
ਚੰਡੀਗੜ੍ਹ, 8
ਸਤੰਬਰ (ਜੈ ਸਿੰਘ ਛਿੱਬਰ) : ਗੁਰਦਾਸਪੁਰ ਲੋਕ ਸਭਾ ਜ਼ਿਮਨੀ ਚੋਣ ਦੇ ਮੱਦੇਨਜ਼ਰ ਕਾਂਗਰਸ
ਪ੍ਰਧਾਨ ਸੁਨੀਲ ਜਾਖੜ ਦੀ ਪ੍ਰਧਾਨਗੀ ਹੇਠ ਲੋਕ ਸਭਾ ਹਲਕਾ ਗੁਰਦਾਸਪੁਰ 'ਚ ਪੈਂਦੇ 9
ਵਿਧਾਨ ਸਭਾ ਹਲਕਿਆਂ ਵਿਚੋਂ ਸੱਤ ਕਾਂਗਰਸੀ ਵਿਧਾਇਕਾਂ ਤੇ ਹੋਰਨਾਂ ਆਗੂਆਂ ਦੀ ਮੀਟਿੰਗ
ਹੋਈ। ਹਾਲਾਂਕਿ ਚੋਣ ਕਮਿਸ਼ਨ ਵਲੋਂ ਰਸਮੀ ਤੌਰ 'ਤੇ ਜ਼ਿਮਨੀ ਚੋਣ ਕਰਵਾਉਣ ਬਾਰੇ
ਨੋਟੀਫ਼ੀਕੇਸ਼ਨ ਜਾਂ ਘੋਸ਼ਣਾ ਤਕ ਨਹੀਂ ਕੀਤੀ ਗਈ, ਪਰ ਹਲਕੇ ਦੇ ਜ਼ਿਆਦਾਤਰ ਕਾਂਗਰਸੀ
ਵਿਧਾਇਕਾਂ ਵਲੋਂ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਉਮੀਦਵਾਰ ਬਣਾਏ ਜਾਣ 'ਤੇ ਜ਼ੋਰ ਦਿਤਾ
ਜਾ ਰਿਹਾ ਹੈ।
ਵਿਧਾਇਕ ਸੁਖਜਿੰਦਰ ਸਿੰਘ ਰੰਧਾਵਾ ਅਤੇ ਪਰਮਿੰਦਰ ਸਿੰਘ ਪਿੰਕੀ ਦਾ
ਕਹਿਣਾ ਹੈ ਕਿ ਜਾਖੜ ਸਰਵ ਪ੍ਰਮਾਣਤ ਅਤੇ ਪਾਰਟੀ ਦਾ ਸਾਫ਼ ਸੁਥਰਾ ਚੇਹਰਾ ਹਨ। ਜਦਕਿ ਜਾਖੜ
ਨੇ ਚੋਣ ਲੜਨ ਜਾਂ ਨਾ ਲੜਨ ਬਾਰੇ ਸਾਰਾ ਫ਼ੈਸਲਾ ਕਾਂਗਰਸ ਹਾਈਕਮਾਨ 'ਤੇ ਛੱਡ ਦਿਤਾ ਹੈ।
ਉਨ੍ਹਾਂ ਕਿਹਾ ਕਿ ਕਾਂਗਰਸ ਕੋਲ ਕਈ ਉਮੀਦਵਾਰ ਹਨ। ਜਿਨ੍ਹਾਂ ਵਿਚ ਅਸ਼ਵਨੀ ਸੇਖੜੀ, ਚਰਨਜੀਤ
ਕੌਰ ਬਾਜਵਾ ਜਾਂ ਹੋਰ ਵੀ ਹਨ। ਪਰ ਚਰਨਜੀਤ ਕੌਰ ਬਾਜਵਾ ਨੂੰ ਉਮੀਦਵਾਰ ਬਣਾਉਣ 'ਤੇ
ਸੁਖਜਿੰਦਰ ਸਿੰਘ ਰੰਧਾਵਾ, ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਵਲੋਂ
ਖੁੱਲ੍ਹੇਆਮ ਵਿਰੋਧ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ ਕਾਂਗਰਸ ਪਾਰਟੀ ਹਰ ਹਾਲਤ 'ਚ ਚੋਣ
ਜਿੱਤਣ ਲਈ ਕਿਸੇ ਅਜਿਹੇ ਆਗੂ ਨੂੰ ਉਮੀਦਵਾਰ ਬਣਾਏਗੀ ਜੋ ਸਰਬ ਪ੍ਰਮਾਣਤ ਹੋਵੇ।
ਕਾਂਗਰਸ
ਲੋਕ ਸਭਾ ਜ਼ਿਮਨੀ ਚੋਣ ਨੂੰ 2019 ਦੀਆਂ ਲੋਕ ਸਭਾ ਚੋਣਾਂ ਨੂੰ ਧਿਆਨ 'ਚ ਰੱਖ ਕੇ ਲੜੇਗੀ
ਕਿਉਂਕਿ ਇਹ ਸੁਨੇਹਾ ਪੰਜਾਬ ਦੇ ਨਾਲ ਨਾਲ ਬਾਕੀ ਸੂਬਿਆਂ ਨੂੰ ਵੀ ਜਾਣਾ ਹੈ।
ਸੰਭਾਵਨਾ
ਇਹ ਵੀ ਪ੍ਰਗਟ ਕੀਤੀ ਜਾ ਰਹੀ ਹੈ ਕਿ ਹਿਮਾਚਲ ਪ੍ਰਦੇਸ਼ ਦੀਆਂ ਵਿਧਾਨ ਸਭਾ ਚੋਣਾਂ ਜੋ ਇਸੇ
ਸਾਲ ਹੋਣੀਆਂ ਹਨ, ਦੇ ਨਾਲ ਵੀ ਕਰਵਾਈ ਜਾ ਸਕਦੀ ਹੈ। ਜਾਖੜ ਨੇ ਕਿਹਾ ਕਿ ਉਮੀਦਵਾਰ ਦਾ
ਫ਼ੈਸਲਾ ਪਾਰਟੀ ਹਾਈਕਮਾਨ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਲਿਆ ਜਾਵੇਗਾ।
ਕੈਪਟਨ ਅਮਰਿੰਦਰ ਸਿੰਘ ਇੰਗਲੈਂਡ ਵਿਦੇਸ਼ ਦੌਰੇ 'ਤੇ ਗਏ ਹਨ ਅਤੇ ਉਨ੍ਹਾਂ ਨੇ 13 ਸਤੰਬਰ
ਤੋਂ ਬਾਅਦ ਪਰਤਣ ਦੀ ਸੰਭਾਵਨਾ ਹੈ।
ਇਸ ਤਰ੍ਹਾਂ ਕੈਪਟਨ ਅਮਰਿੰਦਰ ਸਿੰਘ ਦੇ ਆਉਣ ਤੋਂ
ਬਾਅਦ ਹੀ ਉਮੀਦਵਾਰ ਬਾਰੇ ਫ਼ੈਸਲਾ ਲਿਆ ਜਾ ਸਕੇਗਾ। ਉਧਰ ਸੂਤਰਾਂ ਦਾ ਕਹਿਣਾ ਹੈ ਕਿ
ਪੰਜਾਬ ਭਵਨ ਵਿਖੇ ਹੋਈ ਮੀਟਿੰਗ ਵਿਚ ਜ਼ਿਆਦਾਤਰ ਆਗੂਆਂ ਨੇ ਸਰਬ ਪ੍ਰਮਾਣਤ ਆਗੂ ਨੂੰ
ਉਮੀਦਵਾਰ ਬਣਾਉਣ ਦੀ ਗੱਲ ਆਖੀ। ਇਸੇ ਤਰ੍ਹਾਂ ਚੋਣ ਜਿੱਤਣ ਲਈ ਵਿਧਾਇਕਾਂ, ਮੰਤਰੀਆਂ ਅਤੇ
ਕਾਂਗਰਸੀ ਆਗੂਆਂ ਦੀਆਂ
ਡਿਊਟੀਆਂ ਲਗਾਉਣ ਬਾਰੇ ਵੀ ਵਿਚਾਰ ਚਰਚਾ ਕੀਤੀ ਗਈ।
ਮੀਟਿੰਗ ਵਿਚ ਗੁਰਦਾਸਪੁਰ ਹਲਕੇ ਦੇ ਲੋਕਾਂ ਦੀਆਂ ਮੁੱਖ ਸਮੱਸਿਆਵਾਂ ਤੇ ਚਰਚਾ ਕਰਦਿਆਂ ਇਨ੍ਹਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਵੀ ਚਰਚਾ ਕੀਤੀ ਗਈ।
ਵਰਨਣਯੋਗ
ਹੈ ਕਿ ਲੋਕ ਸਭਾ ਹਲਕਾ ਗੁਰਦਾਸਪੁਰ 'ਚ ਪੈਂਦੇ 9 ਵਿਧਾਨ ਸਭਾ ਹਲਕਿਆਂ ਵਿਚੋਂ 7 ਹਲਕਿਆਂ
ਤੋਂ ਕਾਂਗਰਸੀ ਵਿਧਾਇਕ ਹਨ। ਜਦਕਿ ਇਕ ਹਲਕੇ ਤੋਂ ਭਾਜਪਾ ਅਤੇ ਇਕ ਤੋਂ ਅਕਾਲੀ ਦਲ ਨੇ
ਵਿਧਾਨ ਸਭਾ ਚੋਣ ਜਿੱਤੀ ਸੀ ਜਿਸ ਕਰ ਕੇ ਕਾਂਗਰਸੀ ਆਗੂ ਲੋਕ ਸਭਾ ਚੋਣ ਜਿੱਤਣ ਦੀ ਪੂਰੀ
ਸੰਭਾਵਨਾ ਲਗਾ ਰਹੇ ਹਨ। ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਤੇ ਫ਼ਿਲਮੀ ਸਿਤਾਰੇ ਵਿਨੋਦ
ਖੰਨਾ ਦੀ ਮੌਤ ਤੋਂ ਬਾਅਦ ਇਹ ਸੀਟ ਖ਼ਾਲੀ ਘੋਸ਼ਿਤ ਕੀਤੀ ਗਈ ਸੀ।