
ਪਟਿਆਲਾ 24 ਜੁਲਾਈ (ਰਣਜੀਤ ਰਾਣਾ ਰੱਖੜਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਅਸਹਿ ਸਦਮਾ ਲੱਗਾ ਜਦ ਉਨ੍ਹਾਂ ਦੇ ਮਾਤਾ ਮੋਹਿੰਦਰ ਕੌਰ ਦਾ ਸੰਖੇਪ ਬੀਮਾਰੀ ਪਿਛੋਂ ਦੇਹਾਂਤ ਹੋ ਗਿਆ।
ਪਟਿਆਲਾ 24 ਜੁਲਾਈ (ਰਣਜੀਤ ਰਾਣਾ ਰੱਖੜਾ) : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅੱਜ ਅਸਹਿ ਸਦਮਾ ਲੱਗਾ ਜਦ ਉਨ੍ਹਾਂ ਦੇ ਮਾਤਾ ਮੋਹਿੰਦਰ ਕੌਰ ਦਾ ਸੰਖੇਪ ਬੀਮਾਰੀ ਪਿਛੋਂ ਦੇਹਾਂਤ ਹੋ ਗਿਆ। ਕਾਂਗਰਸ ਦੀ ਪ੍ਰਧਾਨ ਸੋਨੀਆ ਗਾਂਧੀ, ਮੀਤ ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ, ਸਪੀਕਰ ਰਾਣਾ ਕੇਪੀ ਸਿੰਘ, ਡਿਪਟੀ ਸਪੀਕਰ ਅਜਾਇਬ ਸਿੰਘ ਭੱਟੀ, ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਹੋਰ ਪ੍ਰਮੁਖ ਸ਼ਖ਼ਸੀਅਤਾਂ ਨੇ ਰਾਜ ਮਾਤਾ ਦੇ ਦੇਹਾਂਤ 'ਤੇ ਦੁਖ ਦਾ ਪ੍ਰਗਟਾਵਾ ਕੀਤਾ ਹੈ। ਰਾਜ ਤੇ ਲੋਕ ਸਭਾ ਮੈਂਬਰ ਰਹਿ ਚੁੱਕੇ ਰਾਜ ਮਾਤਾ ਮੋਹਿੰਦਰ ਕੌਰ 96 ਸਾਲਾਂ ਦੇ ਸਨ ਅਤੇ ਪਿਛਲੇ ਕੁੱਝ ਸਮੇਂ ਤੋਂ ਉਨ੍ਹਾਂ ਦੀ ਸਿਹਤ ਠੀਕ ਨਹੀਂ ਸੀ।
ਰਾਜ ਮਾਤਾ ਦੀ ਸੰਭਾਲ ਕੇਂਦਰੀ ਮੰਤਰੀ ਪ੍ਰਨੀਤ ਕੌਰ ਤੇ ਛੋਟੇ ਸਪੁੱਤਰ ਰਾਜਾ ਮਾਲਵਿੰਦਰ ਸਿੰਘ ਕਰ ਰਹੇ ਸਨ। ਰਾਜ ਮਾਤਾ ਮੋਹਿੰਦਰ ਕੌਰ ਦੀ ਅੰਤਮ ਯਾਤਰਾ ਸ਼ਹਿਰ ਦੇ ਵੱਖ ਵੱਖ ਇਲਾਕਿਆਂ ਵਿਚੋਂ ਲੰਘੇਗੀ ਅਤੇ ਸ਼ਾਹੀ ਸਮਾਧਾਂ ਵਿਖੇ ਅੰਤਮ ਸਸਕਾਰ ਕੀਤਾ ਜਾਵੇਗਾ।
ਰਾਜ ਮਾਤਾ ਵਜੋਂ ਜਾਣੇ ਜਾਂਦੇ ਸ੍ਰੀਮਤੀ ਮੋਹਿੰਦਰ ਕੌਰ ਪਿਛਲੇ ਸਮੇਂ ਦੌਰਾਨ ਦੇ 94ਵੇਂ ਜਨਮ ਦਿਨ ਮੌਕੇ ਇਥੇ ਉਨ੍ਹਾਂ ਦੀ ਰਿਹਾਇਸ਼ ਮੋਤੀ ਮਹਿਲ ਵਿਖੇ ਅਰਦਾਸ ਕਰਕੇ ਗੁਰੂ ਗੰ੍ਰਥ ਸਾਹਿਬ ਜੀ ਦਾ ਸ਼ੁਕਰਾਨਾ ਕੀਤਾ ਗਿਆ। ਉਨ੍ਹਾਂ ਦੀ ਰਿਹਾਇਸ਼ ਦੇ ਉਪਰਲੇ ਪਾਸੇ ਜਿਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਹੋਇਆ ਸੀ, ਉਥੇ ਸ਼ਾਹੀ ਖ਼ਾਨਦਾਨ ਨੂੰ ਗੁਰੂ ਹਰਗੋਬਿੰਦ ਸਾਹਿਬ ਅਤੇ ਸ੍ਰੀ ਗੁਰੂ ਹਰ ਰਾਇ ਸਾਹਿਬ ਵਲੋਂ ਬਖ਼ਸ਼ਿਸ ਵਜੋਂ ਮਿਲੇ ਹੋਏ ਸ਼ਸ਼ਤਰ ਅਤੇ ਦੋ ਨਿਸ਼ਾਨ ਸਾਹਿਬ ਵੀ ਸੁਸ਼ੋਭਿਤ ਹਨ, ਇਸੇ ਥਾਂ 'ਤੇ ਸਮੁੱਚਾ ਪਰਵਾਰ ਗੁਰੂ ਗ੍ਰੰਥ ਸਾਹਿਬ ਮੂਹਰੇ ਨਤਮਸਤਕ ਹੋਇਆ ਸੀ, ਜਿਥੇ ਰਾਜ ਮਾਤਾ ਦੀ ਸਿਹਤਯਾਬੀ ਲਈ ਅਰਦਾਸ ਕੀਤੀ ਗਈ ਸੀ।
ਮਹਾਰਾਜਾ ਯਾਦਵਿੰਦਰ ਸਿੰਘ ਦੀ ਧਰਮ ਪਤਨੀ ਮਹਾਰਾਣੀ ਮੋਹਿੰਦਰ ਕੌਰ ਦੇ ਪਰਵਾਰ ਵਿਚ ਦੋ ਸਪੁੱਤਰੀਆਂ ਬੀਬਾ ਹੇਮਇੰਦਰ ਕੌਰ ਅਤੇ ਬੀਬਾ ਰੁਪਿੰਦਰ ਕੌਰ ਅਤੇ ਸਪੁੱਤਰ ਕੈ.ਅਮਰਿੰਦਰ ਸਿੰਘ ਅਤੇ ਰਾਜਾ ਮਾਲਵਿੰਦਰ ਸਿੰਘ ਤੋਂ ਇਲਾਵਾ ਰਾਜਮਾਤਾ ਮੋਹਿੰਦਰ ਕੌਰ ਦੇ ਭਰਾ ਇੰਦਰਜੀਤ ਸਿੰਘ ਜੇਜੀ, ਛੋਟੀ ਭੈਣ ਕਮਲਜੀਤ ਕੌਰ ਗਿੱਲ, ਕੈਪਟਨ ਅਮਰਜੀਤ ਸਿੰਘ ਜੇਜੀ ਸ਼ਾਮਲ ਹਨ।
ਦਸਣਯੋਗ ਹੈ ਕਿ 14 ਸਤੰਬਰ 1922 ਨੂੰ ਸ. ਹਰਚੰਦ ਸਿੰਘ ਜੇਜੀ ਦੇ ਘਰ ਜਨਮੇ ਮੋਹਿੰਦਰ ਕੌਰ ਦਾ ਵਿਆਹ ਅਗੱਸਤ 1938 ਨੂੰ ਪਟਿਆਲਾ ਦੇ ਮਹਾਰਾਜਾ ਯਾਦਵਿੰਦਰ ਸਿੰਘ ਨਾਲ ਹੋਇਆ ਸੀ। ਉਹ 1964 ਤੋਂ 67 ਤਕ ਅਤੇ 1978 ਤੋਂ 1984 ਤਕ ਦੋ ਵਾਰ ਰਾਜ ਸਭਾ ਮੈਂਬਰ ਰਹੇ ਤੇ ਇਕ ਵਾਰ 1967 ਤੋਂ 1971 ਤੱਕ ਪਟਿਆਲਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਰਹੇ ਰਾਜਮਾਤਾ ਮੋਹਿੰਦਰ ਕੌਰ ਨੇ ਰਾਜਨੀਤੀ ਦੇ ਨਾਲ-ਨਾਲ ਸਮਾਜ ਸੇਵਾ 'ਚ ਵੀ ਬਹੁਤ ਵੱਡਾ ਯੋਗਦਾਨ ਪਾਇਆ ਹੈ। 1947 ਦੀ ਦੇਸ਼ ਵੰਡ ਸਮੇਂ ਪਾਕਿਸਤਾਨ ਤੋਂ ਰੀਫ਼ਿਊਜੀਆਂ ਦੇ ਪਟਿਆਲਾ ਪੁੱਜਣ 'ਤੇ ਉਨ੍ਹਾਂ ਵਿਸ਼ੇਸ਼ ਤੌਰ 'ਤੇ ਇਨ੍ਹਾਂ ਲੋਕਾਂ ਦੀ ਸੇਵਾ ਕੀਤੀ ਸੀ।
ਰਾਜ ਮਾਤਾ ਦੀ ਆਤਮਿਕ ਸ਼ਾਂਤੀ ਲਈ ਸਵੇਰੇ 6 ਵਜ਼ੇ ਤੋਂ ਗੁਰਬਾਣੀ ਕੀਰਤਨ ਹੋਵੇਗਾ ਆਰੰਭ
ਰਾਜ ਮਾਤਾ ਮੋਹਿੰਦਰ ਕੌਰ ਜੀ ਦੀ ਆਤਮਿਕ ਸ਼ਾਂਤੀ ਲਈ ਅੱਜ ਸਵੇਰੇ 6 ਵਜੇ ਤੋਂ ਮੋਤੀ ਮਹਿਲ ਵਿਖੇ ਗੁਰਬਾਣੀ ਕੀਰਤਨ ਆਰੰਭ ਕੀਤਾ ਜਾਵੇਗਾ। ਇਸ ਉਪਰੰਤ ਦੁਪਹਿਰ ਬਾਅਦ ਸ਼ਹਿਰ ਦੇ ਵੱਖ ਵੱਖ ਥਾਵਾਂ ਤੋਂ ਹੁੰਦੇ ਹੋਏ ਅੰਤਮ ਯਾਤਰਾ ਸ਼ਾਹੀ ਸਮਾਧਾਂ ਵਿਖੇ ਜਾ ਕੇ ਸੰਪਨ ਹੋਵੇਗੀ। ਦੁਪਹਿਰ ਬਾਅਦ ਰਾਜ ਮਾਤਾ ਦਾ ਸੰਸਕਾਰ ਕੀਤਾ ਜਾਵੇਗਾ।
ਮੋਤੀ ਮਹਿਲ ਹੋਇਆ ਪੁਲਿਸ ਛਾਉਣੀ 'ਚ ਤਬਦੀਲ
ਮਾਤਾ ਮੋਹਿੰਦਰ ਕੌਰ ਦੇ ਦਿਹਾਂਤ ਦੀ ਖ਼ਬਰ ਮਿਲਦਿਆਂ ਹੀ ਪੁਲਿਸ ਦੇ ਆਲਾ ਅਫ਼ਸਰਾਂ ਦੀਆਂ ਡਿਊਟੀਆਂ ਲਗਾ ਦਿਤੀਆਂ ਗਈਆਂ ਹਨ ਅਤੇ ਮੋਤੀ ਮਹਿਲ ਸ਼ਾਮ ਤੋਂ ਹੀ ਪੁਲਿਸ ਛਾਉਣੀ ਵਿਚ ਤਬਦੀਲ ਕਰ ਦਿਤਾ ਗਿਆ ਹੈ, ਜਿਥੇ ਉੱਚ ਅਧਿਕਾਰੀ ਅਪਣੀ ਡਿਊਟੀ 'ਤੇ ਤਾਇਨਾਤ ਰਹਿਣਗੇ, ਉਥੇ ਹੀ ਵੱਖ ਵੱਖ ਪੁਲਿਸ ਅਧਿਕਾਰੀਆਂ ਦਾ ਸਸਕਾਰ ਵਾਲੀ ਜਗ੍ਹਾ ਸ਼ਾਹੀ ਸਮਾਧਾਂ ਦਾ ਜਾਇਜ਼ਾ ਵੀ ਲਿਆ ਗਿਆ।