
ਟਵੀਟ ਕਰਕੇ ਕਿਹਾ, ‘ਕੀ ਉਮੀਦ ‘ਤੇ ਖਰੀ ਉਤਰੇਗੀ ਸਰਕਾਰ?’
ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਣ ਵੱਲੋਂ ਕੁਝ ਹੀ ਦੇਰ ‘ਚ ਕੇਂਦਰੀ ਬਜਟ 2021-22 ਪੇਸ਼ ਕੀਤਾ ਜਾਵੇਗਾ। ਇਸ ਤੋਂ ਪਹਿਲਾਂ ਕਾਂਗਰਸ ਨੇ ਟਵੀਟ ਜ਼ਰੀਏ ਕੇਂਦਰੀ ਵਿੱਤ ਮੰਤਰੀ ਨੂੰ ਚੁਣੌਤੀਆਂ ਗਿਣਾਈਆਂ ਹਨ।
FM Nirmala Sitharaman to present budget today
ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸਿੰਘ ਸੁਰਜੇਵਾਲਾ ਨੇ ਟਵੀਟ ਕੀਤਾ, "ਕੀ ‘ਜ਼ਿਆਦਾ ਨਾਅਰੇਬਾਜ਼ੀ, ਘੱਟ ਕੰਮ' ਵਾਲੀ ਸਰਕਾਰ ਬਜਟ 'ਤੇ ਭਾਰਤ ਦੀਆਂ ਉਮੀਦਾਂ' ਤੇ ਖਰਾ ਉਤਰ ਸਕੇਗੀ?" ਉਹਨਾਂ ਨੇ ਅੱਗੇ ਟਿੱਪਣੀ ਕਰਦਿਆਂ ਕਿਹਾ, "ਵਿੱਤ ਮੰਤਰੀ ਲਈ ‘ਸੋਚ ਅਤੇ ਅਮਲ ਦੀ ਗਤੀਹੀਣਤਾ' ਤੋਂ ਬਾਹਰ ਆ ਕੇ ਲੋਕਾਂ ਨੂੰ ਸਾਰਥਕ ਨਤੀਜੇ ਦੇਣ ਦੀ ਚੁਣੌਤੀ ਹੈ।"
Randeep Surjewala
ਜ਼ਿਕਰਯੋਗ ਹੈ ਕਿ ਕੁਝ ਦੇਰ ਬਾਅਦ ਅਗਲੇ ਵਿੱਤੀ ਸਾਲ ਲਈ ਕੇਂਦਰੀ ਬਜਟ ਪੇਸ਼ ਕੀਤਾ ਜਾਵੇਗਾ। ਕੋਰੋਨਾ ਮਹਾਂਮਾਰੀ ਤੋਂ ਬਾਅਦ ਇਹ ਪਹਿਲਾ ਬਜਟ ਹੋਵੇਗਾ। ਕੋਰੋਨਾ ਮਹਾਂਮਾਰੀ ਕਾਰਨ ਅਰਥਵਿਵਸਥਾ ਇਸ ਸਮੇਂ ਮੁਸ਼ਕਿਲਾਂ ਵਿਚੋਂ ਉਭਰ ਰਹੀ ਹੈ। ਅਜਿਹੀ ਸਥਿਤੀ ਵਿਚ ਵਿੱਤ ਮੰਤਰੀ ਸਾਹਮਣੇ ਆਰਥਕ ਸੁਧਾਰਾਂ ਦੀ ਪ੍ਰਕਿਰਿਆ ਨੂੰ ਅੱਗੇ ਵਧਾ ਕੇ ਅਰਥਵਿਵਸਥਾ ਨੂੰ ਗਤੀ ਦੇਣ ਦੀ ਚੁਣੌਤੀ ਹੋਵੇਗੀ।
Nirmala Sitharaman
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਅੱਜ ਅਪਣਾ ਲਗਾਤਾਰ ਤੀਜਾ ਬਜਟ ਪੇਸ਼ ਕਰਨ ਜਾ ਰਹੀ ਹੈ। ਆਮ ਲੋਕਾਂ ਵੱਲੋਂ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਬਜਟ ਨਾਲ ਮਹਾਂਮਾਰੀ ਤੋਂ ਪੀੜਤ ਲੋਕਾਂ ਨੂੰ ਰਾਹਤ ਮਿਲੇਗੀ। ਇਸ ਤੋਂ ਇਲਾਵਾ ਬਜਟ ਨੂੰ ਲੈ ਕੇ ਉਮੀਦ ਜਤਾਈ ਜਾ ਰਹੀ ਹੈ ਕਿ ਸੇਵਾ ਖੇਤਰ, ਬੁਨਿਆਦੀ ਢਾਂਚੇ ਅਤੇ ਰੱਖਿਆ ‘ਤੇ ਜ਼ਿਆਦਾ ਖਰਚ ਜ਼ਰੀਏ ਆਰਥਿਕ ਸੁਧਾਰ ਅੱਗੇ ਵਧਾਉਣ 'ਤੇ ਹੋਰ ਜ਼ਿਆਦਾ ਧਿਆਨ ਦਿੱਤਾ ਜਾ ਸਕਦਾ ਹੈ।