
ਚੰਡੀਗੜ੍ਹ, 20 ਸਤੰਬਰ (ਨੀਲ
ਭਲਿੰਦਰ ਸਿੰਘ) : ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਗੁਰੁਦਾਸਪੁਰ ਲੋਕ ਸਭਾ ਸੀਟ ਲਈ
11 ਅਕਤੂਬਰ ਨੂੰ ਹੋਣ ਵਾਲੀ ਜ਼ਿਮਨੀ ਚੋਣ ਵਿਚ ਪਾਰਟੀ ਦੇ ਉਮੀਦਵਾਰ ਹੋਣਗੇ ਹਾਲਾਂਕਿ ਇਸ
ਦਾ ਰਸਮੀ ਐਲਾਨ ਅੱਜ ਬਾਅਦ ਦੁਪਹਿਰ ਹੋਇਆ ਹੈ ਪਰ ਪਾਰਟੀ ਸੂਤਰਾਂ ਦੀ ਮੰਨੀਏ ਤਾਂ
ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਮੰਗਲਵਾਰ ਰਾਤ ਨੂੰ ਹੀ ਜਾਖੜ ਦੀ ਉਮੀਦਵਾਰੀ 'ਤੇ
ਮੋਹਰ ਲਾ ਦਿਤੀ ਸੀ।
ਕਾਂਗਰਸ ਪੰਜਾਬ ਮਾਮਲਿਆਂ ਬਾਰੇ ਇੰਚਾਰਜ ਆਸ਼ਾ ਕੁਮਾਰੀ, ਮੁੱਖ
ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨੇ ਮੰਗਲਵਾਰ ਨੂੰ ਸੋਨੀਆ ਗਾਂਧੀ ਨਾਲ
ਮੁਲਾਕਾਤ ਕੀਤੀ ਸੀ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਜਾਖੜ ਦੀ
ਉਮੀਦਵਾਰੀ ਦੀ ਸਿਫ਼ਾਰਸ਼ ਕੀਤੀ ਸੀ। ਇਸ ਤੋਂ ਪਹਿਲਾਂ ਸੂਬਾਈ ਕਾਂਗਰਸ ਦੇ ਸਾਬਕਾ ਪ੍ਰਧਾਨ
ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਸੋਨੀਆ ਗਾਂਧੀ ਨੂੰ ਮਿਲੇ ਸਨ ਅਤੇ ਉਹ
ਅਪਣੀ ਪਤਨੀ ਨੂੰ ਉਮੀਦਵਾਰ ਬਣਾਉਣ ਲਈ ਜ਼ੋਰ ਪਾ ਰਹੇ ਸਨ।
ਆਮ ਆਦਮੀ ਪਾਰਟੀ ਪਹਿਲਾਂ
ਹੀ ਇਸ ਸੀਟ 'ਤੇ ਸੇਵਾਮੁਕਤ ਮੇਜਰ ਜਨਰਲ ਸੁਰੇਸ਼ ਖਜੂਰੀਆ ਨੂੰ ਅਪਣਾ ਉਮੀਦਵਾਰ ਐਲਾਨ ਚੁਕੀ
ਹੈ। ਭਾਜਪਾ ਨੇ ਹੁਣ ਤਕ ਅਪਣੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ। ਗੁਰਦਾਸਪੁਰ ਲੋਕ ਸਭਾ
ਜ਼ਿਮਨੀ ਚੋਣ ਲਈ 11 ਅਕਤੂਬਰ ਨੂੰ ਮਤਦਾਨ ਹੋਵੇਗਾ ਅਤੇ ਵੋਟਾਂ ਦੀ ਗਿਣਤੀ 15 ਅਕਤੂਬਰ ਨੂੰ
ਹੋਵੇਗੀ। ਅੱਜ ਐਲਾਨੇ ਕਾਂਗਰਸੀ ਉਮੀਦਵਾਰ ਜਾਖੜ 22 ਸਤੰਬਰ ਨੂੰ ਨਾਮਜ਼ਦਗੀ ਪੱਤਰ ਦਾਖ਼ਲ
ਕਰਨਗੇ ਜਦਕਿ ਖਜੂਰੀਆ 21 ਸਤੰਬਰ ਨੂੰ ਕਾਗ਼ਜ਼ ਦਾਖ਼ਲ ਕਰਨਗੇ।