ਦਰਅਸਲ ਇੰਦਰਾ ਗਾਂਧੀ 'ਤੇ ਚੋਣ ਪ੍ਰਚਾਰ 'ਚ ਵਰਤੀਆਂ ਗਈਆਂ ਜੀਪਾਂ ਦੀ ਖਰੀਦ 'ਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ।
ਨਵੀਂ ਦਿੱਲੀ: ਅੱਜ ਦੇ ਦਿਨ 3 ਅਕਤੂਬਰ 1977 ਨੂੰ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਸ ਸਮੇਂ ਮੋਰਾਰਜੀ ਦੇਸਾਈ ਦੀ ਅਗਵਾਈ ਹੇਠ ਜਨਤਾ ਪਾਰਟੀ ਦੀ ਸਰਕਾਰ ਸੀ ਅਤੇ ਗ੍ਰਹਿ ਮੰਤਰੀ ਚੌਧਰੀ ਚਰਨ ਸਿੰਘ ਸਨ।
ਭ੍ਰਿਸ਼ਟਾਚਾਰ ਦੇ ਲੱਗੇ ਸੀ ਇਲਜ਼ਾਮ
ਦਰਅਸਲ ਇੰਦਰਾ ਗਾਂਧੀ 'ਤੇ ਚੋਣ ਪ੍ਰਚਾਰ 'ਚ ਵਰਤੀਆਂ ਗਈਆਂ ਜੀਪਾਂ ਦੀ ਖਰੀਦ 'ਚ ਭ੍ਰਿਸ਼ਟਾਚਾਰ ਦੇ ਇਲਜ਼ਾਮ ਲੱਗੇ ਸਨ। ਰਾਏਬਰੇਲੀ ਵਿਚ ਚੋਣ ਪ੍ਰਚਾਰ ਲਈ ਇੰਦਰਾ ਗਾਂਧੀ ਲਈ 100 ਜੀਪਾਂ ਖਰੀਦੀਆਂ ਗਈਆਂ ਸਨ। ਵਿਰੋਧੀਆਂ ਨੇ ਇਲਜ਼ਾਮ ਲਾਇਆ ਕਿ ਇਹ ਜੀਪਾਂ ਕਾਂਗਰਸ ਪਾਰਟੀ ਦੇ ਪੈਸੇ ਨਾਲ ਨਹੀਂ ਖਰੀਦੀਆਂ ਗਈਆਂ ਸਨ, ਸਗੋਂ ਸਨਅਤਕਾਰਾਂ ਵਲੋਂ ਦਿਤੀਆਂ ਗਈਆਂ ਸਨ ਅਤੇ ਇਸ ਦੇ ਲਈ ਸਰਕਾਰੀ ਪੈਸੇ ਦੀ ਵਰਤੋਂ ਕੀਤੀ ਗਈ ਸੀ।
ਐਮਰਜੈਂਸੀ ਨੂੰ ਵੀ ਦਸਿਆ ਗਿਆ ਗ੍ਰਿਫ਼ਤਾਰੀ ਦਾ ਕਾਰਨ
25 ਜੂਨ 1975 ਨੂੰ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਪੂਰੇ ਦੇਸ਼ ਵਿਚ ਐਮਰਜੈਂਸੀ ਲਗਾ ਦਿਤੀ ਸੀ। ਵਿਰੋਧੀ ਨੇਤਾਵਾਂ ਨੂੰ ਜੇਲ ਭੇਜ ਦਿਤਾ ਗਿਆ। ਇਸ ਤੋਂ ਬਾਅਦ 1977 ਵਿਚ ਲੋਕ ਸਭਾ ਚੋਣਾਂ ਹੋਈਆਂ ਅਤੇ ਜਨਤਾ ਪਾਰਟੀ ਦੀ ਸਰਕਾਰ ਬਣੀ। ਮੋਰਾਰਜੀ ਦੇਸਾਈ ਨੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲ ਲਿਆ। ਕਿਹਾ ਜਾਂਦਾ ਹੈ ਕਿ ਐਮਰਜੈਂਸੀ ਦੌਰਾਨ ਇੰਦਰਾ ਗਾਂਧੀ ਨੇ ਜਿਨ੍ਹਾਂ ਵਿਰੋਧੀ ਆਗੂਆਂ ਨੂੰ ਪ੍ਰੇਸ਼ਾਨ ਕੀਤਾ, ਉਨ੍ਹਾਂ ਦੇ ਸੱਤਾ ਵਿਚ ਆਉਣ ਮਗਰੋਂ ਇੰਦਰਾ ਗਾਂਧੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਉੱਠਣ ਲੱਗੀ ਸੀ। ਚੋਣਾਂ ਵਿਚ ਇੰਦਰਾ ਗਾਂਧੀ ਦੀ ਹਾਰ ਤੋਂ ਬਾਅਦ ਉਸ ਦੀ ਗ੍ਰਿਫ਼ਤਾਰੀ ਦਾ ਰਾਹ ਸਾਫ਼ ਹੋ ਗਿਆ। ਤਤਕਾਲੀ ਗ੍ਰਹਿ ਮੰਤਰੀ ਚੌਧਰੀ ਚਰਨ ਸਿੰਘ ਜਨਤਾ ਪਾਰਟੀ ਦੀ ਸਰਕਾਰ ਬਣਦਿਆਂ ਹੀ ਇੰਦਰਾ ਗਾਂਧੀ ਨੂੰ ਗ੍ਰਿਫ਼ਤਾਰ ਕਰਨ ਦੇ ਹੱਕ ਵਿਚ ਸਨ ਪਰ ਤਤਕਾਲੀ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਕਾਨੂੰਨ ਦੇ ਖ਼ਿਲਾਫ਼ ਕੁੱਝ ਕਰਨ ਲਈ ਤਿਆਰ ਨਹੀਂ ਸਨ। ਉਨ੍ਹਾਂ ਕਿਹਾ ਕਿ ਇੰਦਰਾ ਗਾਂਧੀ ਨੂੰ ਬਿਨਾਂ ਠੋਸ ਆਧਾਰ ਦੇ ਗ੍ਰਿਫ਼ਤਾਰ ਨਹੀਂ ਕੀਤਾ ਜਾਣਾ ਚਾਹੀਦਾ।
ਇੰਦਰਾ ਗਾਂਧੀ ਵਿਰੁਧ ਮਜ਼ਬੂਤ ਕੇਸ ਦੀ ਤਲਾਸ਼ ਵਿਚ ਸਨ ਤਤਕਾਲੀ ਪ੍ਰਧਾਨ ਮੰਤਰੀ
ਅਜਿਹੀ ਸਥਿਤੀ ਵਿਚ ਚੌਧਰੀ ਚਰਨ ਸਿੰਘ ਇਕ ਮਜ਼ਬੂਤ ਕੇਸ ਦੀ ਤਲਾਸ਼ ਵਿਚ ਸਨ ਜਿਸ ਦੇ ਆਧਾਰ ’ਤੇ ਉਹ ਇੰਦਰਾ ਨੂੰ ਜੇਲ ਭੇਜ ਸਕਣ। ਉਨ੍ਹਾਂ ਨੂੰ ਜੀਪ ਘੁਟਾਲੇ ਦੇ ਰੂਪ ਵਿਚ ਇਕ ਮਜ਼ਬੂਤ ਕੇਸ ਮਿਲਿਆ ਹੈ। ਚੌਧਰੀ ਚਰਨ ਸਿੰਘ ਅਤੇ ਲਾਲ ਕ੍ਰਿਸ਼ਨ ਅਡਵਾਨੀ ਸਮੇਤ ਕਈ ਆਗੂ ਇੰਦਰਾ ਦੀ ਗ੍ਰਿਫ਼ਤਾਰੀ ਦੇ ਹੱਕ ਵਿਚ ਸਨ। ਇੰਦਰਾ ਗਾਂਧੀ ਦੀ ਗ੍ਰਿਫਤਾਰੀ ਨੂੰ ‘ਆਪਰੇਸ਼ਨ ਬਲੰਡਰ’ ਦਾ ਨਾਂਅ ਦਿਤਾ ਗਿਆ।
ਗ੍ਰਹਿ ਮੰਤਰੀ ਚੌਧਰੀ ਚਰਨ ਸਿੰਘ ਨੇ ਇੰਦਰਾ ਗਾਂਧੀ ਨੂੰ ਗ੍ਰਿਫ਼ਤਾਰ ਕਰਨ ਲਈ ਸੀਬੀਆਈ ਅਫ਼ਸਰ ਐਨ.ਕੇ. ਸਿੰਘ ਨੂੰ ਚੁਣਿਆ। ਗ੍ਰਿਫਤਾਰੀ ਦੀ ਤਰੀਕ 1 ਅਕਤੂਬਰ ਤੈਅ ਕੀਤੀ ਗਈ ਸੀ ਪਰ ਉਸ ਦਿਨ ਸ਼ਨੀਵਾਰ ਹੋਣ ਕਰਕੇ ਅਤੇ 2 ਅਕਤੂਬਰ ਨੂੰ ਗਾਂਧੀ ਜਯੰਤੀ ਕਾਰਨ ਗ੍ਰਿਫ਼ਤਾਰੀ ਦੀ ਤਰੀਕ 3 ਅਕਤੂਬਰ ਤੈਅ ਕੀਤੀ ਗਈ। ਗ੍ਰਿਫਤਾਰੀ ਲਈ ਇਕ ਸ਼ਰਤ ਵੀ ਰੱਖੀ ਗਈ, ਕਿਹਾ ਗਿਆ ਕਿ ਇੰਦਰਾ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ, ਪਰ ਉਸ ਨੂੰ ਹੱਥਕੜੀ ਨਹੀਂ ਲਗਾਈ ਜਾਵੇਗੀ।
ਇੰਝ ਹੋਈ ਦੀ ਗ੍ਰਿਫ਼ਤਾਰੀ
ਇਸ ਦੌਰਾਨ ਇੰਦਰਾ ਗਾਂਧੀ ਦੇ ਘਰ ਦੇ ਬਾਹਰ ਪੁਲਿਸ ਸੁਰੱਖਿਆ ਵਧਾ ਦਿਤੀ ਗਈ ਸੀ। ਇਸ ਦੌਰਾਨ ਡੀਆਈਜੀ ਰਹੇ ਰਾਜਪਾਲ ਅਤੇ ਐਡੀਸ਼ਨਲ ਐਸਪੀ ਕਿਰਨ ਬੇਦੀ ਨੂੰ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਘਰ ਦੇ ਬਾਹਰ ਤਾਇਨਾਤ ਕੀਤਾ ਗਿਆ ਸੀ। ਹੁਣ ਇੰਦਰਾ ਗਾਂਧੀ ਦੀ ਗ੍ਰਿਫਤਾਰੀ ਦਾ ਪੂਰਾ ਰੋਡਮੈਪ ਤਿਆਰ ਸੀ। 3 ਅਕਤੂਬਰ 1977 ਸ਼ਾਮ ਦੇ 5:15 ਵਜੇ ਸੀਬੀਆਈ ਅਧਿਕਾਰੀ ਅਪਣੀ ਅੰਬੈਸਡਰ ਕਾਰ ਵਿਚ ਇੰਦਰਾ ਦੇ ਘਰ ਪਹੁੰਚੇ।
ਜਿਵੇਂ ਹੀ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਮਿਲੀ ਤਾਂ ਉਨ੍ਹਾਂ ਦੇ ਨਿੱਜੀ ਸਕੱਤਰ ਆਰਕੇ ਧਵਨ ਸਭ ਤੋਂ ਪਹਿਲਾਂ ਸਾਹਮਣੇ ਆਏ ਅਤੇ ਉਨ੍ਹਾਂ ਦੇ ਉਥੇ ਆਉਣ ਦਾ ਕਾਰਨ ਪੁੱਛਿਆ। ਐਨ.ਕੇ.ਸਿੰਘ ਨੂੰ ਇਕ ਘੰਟੇ ਲਈ ਬਾਹਰ ਹੀ ਰੋਕਿਆ ਗਿਆ। ਅਖੀਰ ਇੰਦਰਾ ਗਾਂਧੀ ਬਾਹਰ ਆਉਂਦੀ ਹੈ, ਇਸ ਦੌਰਾਨ ਐਨ ਕੇ ਸਿੰਘ ਨੇ ਕਿਹਾ ਕਿ ਮੈਂ ਤੁਹਾਨੂੰ ਗ੍ਰਿਫਤਾਰ ਕਰਨ ਆਇਆ ਹਾਂ। ਤੁਹਾਡੇ 'ਤੇ ਭ੍ਰਿਸ਼ਟਾਚਾਰ ਦੇ ਦੋਸ਼ ਹਨ। ਇਹ ਸੁਣ ਕੇ ਇੰਦਰਾ ਗੁੱਸੇ ਵਿਚ ਆ ਜਾਂਦੀ ਹੈ ਅਤੇ ਗੁੱਸੇ ਵਿਚ ਕਹਿੰਦੀ ਹੈ, ਮੈਂ ਗ੍ਰਿਫਤਾਰੀ ਤੋਂ ਨਹੀਂ ਡਰਦੀ, ਹਥਕੜੀ ਲਿਆਓ। ਕੁੱਝ ਸਮੇਂ ਬਾਅਦ ਇੰਦਰਾ ਗਾਂਧੀ ਸ਼ਾਂਤ ਹੋ ਗਈ ਅਤੇ ਕੁੱਝ ਸਮਾਂ ਮੰਗਦੀ ਹੈ। ਉਹ ਅਪਣੇ ਕਮਰੇ ਵਿਚ ਜਾਂਦੀ ਹੈ ਅਤੇ ਅੰਦਰੋਂ ਤਾਲਾ ਲਗਾ ਦਿੰਦੀ ਹੈ। ਉਹ 8:30 ਦੇ ਕਰੀਬ ਨਿਕਲਦੀ ਹੈ ਅਤੇ ਕਾਰ ਵਿਚ ਬੈਠ ਜਾਂਦੀ ਹੈ। ਉਨ੍ਹਾਂ ਨੇ ਗ੍ਰਿਫਤਾਰੀ ਨੂੰ ਰਾਜਨੀਤੀ ਤੋਂ ਪ੍ਰੇਰਿਤ ਦਸਿਆ ਸੀ।
ਇੰਦਰਾ ਗਾਂਧੀ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ, ਉਸਨੂੰ ਬਡਕਲ ਝੀਲ ਗੈਸਟ ਹਾਊਸ ਵਿਚ ਹਿਰਾਸਤ ਵਿਚ ਰੱਖਿਆ ਜਾਣਾ ਸੀ। ਕਿਸੇ ਕਾਰਨ ਉਸ ਨੂੰ ਉਥੇ ਨਹੀਂ ਰੱਖਿਆ ਜਾ ਸਕਿਆ ਅਤੇ ਰਾਤ ਸਮੇਂ ਉਸ ਨੂੰ ਕਿੰਗਜ਼ਵੇਅ ਕੈਂਪ ਦੀ ਪੁਲਿਸ ਲਾਈਨ ਵਿਚ ਗਜ਼ਟਿਡ ਅਫਸਰਾਂ ਦੀ ਮੈਸ ਵਿਚ ਲਿਆਂਦਾ ਗਿਆ। ਅਗਲੇ ਦਿਨ ਯਾਨੀ 4 ਅਕਤੂਬਰ 1977 ਦੀ ਸਵੇਰ ਨੂੰ ਉਸ ਨੂੰ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ।
ਅਗਲੇ ਦਿਨ ਹੀ ਅਦਾਲਤ ਵਲੋਂ ਕੀਤਾ ਗਿਆ ਸੀ ਬਰੀ
ਇਸ ਦੌਰਾਨ ਜੱਜ ਨੇ ਕਿਹਾ ਕਿ ਇਸਤਗਾਸਾ ਪੱਖ ਕੋਲ ਕੋਈ ਸਬੂਤ ਨਹੀਂ ਹੈ, ਅਜਿਹੀ ਸਥਿਤੀ ਵਿਚ ਕੇਸ ਖਾਰਜ ਹੋ ਜਾਂਦਾ ਹੈ। ਅਦਾਲਤ ਦੇ ਬਾਹਰ ਕਾਂਗਰਸੀ ਵਰਕਰਾਂ ਵਿਚ ਖੁਸ਼ੀ ਦੀ ਲਹਿਰ ਆ ਗਈ ਅਤੇ ਨਾਅਰੇਬਾਜ਼ੀ ਹੋਣ ਲੱਗੀ। ਇੰਦਰਾ ਗਾਂਧੀ ਨੂੰ ਗ੍ਰਿਫਤਾਰ ਕਰਨ ਦੀ ਇਸ ਵੱਡੀ ਸਿਆਸੀ ਗਲਤੀ ਨੂੰ ‘ਆਪ੍ਰੇਸ਼ਨ ਬਲੰਡਰ’ ਦਾ ਨਾਂਅ ਦਿਤਾ ਗਿਆ। ਇਸ ਘਟਨਾ ਨਾਲ ਇੰਦਰਾ ਗਾਂਧੀ ਨੂੰ ਨੁਕਸਾਨ ਦੀ ਬਜਾਏ ਫਾਇਦਾ ਹੋਇਆ। ਉਸ ਵਿਰੁੱਧ ਨਫ਼ਰਤ ਦਾ ਮਾਹੌਲ ਹਮਦਰਦੀ ਵਿਚ ਬਦਲ ਗਿਆ। 1980 ਦੀਆਂ ਲੋਕ ਸਭਾ ਚੋਣਾਂ ਵਿਚ ਇੰਦਰਾ ਗਾਂਧੀ ਭਾਰੀ ਬਹੁਮਤ ਨਾਲ ਮੁੜ ਪ੍ਰਧਾਨ ਮੰਤਰੀ ਬਣੇ।