ਬਿਹਾਰ ਆ ਕੇ ਅਮਰੀਕੀ ਰਾਸ਼ਟਰਪਤੀ ਦੇ ਦਾਅਵਿਆਂ ਦਾ ਖੰਡਨ ਕਰਨ ਦੀ ਦਿਤੀ ਚੁਨੌਤੀ
ਨਵੀਂ ਦਿੱਲੀ/ਦਰਭੰਗਾ: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰੀ ਫਿਰ ਦਾਅਵਾ ਕੀਤਾ ਹੈ ਕਿ ਵਪਾਰ ਦੀ ਵਰਤੋਂ ਕਰ ਕੇ ਉਨ੍ਹਾਂ ਨੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਸੰਘਰਸ਼ ਨੂੰ ਰੋਕ ਦਿਤਾ। ਟਰੰਪ ਵਲੋਂ ਵਾਰ-ਵਾਰ ਕੀਤੇ ਜਾ ਰਹੇ ਇਨ੍ਹਾਂ ਦਾਅਵਿਆਂ ਚੁੱਪ ਵੱਟਣ ਲਈ ਕਾਂਗਰਸ ਨੇ ਬੁਧਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਤਿੱਖਾ ਹਮਲਾ ਕੀਤਾ।
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਅਮਰੀਕੀ ਰਾਸ਼ਟਰਪਤੀ ਦੇ ਦਾਅਵਿਆਂ ਤੋਂ ‘ਡਰੇ ਹੋਏ’ ਹਨ ਅਤੇ ਉਨ੍ਹਾਂ ਨੂੰ ਜਵਾਬ ਦੇਣ ਦੀ ਹਿੰਮਤ ਕਰਨੀ ਚਾਹੀਦੀ ਹੈ। ਰਾਹੁਲ ਗਾਂਧੀ ਨੇ ਮੋਦੀ ਨੂੰ ਚੁਨੌਤੀ ਦਿਤੀ ਕਿ ਜਦੋਂ ਉਹ ਬਿਹਾਰ ਆਉਂਦੇ ਹਨ ਤਾਂ ਉਨ੍ਹਾਂ ਨੂੰ ਇਹ ਦਸਣਾ ਚਾਹੀਦਾ ਹੈ ਕਿ ਟਰੰਪ ਝੂਠ ਬੋਲ ਰਹੇ ਹਨ।
ਇਸ ਤੋਂ ਇਲਾਵਾ ਕਾਂਗਰਸ ਦੇ ਜਨਰਲ ਸਕੱਤਰ ਇੰਚਾਰਜ ਸੰਚਾਰ ਜੈਰਾਮ ਰਮੇਸ਼ ਨੇ ਵੀ ਜਾਪਾਨ ਅਤੇ ਬਾਅਦ ਵਿਚ ਦਖਣੀ ਕੋਰੀਆ ਵਿਚ ਟਰੰਪ ਦੀਆਂ ਟਿਪਣੀਆਂ ਦੀਆਂ ਵੀਡੀਉ ਕਲਿੱਪਾਂ ‘ਐਕਸ’ ਉਤੇ ਸਾਂਝੀਆਂ ਕੀਤੀਆਂ, ਜਿਸ ਵਿਚ ਉਨ੍ਹਾਂ ਨੇ ਅਪਣੇ ਦਾਅਵੇ ਨੂੰ ਦੁਹਰਾਇਆ ਕਿ ਉਨ੍ਹਾਂ ਨੇ ਵਪਾਰ ਦੀ ਵਰਤੋਂ ਕਰਦਿਆਂ ਭਾਰਤ-ਪਾਕਿਸਤਾਨ ਫੌਜੀ ਸੰਘਰਸ਼ ਨੂੰ ਰੋਕਿਆ ਸੀ। ਰਮੇਸ਼ ਨੇ ਅਪਣੀ ਪੋਸਟ ’ਚ ਕਿਹਾ, ‘‘ਹੁਣ ਪੂਰੀ ਤਰ੍ਹਾਂ ਸੁੰਗੜੀ ਹੋਇਆ ਅਤੇ ਪਰਦਾਫ਼ਾਸ਼ ਹੋ ਚੁਕੀ 56 ਇੰਚ ਦੀ ਛਾਤੀ ਅਜੇ ਵੀ ਸ਼ਾਂਤ ਹੈ।’’
ਬਿਹਾਰ ਦੇ ਦਰਭੰਗਾ ’ਚ ਇਕ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਮੋਦੀ ਟਰੰਪ ਤੋਂ ਡਰਦੇ ਹਨ ਕਿਉਂਕਿ ਅਮਰੀਕੀ ਰਾਸ਼ਟਰਪਤੀ 50 ਵਾਰ ਕਹਿ ਚੁਕੇ ਹਨ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਧਮਕੀ ਦੇ ਕੇ ਆਪ੍ਰੇਸ਼ਨ ਸੰਧੂਰ ਨੂੰ ਰੋਕ ਦਿਤਾ ਹੈ। ਲੋਕ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਜਿਨ੍ਹਾਂ ਵਿਚ ਹਿੰਮਤ ਦੀ ਘਾਟ ਹੈ, ਉਹ ਬਿਹਾਰ ਦਾ ਵਿਕਾਸ ਨਹੀਂ ਕਰ ਸਕਦੇ।
