
ਕਮਲਨਾਥ ਸਰਕਾਰ ਦੇ ਐਲਾਨ ਦਾ ਕੀਤਾ ਵਿਰੋਧ
ਭੋਪਾਲ: ਮੱਧ ਪ੍ਰਦੇਸ਼ ਸਰਕਾਰ ਵੱਲੋਂ ਮਿਡ-ਡੇ-ਮੀਲ ਵਿਚ ਆਂਡੇ ਸ਼ਾਮਲ ਕਰਨ ਦਾ ਵਿਰੋਧ ਕਰਦੇ ਹੋਏ ਭਾਜਪਾ ਨੇਤਾ ਗੋਪਾਲ ਭਾਰਗਵ ਨੇ ਅਜ਼ੀਬੋ ਗ਼ਰੀਬ ਤਰਕ ਦਿੰਦਿਆਂ ਆਖਿਆ ਹੈ ਕਿ ਜੇਕਰ ਬੱਚਿਆਂ ਨੂੰ ਨਾਨ ਵੈਜੀਟੇਰੀਅਨ ਫੂਡ ਦਿੱਤਾ ਜਾਵੇਗਾ ਤਾਂ ਉਹ ਨਰਭਕਸ਼ੀ ਯਾਨੀ ਆਦਮਖ਼ੋਰ ਬਣ ਸਕਦੇ ਹਨ। ਉਨ੍ਹਾਂ ਕਿਹਾ ਕਿ ਇਕ ਕੁਪੋਸ਼ਿਤ ਸਰਕਾਰ ਤੋਂ ਹੋਰ ਕੀ ਉਮੀਦ ਕੀਤੀ ਜਾ ਸਕਦੀ ਹੈ। ਉਹ ਬੱਚਿਆਂ ਨੂੰ ਆਂਡੇ ਪਰੋਸਣਗੇ ਜੋ ਆਂਡੇ ਨਹੀਂ ਵੀ ਖਾਂਦੇ, ਉਨ੍ਹਾਂ ਨੂੰ ਜ਼ਬਰਦਸਤੀ ਖਾਣ ਲਈ ਮਜਬੂਰ ਕੀਤਾ ਜਾਵੇਗਾ। ਜੇਕਰ ਫਿਰ ਵੀ ਕੁਪੋਸ਼ਣ ਦੂਰ ਨਾ ਹੋਇਆ ਤਾਂ ਉਨ੍ਹਾਂ ਨੂੰ ਚਿਕਨ ਅਤੇ ਬੱਕਰੇ ਦਾ ਮੀਟ ਦਿੱਤਾ ਜਾਵੇਗਾ ਪਰ ਭਾਰਤੀ ਸੰਸਕ੍ਰਿਤੀ ਅਤੇ ਸਨਾਤਨ ਸੰਸਕ੍ਰਿਤੀ ਵਿਚ ਨਾਨਵੈੱਜ ਖਾਣਾ ਪੂਰੀ ਤਰ੍ਹਾਂ ਪਾਬੰਦੀਸ਼ੁਦਾ ਹੈ। ਸਰਕਾਰ ਨੂੰ ਇਸ ਦੇ ਲਈ ਮਜਬੂਰ ਨਹੀਂ ਕਰਨਾ ਚਾਹੀਦਾ ਕਿ ਕਿਸੇ ਨੇ ਕੀ ਖਾਣਾ ਹੈ ਕੀ ਨਹੀਂ।
Kamal Nath
ਦਰਅਸਲ ਮੱਧ ਪ੍ਰਦੇਸ਼ ਵਿਚ ਸਕੂਲੀ ਬੱਚਿਆਂ ਨੂੰ ਖਾਣ ਲਈ ਆਂਡੇ ਦੇਣ ਦਾ ਐਲਾਨ ਮੱਧ ਪ੍ਰਦੇਸ਼ ਵਿਚ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਇਮਰਤੀ ਦੇਵੀ ਵੱਲੋਂ ਕੀਤਾ ਗਿਆ ਸੀ, ਜਿਨ੍ਹਾਂ ਆਖਿਆ ਸੀ ਕਿ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਕੁਪੋਸ਼ਣ ਨਾਲ ਲੜਨ ਲਈ ਨਵੰਬਰ ਤੋਂ ਮਿਡ ਡੇ ਮੀਲ ਵਿਚ ਆਂਡੇ ਸ਼ਾਮਲ ਕਰੇਗੀ। ਜਿਸ ਤਹਿਤ ਆਂਗੜਵਾੜੀ ਕੇਂਦਰਾਂ ਵਿਚ ਜਲਦ ਹੀ ਬੱਚਿਆਂ ਅਤੇ ਗਰਭਵਤੀ ਔਰਤਾਂ ਨੂੰ ਖਾਣ ਲਈ ਆਂਡੇ ਮੁਹੱਈਆ ਕਰਵਾਏ ਜਾਣਗੇ ਪਰ ਇਸ ਐਲਾਨ ਮਗਰੋਂ ਕਾਂਗਰਸ ਅਤੇ ਭਾਜਪਾ ਦੇ ਵਿਚਕਾਰ ਜ਼ੁਬਾਨੀ ਜੰਗ ਛਿੜ ਗਈ ਹੈ। ਭਾਜਪਾ ਨੇ ਇਸ ਐਲਾਨ ਧਾਰਮਿਕ ਭਾਵਨਾਵਾਂ ਨਾਲ ਖਿਲਵਾੜ ਦੱਸਿਆ ਹੈ।
Gopal Bhargava
ਹੈਰਾਨੀ ਦੀ ਗੱਲ ਹੈ ਕਿ ਭਾਜਪਾ ਨੇਤਾ ਕਿਹੜੇ ਮੂੰਹ ਨਾਲ ਇਹ ਆਖ ਰਹੇ ਹਨ ਕਿ ਕਿਸੇ ਨੂੰ ਇਸ ਮਾਮਲੇ ਵਿਚ ਮਜਬੂਰ ਨਹੀਂ ਕੀਤਾ ਜਾਣਾ ਚਾਹੀਦਾ ਕਿ ਉਸ ਨੇ ਕੀ ਖਾਣਾ ਹੈ ਅਤੇ ਕੀ ਨਹੀਂ ਜਦਕਿ ਭਾਜਪਾ ਸਰਕਾਰ ਖ਼ੁਦ ਅਜਿਹੀਆਂ ਪਾਬੰਦੀਆਂ ਲਗਾ ਚੁੱਕੀ ਹੈ। ਦੱਸ ਦਈਏ ਕਿ ਇਸ ਤੋਂ ਪਹਿਲਾਂ ਛੱਡੀਸਗੜ੍ਹ ਵਿਚ ਵੀ ਕਾਂਗਰਸ ਸਰਕਾਰ ਨੇ ਇਸੇ ਸਾਲ ਮਿਡ ਡੇ ਮੀਲ ਵਿਚ ਆਂਡਿਆਂ ਨੂੰ ਸ਼ਾਮਲ ਕਰਨ ਦੀ ਯੋਜਨਾ ਬਣਾਈ ਸੀ ਪਰ ਵਿਰੋਧੀਆਂ ਦੇ ਵਿਰੋਧ ਕਰਨ ’ਤੇ ਉਨ੍ਹਾਂ ਨੇ ਆਂਡਿਆਂ ਨੂੰ ਸਕੂਲ ਵਿਚ ਸਰਵ ਕਰਨ ਦੀ ਬਜਾਏ ਹੋਮ ਡਿਲੀਵਰੀ ਕਰਨ ਦਾ ਬਦਲ ਚੁਣਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।