
ਦੋਵੇਂ ਪਾਰਟੀਆਂ ਵਿਚਾਲੇ ਅੱਜ ਸ਼ਾਮ 4 ਵਜੇ ਹੋਣੀ ਸੀ ਮੀਟਿੰਗ
ਮੁੰਬਈ: ਮਹਾਰਾਸ਼ਟਰ ਵਿਚ ਆਏ ਚੋਣ ਨਤੀਜਿਆਂ ਤੋਂ ਬਾਅਦ ਹੁਣ ਅਗਲੀ ਸਰਕਾਰ ਬਣਾਉਣ ਨੂੰ ਲੈ ਕੇ ਭੰਬਲਭੂਸਾ ਪੈਂਦਾ ਦਿਖਾਈ ਦੇ ਰਿਹਾ ਹੈ। ਭਾਜਪਾ ਅਤੇ ਇਸ ਦੀ ਸਹਿਯੋਗੀ ਪਾਰਟੀ ਸ਼ਿਵਸੈਨਾ ਵਿਚਾਲੇ ਨਾਰਾਜ਼ਗੀ ਵਧਦੀ ਹੀ ਜਾ ਰਹੀ ਹੈ। ਇਸ ਗੱਲ ਦਾ ਅੰਦਾਜ਼ਾ ਇਥੋਂ ਲਗਾਇਆ ਜਾ ਸਕਦਾ ਹੈ ਕਿ ਦੋਵੇਂ ਪਾਰਟੀਆਂ ਦਰਮਿਆਨ ਹੋਣ ਵਾਲੀ ਬੈਠਕ ਮੰਗਲਵਾਰ ਸ਼ਾਮ 4 ਵਜੇ ਨਹੀਂ ਹੋ ਸਕੀ।
Uddhav Thackeray- Devendra Fadnavis
ਸ਼ਿਵਸੈਨਾ ਦੇ ਬੁਲਾਰੇ ਸੰਜੇ ਰਾਉਤ ਨੇ ਕਿਹਾ ਕਿ ਭਾਜਪਾ ਅਤੇ ਸ਼ਿਵਸੈਨਾ ਵਿਚਾਲੇ ਚਾਰ ਵਜੇ ਮੁਲਾਕਾਤ ਹੋਣੀ ਸੀ। ਪਰ ਜੇ ਮੁੱਖ ਮੰਤਰੀ ਖੁਦ ਕਹਿੰਦੇ ਹਨ ਕਿ ਢਾਈ-ਢਾਈ ਸਾਲ ਦੇ ਫਾਰਮੂਲੇ 'ਤੇ ਕੋਈ ਵਿਚਾਰ ਵਟਾਂਦਰਾ ਨਹੀਂ ਹੋਇਆ ਤਾਂ ਗੱਲਬਾਤ ਕੀ ਹੋਵੇਗੀ। ਕਿਸ ਅਧਾਰ 'ਤੇ ਅਸੀ ਭਾਜਪਾ ਨਾਲ ਗੱਲ ਕਰਾਂਗੇ? ਇਸੇ ਕਰਕੇ ਪਾਰਟੀ ਪ੍ਰਧਾਨ ਉਧਵ ਠਾਕਰੇ ਨੇ ਅੱਜ ਮੁਲਾਕਾਤ ਰੱਦ ਕਰ ਦਿੱਤੀ ਹੈ।
Devendra Fadnavis-Uddhav Thackeray
ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਸ਼ਿਵਸੈਨਾ ਦੇ ਇਸ ਦਾਅਵੇ ਤੋਂ ਇਨਕਾਰ ਕੀਤਾ ਹੈ ਕਿ ਸਰਕਾਰ ਬਣਾਉਣ ਲਈ 50-50 ਦਾ ਫਾਰਮੂਲਾ ਤੈਅ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਗਠਜੋੜ ਨੂੰ ਅੰਤਮ ਰੂਪ ਦਿੱਤਾ ਗਿਆ ਸੀ ਤਾਂ ਸ਼ਿਵਸੈਨਾ ਨੂੰ ਢਾਈ ਸਾਲ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵਾ ਨਹੀਂ ਕੀਤਾ ਗਿਆ ਸੀ। ਭਾਜਪਾ ਅਤੇ ਸ਼ਿਵਸੈਨਾ ਵਿਚਾਲੇ ਸੂਬੇ ਦੀ ਅਗਲੀ ਸਰਕਾਰ ਬਣਾਉਣ ਨੂੰ ਲੈ ਕੇ ਤਕਰਾਰਬਾਜ਼ੀ ਵਿਚਾਲੇ ਫੜਨਵੀਸ ਨੇ ਕਿਹਾ ਕਿ ਉਹ ਅਗਲੇ ਪੰਜ ਸਾਲਾਂ ਲਈ ਮੁੱਖ ਮੰਤਰੀ ਬਣੇ ਰਹਿਣਗੇ ।