
ਕਿਹਾ, ਪੂਰਾ ਦੇਸ਼ ਇਸ ਮੁੱਦੇ ’ਤੇ ਨਾਰਾਜ਼ ਹੈ
ਅਰਾਮਬਾਗ (ਪਛਮੀ ਬੰਗਾਲ): ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁਕਰਵਾਰ ਨੂੰ ਸੰਦੇਸ਼ਖਾਲੀ ’ਚ ਔਰਤਾਂ ’ਤੇ ਅੱਤਿਆਚਾਰ ਨੂੰ ਲੈ ਕੇ ਪਛਮੀ ਬੰਗਾਲ ਦੀ ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਸਰਕਾਰ ’ਤੇ ਤਿੱਖਾ ਹਮਲਾ ਕੀਤਾ ਅਤੇ ਕਿਹਾ ਕਿ ਪੂਰਾ ਦੇਸ਼ ਇਸ ਮੁੱਦੇ ’ਤੇ ਨਾਰਾਜ਼ ਹੈ। ਮੋਦੀ ਨੇ ਸੰਦੇਸ਼ਖਾਲੀ ਘਟਨਾਵਾਂ ’ਤੇ ਚੁੱਪ ਰਹਿਣ ਲਈ ਵਿਰੋਧੀ ਗੱਠਜੋੜ ‘ਇੰਡੀਆ’ ਦੀ ਵੀ ਆਲੋਚਨਾ ਕੀਤੀ।
ਹੁਗਲੀ ਜ਼ਿਲ੍ਹੇ ਦੇ ਅਰਾਮਬਾਗ ’ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ‘ਚੋਟ ਦਾ ਜਵਾਬ ਵੋਟ ਨਾਲ ਦੇਣਾ ਹੈ।’ ਉਨ੍ਹਾਂ ਕਿਹਾ, ‘‘ਪ੍ਰਾਪਤੀਆਂ ਵਿਚਕਾਰ ਦੀ ਸਥਿਤੀ ’ਤੇ ਪੂਰੇ ਦੇਸ਼ ਦੀ ਨਜ਼ਰ ਹੈ। ਮਾਂ, ਮਿੱਟੀ ਅਤੇ ਮਨੁੱਖ ਦਾ ਢੋਲ ਵਜਾਉਣ ਵਾਲੀ ਤ੍ਰਿਣਮੂਲ ਕਾਂਗਰਸ ਨੇ ਸੰਦੇਸ਼ਖਾਲੀ ਦੀਆਂ ਭੈਣਾਂ ਨਾਲ ਜੋ ਕੀਤਾ, ਉਸ ਨੂੰ ਵੇਖ ਕੇ ਪੂਰਾ ਦੇਸ਼ ਦੁਖੀ ਅਤੇ ਗੁੱਸੇ ’ਚ ਹੈ। ਟੀ.ਐਮ.ਸੀ. ਨੇ ਸੰਦੇਸ਼ਖਾਲੀ ਦੀਆਂ ਭੈਣਾਂ ਨਾਲ ਜੋ ਕੀਤਾ ਉਹ ਸ਼ਰਮ ਦੀ ਗੱਲ ਹੈ।’’
ਮਮਤਾ ਬੈਨਰਜੀ ਸਰਕਾਰ ਦੇ ਦੇ ਸੱਤਾ ’ਚ 2011 ’ਚ ਸੱਤਾ ’ਚ ਆਉਣ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਦਾ ਨਾਅਰਾ ‘ਮਾਂ ਮਾਟੀ ਅਤੇ ਮਾਨੁਸ਼’ ਉਨ੍ਹਾਂ ਦੀ ਪਛਾਣ ਬਣ ਗਿਆ ਹੈ। ਰੈਲੀ ਵਾਲੀ ਥਾਂ ਦੇ ਨੇੜੇ ਸਥਿਤ ਸਮਾਜ ਸੁਧਾਰਕ ਰਾਜਾ ਰਾਮ ਮੋਹਨ ਰਾਏ ਦੇ ਜਨਮ ਸਥਾਨ ਖਾਨਾਕੁਲ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ, ‘‘ਰਾਏ ਦੀ ਆਤਮਾ ਜਿੱਥੇ ਵੀ ਹੈ, ਉਹ ਬੰਗਾਲ ਦੀ ਸਥਿਤੀ ਤੋਂ ਉਦਾਸ ਅਤੇ ਰੋ ਰਹੀ ਹੋਵੇਗੀ। ਸੰਦੇਸ਼ਖਾਲੀ ਦੀਆਂ ਔਰਤਾਂ ਨੇ ਮਮਤਾ ਤੋਂ ਮਦਦ ਮੰਗੀ। ਉਸ ਦੀ ਬਜਾਏ, ਉਨ੍ਹਾਂ ਨੇ ਅਜਿਹੇ ਨੇਤਾਵਾਂ ਨੂੰ ਬਚਾਉਣ ਦੀ ਹਰ ਸੰਭਵ ਕੋਸ਼ਿਸ਼ ਕੀਤੀ।’’
ਪ੍ਰਧਾਨ ਮੰਤਰੀ ਨੇ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ’ਚ ਲਗਾਤਾਰ ਵਿਰੋਧ ਪ੍ਰਦਰਸ਼ਨਾਂ ਕਾਰਨ ਪੈਦਾ ਹੋਏ ਦਬਾਅ ਕਾਰਨ ਹੀ ਰਾਜ ਪ੍ਰਸ਼ਾਸਨ ਨੂੰ ਆਖਰਕਾਰ ਸੰਦੇਸ਼ਖਾਲੀ ਦੇ ਲੋਕਾਂ ਅੱਗੇ ਝੁਕਣਾ ਪਿਆ ਅਤੇ ਮੁੱਖ ਦੋਸ਼ੀ ਨੂੰ ਗ੍ਰਿਫਤਾਰ ਕਰਨਾ ਪਿਆ ਜੋ ਲਗਭਗ ਦੋ ਮਹੀਨਿਆਂ ਤੋਂ ਫਰਾਰ ਸੀ। ਮੋਦੀ ਸਪੱਸ਼ਟ ਤੌਰ ’ਤੇ ਤ੍ਰਿਣਮੂਲ ਕਾਂਗਰਸ ਦੇ ਮੁਅੱਤਲ ਨੇਤਾ ਸ਼ਾਹਜਹਾਂ ਸ਼ੇਖ ਦੀ ਗ੍ਰਿਫਤਾਰੀ ਵਲ ਇਸ਼ਾਰਾ ਕਰ ਰਹੇ ਸਨ, ਜਿਨ੍ਹਾਂ ਨੂੰ 55 ਦਿਨਾਂ ਤਕ ਪੁਲਿਸ ਦੇ ਚੁੰਗਲ ਤੋਂ ਬਚਣ ਤੋਂ ਬਾਅਦ ਵੀਰਵਾਰ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਤ੍ਰਿਣਮੂਲ ਕਾਂਗਰਸ ਸਰਕਾਰ ’ਤੇ ਹਰ ਖੇਤਰ ’ਚ ਭ੍ਰਿਸ਼ਟ ਹੋਣ ਦਾ ਦੋਸ਼ ਲਗਾਉਂਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਵਿਰੋਧੀ ਗੱਠਜੋੜ ‘ਇੰਡੀਆ’ ਦੀ ਵੀ ਆਲੋਚਨਾ ਕੀਤੀ ਅਤੇ ਕਿਹਾ ਕਿ ਇਹ ਗਾਂਧੀ ਜੀ ਦੇ ਤਿੰਨ ਬਾਂਦਰਾਂ ਵਰਗਾ ਹੈ, ਜਿਨ੍ਹਾਂ ਨੇ ਸੰਦੇਸ਼ਖਾਲੀ ’ਚ ਅਸੰਤੁਸ਼ਟੀ ਦੇ ਬਾਵਜੂਦ ਅਪਣੀਆਂ ਅੱਖਾਂ, ਕੰਨ ਅਤੇ ਮੂੰਹ ਬੰਦ ਰੱਖਿਆ। ਉਨ੍ਹਾਂ ਸਵਾਲ ਕੀਤਾ ਕਿ ਖੱਬੇਪੱਖੀ ਅਤੇ ਕਾਂਗਰਸੀ ਨੇਤਾ ਮੁੱਖ ਮੰਤਰੀ ਮਮਤਾ ਬੈਨਰਜੀ ਤੋਂ ਸਖਤ ਸਵਾਲ ਪੁੱਛਣ ਤੋਂ ਕਿਉਂ ਝਿਜਕ ਰਹੇ ਹਨ।
ਮੋਦੀ ਨੂੰ ਲਕਸ਼ਦੀਪ ਚਲੇ ਗਏ ਪਰ ਮਨੀਪੁਰ ਜਾਣ ਦਾ ਸਮਾਂ ਨਹੀਂ ਮਿਲ ਸਕਿਆ : ਤ੍ਰਿਣਮੂਲ ਕਾਂਗਰਸ
ਕੋਲਕਾਤਾ, 1 ਮਾਰਚ: ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਨੇ ਸ਼ੁਕਰਵਾਰ ਨੂੰ ਦੋਸ਼ ਲਾਇਆ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਜਾਤੀ ਹਿੰਸਾ ਨਾਲ ਜੂਝ ਰਹੇ ਮਨੀਪੁਰ ਜਾਣ ਦਾ ਸਮਾਂ ਨਹੀਂ ਮਿਲ ਸਕਿਆ ਪਰ ਉਹ ‘ਸਨਾਰਕਲਿੰਗ’ ਲਈ ਲਕਸ਼ਦੀਪ ਅਤੇ ‘ਸਕੂਬਾ ਡਾਇਵਿੰਗ’ ਲਈ ਗੁਜਰਾਤ ਚਲੇ ਗਏ। ਮੋਦੀ ਦੇ ਰਾਜਾ ਰਾਮ ਮੋਹਨ ਰਾਏ ਬਾਰੇ ਬਿਆਨ ’ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ ਤ੍ਰਿਣਮੂਲ ਕਾਂਗਰਸ ਨੇ ਦਾਅਵਾ ਕੀਤਾ ਕਿ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼ ਅਤੇ ਮਨੀਪੁਰ ਵਰਗੇ ਭਾਰਤੀ ਜਨਤਾ ਪਾਰਟੀ (ਭਾਜਪਾ) ਸ਼ਾਸਿਤ ਸੂਬਿਆਂ ’ਚ ਔਰਤਾਂ ’ਤੇ ਕਥਿਤ ਅੱਤਿਆਚਾਰਾਂ ’ਤੇ ਸਮਾਜ ਸੁਧਾਰਕ ਦੀ ਆਤਮਾ ਰੋ ਰਹੀ ਹੈ। ਤ੍ਰਿਣਮੂਲ ਕਾਂਗਰਸ ਦੇ ਬੁਲਾਰੇ ਸ਼ਾਂਤਨੂ ਸੇਨ ਨੇ ਕਿਹਾ, ‘‘ਭਾਜਪਾ ਮਹਿਲਾ ਵਿਰੋਧੀ ਪਾਰਟੀ ਹੈ। ਮਮਤਾ ਬੈਨਰਜੀ ਸਰਕਾਰ ਨੇ ਪੰਚਾਇਤਾਂ ’ਚ ਔਰਤਾਂ ਨੂੰ 50 ਫ਼ੀ ਸਦੀ ਰਾਖਵਾਂਕਰਨ ਦਿਤਾ ਹੈ ਅਤੇ ਔਰਤਾਂ ਦੀ ਭਲਾਈ ਲਈ ਕੰਨਿਆਸ਼੍ਰੀ ਵਰਗੀਆਂ ਕਈ ਯੋਜਨਾਵਾਂ ਸ਼ੁਰੂ ਕੀਤੀਆਂ ਹਨ। ਮਮਤਾ ਬੈਨਰਜੀ ਤੋਂ ਸਿੱਖਣਾ ਚਾਹੀਦਾ ਹੈ ਕਿ ਔਰਤਾਂ ਦੇ ਵਿਕਾਸ ਲਈ ਕਿਵੇਂ ਕੰਮ ਕਰਨਾ ਹੈ।’’