
ਵਿਚੋਲੇ ਖਾ ਰਹੇ ਹਨ, ਸਰਕਾਰ ਅਸਲ ਮੁੱਦਿਆਂ ਤੋਂ ਭੱਦ ਰਹੀ ਹੈ-ਕਾਂਗਰਸ
ਨਵੀਂ ਦਿੱਲੀ : ਪਿਆਜ਼ ਦੀਆਂ ਕੀਮਤਾਂ ਪਿਛਲੇ ਤਿੰਨ ਮਹੀਨਿਆਂ ਤੋਂ ਲਗਾਤਾਰ ਵਧ ਰਹੀਆਂ ਹਨ। ਕੇਂਦਰ ਸਰਕਾਰ ਦਾ ਕਹਿਣਾ ਸੀ ਕਿ ਨਵੀਂ ਫ਼ਸਲ ਦੀ ਆਮਦ ਮਗਰੋਂ ਕੀਮਤਾਂ ਘੱਟ ਜਾਣਗੀਆਂ ਪਰ ਅਜਿਹਾ ਹੋਣ ਦੀ ਬਜਾਏ, ਪਿਆਜ਼ ਦੀ ਕੀਮਤ 100 ਰੁਪਏ ਕਿਲੋ ਨੂੰ ਟੱਪ ਗਈ ਹੈ ਤੇ ਸਰਕਾਰ ਦੇ ਸਾਰੇ ਯਤਨ ਬੇਕਾਰ ਸਾਬਤ ਹੋ ਰਹੇ ਹਨ। ਕਾਂਗਰਸ ਨੇ ਪਿਆਜ਼ ਦੀ ਕੀਮਤ ਵਿਚ ਭਾਰੀ ਵਾਧੇ ਦਾ ਮਾਮਲਾ ਸੰਸਦ ਵਿਚ ਚੁਕਦਿਆਂ ਦੋਸ਼ ਲਾਇਆ ਕਿ ਵਿਚੋਲੇ ਖਾ ਰਹੇ ਹਨ ਅਤੇ ਸਰਕਾਰ ਇਸ ਮੁੱਦੇ 'ਤੇ ਜਵਾਬ ਦੇਣ ਤੋਂ ਭੱਜ ਰਹੀ ਹੈ।
Onion
ਪਾਰਟੀ ਆਗੂ ਅਧੀਰ ਰੰਜਨ ਚੌਧਰੀ ਨੇ ਸੰਸਦ ਭਵਨ ਦੇ ਵਿਹੜੇ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, 'ਦੇਸ਼ ਦੇ ਲੋਕ ਬਹੁਤ ਤਕਲੀਫ਼ ਦਾ ਸਹਾਮਣਾ ਕਰ ਰਹੇ ਹਨ। ਪਿਆਜ਼ ਦੀ ਕੀਮਤ ਵਿਚ ਅੱਗ ਲੱਗੀ ਹੋਈ ਹੈ। ਕਿਤੇ 130 ਰੁਪਏ ਤਾਂ ਕਿਤੇ 140 ਰੁਪਏ ਕਿਲੋ ਪਿਆਜ਼ ਵਿਕ ਰਿਹੈ। ਸਰਕਾਰ ਪਿਆਜ਼ ਦੀ ਦਰਾਮਦ ਕਰ ਰਹੀ ਹੈ। ਜੇ ਸਰਕਾਰ ਪਿਆਜ਼ ਦੀ ਕੁੱਝ ਮਹੀਨੇ ਪਹਿਲਾਂ ਦਰਾਮਦ ਕਰਦੀ ਤਾਂ ਅੱਜ ਕੀਮਤ ਵਿਚ ਏਨੀ ਅੱਗ ਨਾ ਲਗਦੀ।'
Adhir Ranjan Chowdhury
ਉਨ੍ਹਾਂ ਕਿਹਾ, 'ਦਰਾਮਦ ਕਾਰਨ ਸਰਕਾਰ ਪ੍ਰਤੀ ਕਿਲੋਗ੍ਰਾਮ 27 ਰੁਪਏ ਦਾ ਭੁਗਤਾਨ ਕਰ ਰਹੀ ਹੈ ਪਰ ਲੋਕਾਂ ਨੂੰ 130 ਰੁਪਏ ਕਿਲੋ ਦੀ ਦਰ ਨਾਲ ਪਿਆਜ਼ ਮਿਲ ਰਿਹਾ ਹੈ। ਦੁੱਖ ਦੀ ਗੱਲ ਹੈ ਕਿ ਕਿਸਾਨਾਂ ਨੂੰ ਅੱਠ ਨੌਂ ਰੁਪਏ ਪ੍ਰਤੀ ਕਿਲੋਗ੍ਰਾਮ ਦੀ ਦਰ ਨਾਲ ਪੈਸਾ ਮਿਲ ਰਿਹਾ ਹੈ।' ਚੌਧਰੀ ਨੇ ਦਾਅਵਾ ਕੀਤਾ ਕਿ ਸਰਕਾਰ ਖ਼ੁਦ ਕਹਿ ਰਹੀ ਹੈ ਕਿ ਦਲਾਲਾਂ ਕਾਰਨ ਪਿਆਜ਼ ਦੀ ਕੀਮਤ ਵਿਚ ਵਾਧਾ ਹੋ ਰਿਹਾ ਹੈ।
Onion
ਇਹ ਕਿਹਾ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਆਪ ਨਹੀਂ ਖਾਂਦੇ ਪਰ ਵਿਚੋਲੇ ਜ਼ਰੂਰ ਖਾਂਦੇ ਹਨ।' ਲੋਕ ਸਭਾ ਵਿਚ ਚੌਧਰੀ ਨੇ ਕਿਹਾ, 'ਸੱਤਾਧਿਰ ਸਦਨ ਨਹੀਂ ਚਲਾਉਣ ਦੇ ਰਹੀ। ਸਰਕਾਰ ਆਮ ਲੋਕਾਂ ਦੇ ਮੁੱਦਿਆਂ ਦਾ ਸਾਹਮਣਾ ਕਰਨ ਦੀ ਹਿੰਮਤ ਨਹੀਂ ਰੱਖਦੀ। ਉਹ ਇਨ੍ਹਾਂ ਮੁੱਦਿਆਂ ਤੋਂ ਭੱਜ ਰਹੀ ਹੈ।' ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਪਿਆਜ਼ ਦਾ ਮਾਮਲਾ ਚੁੱਕਣ ਨਹੀਂ ਦਿਤਾ, ਸਦਨ ਅੰਦਰ ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ।
PM Narendra Modi
ਸਰਕਾਰ ਨੇ ਪਿਆਜ਼ ਦੀ ਸਟਾਕ ਹੱਦ ਘਟਾਈ
ਪਿਆਜ਼ ਦੀਆਂ ਵਧਦੀਆਂ ਕੀਮਤਾਂ ਕਾਰਨ ਸਰਕਾਰ ਨੇ ਪਰਚੂਨ ਦੁਕਾਨਦਾਰਾਂ ਅਤੇ ਥੋਕ ਦੁਕਾਨਦਾਰਾਂ ਦੀ ਸਟਾਕ ਹੱਦ ਘਟਾ ਦਿਤੀ ਹੈ। ਹੁਣ ਪਿਆਜ਼ ਦੇ ਪਰਚੂਨ ਦੁਕਾਨਦਾਰ ਅਤੇ ਥੋਕ ਦੁਕਾਨਦਾਰ 25 ਟਨ ਹੀ ਸਟਾਕ ਰੱਖ ਸਕਣਗੇ। ਉਪਭੋਗਤਾ ਮਾਮਲਿਆਂ ਦੇ ਮੰਤਰਾਲੇ ਨੇ ਪਹਿਲਾਂ ਪਰਚੂਨ ਦੁਕਾਨਦਾਰਾਂ ਨੂੰ 10 ਟਨ ਤਕ ਅਤੇ ਥੋਕ ਦੁਕਾਨਦਾਰਾਂ ਨੂੰ 50 ਟਨ ਤਕ ਪਿਆਜ਼ ਦਾ ਸਟਾਕ ਕਰਨ ਦੀ ਪ੍ਰਵਾਨਗੀ ਦਿਤੀ ਹੋਈ ਸੀ ਪਰ ਹੁਣ ਇਹ ਹੱਦ ਅੱਧੀ ਕਰ ਦਿਤੀ ਗਈ ਹੈ।
Onion
ਗੁਦਾਮਾਂ ਵਿਚ ਪਿਆ 32000 ਟਨ ਪਿਆਜ਼ ਸੜ ਗਿਆ ਪਰ ਬਾਜ਼ਾਰ ਵਿਚ ਨਹੀਂ ਕਢਿਆ ਗਿਆ : ਸੀਪੀਐਮ ਆਗੂ
ਰਾਜ ਸਭਾ ਵਿਚ ਸੀਪੀਐਮ ਦੇ ਮੈਂਬਰ ਨੇ ਕਿਹਾ ਕਿ ਪਿਆਜ਼ ਦੀਆਂ ਆਸਮਾਨ ਛੂੰਹਦੀਆਂ ਕੀਮਤਾਂ ਲੋਕਾਂ ਦੇ ਹੰਝੂ ਕਢਵਾ ਰਹੀਆਂ ਹਨ, ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਕਰਨ ਵਾਲੇ ਇਸ ਹਾਲਤ ਦਾ ਫ਼ਾਇਦਾ ਚੁੱਕ ਰਹੇ ਹਨ ਪਰ ਸਰਕਾਰ ਮੂਕ ਦਰਸ਼ਕ ਬਣੀ ਹੋਈ ਹੈ। ਸੀਪੀਐਮ ਮੈਂਬਰ ਕੇ ਕੇ ਰਾਗੇਸ਼ ਨੇ ਸਦਨ ਵਿਚ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਚੁਕਦਿਆਂ ਕਿਹਾ ਕਿ ਦੇਸ਼ ਦੇ ਕਈ ਹਿੱਸਿਆਂ ਵਿਚ ਪਿਆਜ਼ ਦੀ ਕੀਮਤ 120 ਰੁਪਏ ਪ੍ਰਤੀ ਕਿਲੋਗ੍ਰਾਮ ਤਕ ਪਹੁੰਚ ਗਈ ਹੈ।
K. K. Ragesh
ਉਨ੍ਹਾਂ ਕਿਹਾ ਕਿ ਗੁਦਾਮਾਂ ਵਿਚ 32000 ਟਨ ਪਿਆਜ਼ ਸੜ ਗਿਆ ਪਰ ਇਸ ਨੂੰ ਬਾਜ਼ਾਰ ਵਿਚ ਨਹੀਂ ਲਿਆਂਦਾ ਗਿਆ। ਇਹ ਪਿਆਜ਼ ਬਾਜ਼ਾਰ ਵਿਚ ਆਉਂਦਾ ਤਾਂ ਕੀਮਤਾਂ ਏਨੀਆਂ ਨਾ ਵਧਦੀਆਂ।ਰਾਗੇਸ਼ ਨੇ ਕਿਹਾ ਕਿ ਹਰ ਸਾਲ ਅਕਤੂਬਰ ਨਵੰਬਰ ਵਿਚ ਪਿਆਜ਼ ਦੀ ਕੀਮਤ ਵਧਦੀ ਹੈ। ਉਨ੍ਹਾਂ ਕਿਹਾ, 'ਸਰਕਾਰ ਨੂੰ ਮੰਗ ਵਿਚ ਵਾਧੇ ਦਾ ਪਤਾ ਹੈ ਪਰ ਮੰਦਭਾਗੀਂ ਉਹ ਮੂਕ ਦਰਸ਼ਕ ਬਣੀ ਹੋਈ ਹੈ।
Modi govt
ਉਨ੍ਹਾਂ ਕਿਹਾ ਕਿ ਸਰਕਾਰ ਵੇਲੇ ਸਿਰ ਪਿਆਜ਼ ਖ਼ਰੀਦ ਸਕਦੀ ਸੀ ਅਤੇ ਬਾਜ਼ਾਰ ਵਿਚ ਦਖ਼ਲ ਦੇ ਸਕਦੀ ਸੀ ਤਾਕਿ ਆਮ ਲੋਕਾਂ ਨੂੰ ਰਾਹਤ ਮਿਲੇ ਪਰ ਅਜਿਹਾ ਨਹੀਂ ਹੋਇਆ। ਹੁਣ ਜਮ੍ਹਾਂਖੋਰੀ ਅਤੇ ਕਾਲਾਬਾਜ਼ਾਰੀ ਕਰਨ ਵਾਲੇ ਮੁਨਾਫ਼ਾ ਕਮਾ ਰਹੇ ਹਨ ਤੇ ਸਰਕਾਰ ਕੁੱਝ ਨਹੀਂ ਕਰ ਰਹੀ। ਉਨ੍ਹਾਂ ਸਰਕਾਰ ਨੂੰ ਬਾਜ਼ਾਰ ਵਿਚ ਫ਼ੌਰੀ ਤੌਰ 'ਤੇ ਦਖ਼ਲ ਦੇਣ ਲਈ ਕਿਹਾ ਤਾਕਿ ਪਿਆਜ਼ ਦੀਆਂ ਕੀਮਤਾਂ ਘੱਟ ਸਕਣ ਅਤੇ ਲੋਕਾਂ ਨੂੰ ਰਾਹਤ ਮਿਲੇ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।