ਇਸ ਲਈ ਪ੍ਰਸ਼ਾਸਨਿਕ ਕਾਰਵਾਈਆਂ ਅਮਲ ਵਿੱਚ ਲਿਆਂਦੀਆਂ।
ਨਤੀਜਾ, ਸਰਕਾਰ ਲਈ ਆਲੋਚਨਾ, ਦੇਸ਼ ਵਾਸੀਆਂ ਲਈ ਭਾਰੀ ਪਰੇਸ਼ਾਨੀ ਅਤੇ ਕਾਰੋਬਾਰ ਦਾ ਖ਼ਾਤਮਾ। ਸਰਕਾਰ ਤਾਂ ਬਿਆਨਬਾਜ਼ੀਆਂ ਰਾਹੀਂ ਆਪਣਾ ਪੱਲਾ ਝਾੜਦੀ ਰਹੀ ਪਰ ਆਮ ਲੋਕਾਂ ਅਤੇ ਵਪਾਰੀਆਂ ਦੀ ਅਜਿਹੀ ਹਾਲਤ ਖ਼ਰਾਬ ਹੋਈ ਕਿ ਹੁਣ ਤੱਕ ਸੰਭਲ ਨਹੀਂ ਪਾਈ। ਦੱਸਣਯੋਗ ਹੈ ਕਿ ਇਹੀ ਭਾਜਪਾ ਨੇ ਕਾਂਗਰਸ ਵਜ਼ਾਰਤ ਸਮੇਂ ਤਤਕਾਲੀਨ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੁਆਰਾ ਪ੍ਰਸਤਾਵਿਤ 12% ਉੱਚ ਡਰ ਜੀ.ਐਸ.ਟੀ. ਨੂੰ ਦੇਸ਼ ਵਿਰੋਧੀ ਦੱਸਿਆ ਸੀ ਅਤੇ ਖ਼ੁਦ 28% ਉੱਚ-ਦਰ ਵਾਲਾ ਜੀ.ਐਸ.ਟੀ. ਲਾਗੂ ਕੀਤਾ।
ਲੋਕਾਂ ਦਾ ਵਿਰੋਧ ਅਤੇ ਮਾਲੀਏ ਦੇ ਅੰਕੜਿਆਂ ਦੀ ਗਿਰਾਵਟ ਕਾਰਨ ਹਫੜਾ-ਦਫੜੀ ਵਿੱਚ ਸਰਕਾਰ ਇਸ ਵਿੱਚ ਫੇਰ-ਬਦਲ ਕਰਦੀ ਰਹੀ ਪਰ ਇਸ ਦਾ ਨਤੀਜਿਆਂ 'ਤੇ ਫਰਕ ਨਹੀਂ ਪਿਆ। ਕਾਰਨ ਹੈ ਜੀ.ਐਸ.ਟੀ. ਦੀਆਂ ਕੈਟੇਗਰੀਆਂ ਅਤੇ ਪ੍ਰਤੀਸ਼ਤ ਦੀ ਦਰ। ਇਸ ਜੀ.ਐਸ.ਟੀ. ਵਿੱਚ 5 ਕੈਟੇਗਰੀਆਂ ਹਨ 0%, 5%, 12%, 18%, 28% । ਦਰਅਸਲ ਜੀ.ਐਸ.ਟੀ. ਦੇ ਵੇਰਵੇ ਇਸ਼ਾਰਾ ਕਰਦੇ ਹਨ ਕਿ ਇਸਦੀ ਰੂਪਰੇਖਾ ਆਰਥਿਕ ਮਾਹਿਰਾਂ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੁਆਰਾ ਬਣਾਏ ਜਾਣ ਦੀ ਬਜਾਇ ਕਿਸੇ ਧੜੇ ਦੀ ਨਿਜੀ ਸੋਚ ਨਾਲ ਤਿਆਰ ਕੀਤੀ ਗਈ ਹੈ।
ਜਰਾ ਦੇਖੋ ਕਿ ਸੋਨੇ ਦਾ ਬਿਸਕੁਟ ਜਿਹੜਾ ਇੱਕ ਰੱਜਿਆ ਪੁੱਜਿਆ ਬੰਦਾ ਖਰੀਦੇਗਾ ਉਸ 'ਤੇ ਜੀ.ਐਸ.ਟੀ. 3% ਰੱਖਿਆ ਗਿਆ ਸੀ ਅਤੇ ਖਾਣ ਵਾਲਾ ਬਿਸਕੁਟ ਜਿਹੜਾ ਆਮ ਇਨਸਾਨ ਦੀ ਵਰਤੋਂ ਵਾਲੀ ਚੀਜ਼ ਹੈ ਉਸ 'ਤੇ 18% ।
ਅਣਕੱਟੇ ਹੀਰਿਆਂ 'ਤੇ 0.25% ਜੀ.ਐਸ.ਟੀ. ਅਤੇ ਐਨਕਾਂ 'ਤੇ 12% । ਹੀਰੇ ਖਰੀਦਣ ਵਾਲੇ ਅਮੀਰਾਂ ਲਈ ਘੱਟ ਦਰ ਅਤੇ ਹਰ ਆਮ ਇਨਸਾਨ ਦੀਆਂ ਐਨਕਾਂ 'ਤੇ ਵੱਧ ! 0.25% ਦੀ ਕੈਟੇਗਰੀ ਦੀ ਜਾਣਕਾਰੀ ਵਿੱਚ ਸਿਰਫ ਹੀਰਿਆਂ ਦੀ ਹੀ ਜਾਣਕਾਰੀ ਪ੍ਰਾਪਤ ਹੋਈ ਹੈ।
ਪੀਜ਼ਾ ਬਰੈਡ 'ਤੇ 5% ਅਤੇ ਰਸੋਈ ਗੈਸ ਦੇ ਲਾਈਟਰ 'ਤੇ 18% ਜੀ.ਐਸ.ਟੀ. । ਮਤਲਬ ਅਮੀਰ ਲੋਕਾਂ ਨੂੰ ਪੀਜ਼ਾ ਖਾਣਾ ਨਾ ਮਹਿੰਗਾ ਪਵੇ ਪਰ ਹਰ ਘਰ ਦੀ ਜ਼ੁਰੂਰਤ ਲਾਈਟਰ ਮਹਿੰਗਾ ਕਰਨਾ ਸਹੀ ਹੈ।
ਮਨੁੱਖੀ ਵਾਲਾਂ ਨੂੰ ਜੀ.ਐਸ.ਟੀ. ਤੋਂ ਬਾਹਰ ਰੱਖਿਆ ਗਿਆ ਹੈ ਜਦਕਿ ਦਵਾਈਆਂ 'ਤੇ 12% ਜੀ.ਐਸ.ਟੀ. ਲਗਾਇਆ ਗਿਆ ਹੈ। ਮਤਲਬ ਕਿ ਮੰਦਿਰਾਂ 'ਚ ਚੱਲਦਾ ਵਾਲਾਂ ਦਾ ਵਪਾਰ ਸਰਕਾਰੀ ਦੇਖ ਰੇਖ ਹੇਠ ਵਧੇ ਫੁੱਲੇ ਪਰ ਆਮ ਇਨਸਾਨ ਦੇ ਹੱਥ 'ਚੋਂ ਬਾਹਰ ਹੋਈ ਸਿਹਤ ਸੰਭਾਲ ਹੋਰ ਦੂਰ ਹੋ ਸਕੇ।
ਇਵੇਂ ਹੀ ਹਵਨ ਸਮੱਗਰੀ 'ਤੇ 5% ਜੀ.ਐਸ.ਟੀ. ਅਤੇ ਪੋਸਟਰ ਕਲਰ ਅਤੇ ਐਲੂਮੀਨੀਅਮ ਫੋਇਲ 'ਤੇ 18% ਜੀ.ਐਸ.ਟੀ.।ਭਾਵ ਆਮ ਲੋਕਾਂ ਦੀਆਂ ਵਸਤੂਆਂ ਮੁੜ ਧਾਰਮਿਕ ਕੱਟੜਵਾਦ ਦੀ ਭੇਟ ਚੜ੍ਹਾ ਦਿੱਤੀਆਂ ਗਈਆਂ ?
ਇੱਕ ਨਿਜੀ ਹਵਾਈ ਜਹਾਜ਼ ਖਰੀਦਣ ਵਾਲਾ ਰਜਵਾੜਾ ਅਤੇ ਕਿਸ਼ਤਾਂ ਵਿੱਚ ਮੋਟਰਸਾਈਕਲ ਖਰੀਦਣ ਵਾਲਾ ਇੱਕ ਬਰਾਬਰ ਮੰਨਿਆ ਗਿਆ ਹੈ। ਦੋਵਾਂ 'ਤੇ ਜੀ.ਐਸ.ਟੀ. 28% ਰੱਖਣਾ ਇਸ ਗੱਲ ਦਾ ਸਬੂਤ ਹੈ।
ਇਹ ਬਹੁਤ ਥੋੜ੍ਹੇ ਜਿਹੇ ਤੱਥ ਹਨ ਜਿਹੜੇ ਸਾਡੇ ਸਭ ਨਾਲ ਜੁੜੇ ਹੋਏ ਹਨ ਅਤੇ ਆਸਾਨੀ ਨਾਲ ਸਮਝ ਆਉਣ ਵਾਲੇ ਹਨ। ਅਸੀਂ ਕੋਈ ਅਰਥ ਸ਼ਾਸਤਰੀ ਨਹੀਂ ਹਾਂ ਪਰ ਗੱਲ ਇਹ ਹੈ ਕਿ ਜਿਹੜੀਆਂ ਕਮੀਆਂ ਸਾਨੂੰ ਨਜ਼ਰ ਆ ਰਹੀਆਂ ਹਨ ਇਹਨਾਂ ਵੱਲ੍ਹ ਸਰਕਾਰ ਵੀ ਦੇਖ ਸਕਦੀ ਸੀ।
end-of