
'ਆਪ' ਵਲੋਂ ਕਾਂਗਰਸ ਹਾਈਕਮਾਨ ਤੋਂ ਪ੍ਰਤਾਪ ਬਾਜਵਾ ਨੂੰ ਪਾਰਟੀ ਤੋਂ ਬਾਹਰ ਕੱਢਣ ਦੀ ਮੰਗ
ਕਿਹਾ, ਇਕ ਹਫ਼ਤੇ 'ਚ ਮੁਆਫ਼ੀ ਨਾ ਮੰਗੀ ਤਾਂ ਬਾਜਵਾ ਵਿਰੁਧ ਕੀਤੀ ਜਾਵੇਗੀ ਕਾਰਵਾਈ
ਚੰਡੀਗੜ੍ਹ (ਕੋਮਲਜੀਤ ਕੌਰ, ਸੁਮਿੱਤ ਸਿੰਘ): ਕਾਂਗਰਸ ਦੇ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਹੁਣ ਦਲਿਤ ਮੰਤਰੀਆਂ ਅਤੇ ਵਿਧਾਇਕਾਂ ਬਾਰੇ ਦਿਤੇ ਬਿਆਨ 'ਤੇ ਘਿਰਦੇ ਨਜ਼ਰ ਆ ਰਹੇ ਹਨ। ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਇਸ ਬਾਰੇ ਪ੍ਰਤੀਕਿਰਿਆ ਜ਼ਾਹਰ ਕਰਦਿਆਂ ਕਿਹਾ ਕਿ ਕਿਸੇ ਨੂੰ ਵੀ ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਭਾਈਚਾਰੇ ਬਾਰੇ ਇਸ ਤਰ੍ਹਾਂ ਬੋਲਣ ਦਾ ਹੱਕ ਨਹੀਂ ਹੈ। 'ਆਪ' ਪਾਰਟੀ ਦਾ ਦੋਸ਼ ਹੈ ਕਿ ਜਲੰਧਰ 'ਚ ਪੰਜਾਬ ਦੀਆਂ ਵਿਰੋਧੀ ਪਾਰਟੀਆਂ ਦੀ ਕਾਨਫ਼ਰੰਸ 'ਚ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਸੀ ਕਿ ਮੋਬਾਈਲ ਰਿਪੇਅਰ ਕਰਨ ਵਾਲੇ ਕੌਣ ਹਨ, ਜੋ ਵਿਧਾਨ ਸਭਾ ਦੇ ਸਾਹਮਣੇ ਆ ਕੇ ਬੈਠ ਗਏ ਹਨ।
ਮੰਤਰੀ ਬਲਕਾਰ ਸਿੰਘ ਨੇ ਕਿਹਾ ਕਿ ਇਹ ਸਿਰਫ਼ ਵਿਧਾਇਕ ਲਾਭ ਸਿੰਘ ਉਗੋਕੇ ਦੀ ਗੱਲ ਨਹੀਂ ਹੈ ਸਗੋਂ ਸੂਬੇ ਭਰ ਦੇ ਦਲਿਤ ਭਾਈਚਾਰੇ ਵਿਚ ਰੋਸ ਦੀ ਲਹਿਰ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਦੇ ਨੇਤਾ ਅਤੇ ਸੀਨੀਅਰ ਆਗੂ ਹੋਣ ਦੇ ਨਾਤੇ ਪ੍ਰਤਾਪ ਸਿੰਘ ਬਾਜਵਾ ਨੂੰ ਅਜਿਹਾ ਨਿਜੀ ਹਮਲਾ ਕਰਨ ਤੋਂ ਗੁਰੇਜ਼ ਕਰਨਾ ਚਾਹੀਦਾ ਸੀ, ਉਨ੍ਹਾਂ ਦਾ ਇਹ ਬਿਆਨ ਅਤਿ ਨਿੰਦਣਯੋਗ ਹੈ।
ਮੰਤਰੀ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਜੋ ਵੀ ਸਵਾਲ ਚੁੱਕ ਰਹੇ ਹਨ ਉਸ ਦਾ ਜਵਾਬ ਜਨਤਾ ਤੋਂ ਲੈਣਾ ਚਾਹੀਦਾ ਹੈ ਜਿਨ੍ਹਾਂ ਨੇ 'ਮਾਨ' ਸਰਕਾਰ ਅਤੇ ਆਮ ਆਦਮੀ ਪਾਰਟੀ ਵਿਚ ਮੁੜ ਵਿਸ਼ਵਾਸ ਦਿਖਾਇਆ ਹੈ। ਬਲਕਾਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਹਿਲਾਂ ਭਾਰੀ ਬਹੁਮਤ ਨਾਲ 'ਆਪ' ਨੂੰ ਜਿਤਾਇਆ ਸੀ ਅਤੇ ਹੁਣ ਫਿਰ 'ਮਾਨ' ਸਰਕਾਰ ਦੇ ਕੰਮਾਂ ਨੂੰ ਦੇਖਦੇ ਹੋਏ ਜ਼ਿਮਨੀ ਚੋਣ ਵਿਚ ਸਾਥ ਦਿਤਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਵਲੋਂ ਕੀਤੇ ਜਾ ਰਹੇ ਕੰਮਾਂ ਅਤੇ ਜਨਤਾ ਵਲੋਂ ਮਿਲ ਰਹੇ ਪਿਆਰ ਤੋਂ ਵਿਰੋਧੀ ਬੁਖ਼ਲਾਏ ਹੋਏ ਹਨ। ਦੱਸ ਦੇਈਏ ਕਿ ਪ੍ਰਤਾਪ ਸਿੰਘ ਬਾਜਵਾ ਵਲੋਂ ਦਲਿਤਾਂ ਬਾਰੇ ਦਿਤੇ ਬਿਆਨ ਸਬੰਧੀ ਕਾਂਗਰਸ ਹਾਈਕਮਾਂਡ ਤੋਂ 'ਆਪ' ਨੇ ਮੰਗ ਕੀਤੀ ਹੈ ਕਿ ਕਾਂਗਰਸੀ ਆਗੂ ਨੂੰ ਪਾਰਟੀ ਵਿਚੋਂ ਬਾਹਰ ਕੱਢਿਆ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਪ੍ਰਤਾਪ ਸਿੰਘ ਬਾਜਵਾ ਨੇ ਇਕ ਹਫ਼ਤੇ 'ਚ ਮੁਆਫ਼ੀ ਨਾ ਮੰਗੀ ਤਾਂ ਆਮ ਆਦਮੀ ਪਾਰਟੀ ਪ੍ਰਤਾਪ ਸਿੰਘ ਬਾਜਵਾ ਵਿਰੁੱਧ ਕਾਰਵਾਈ ਕਰੇਗੀ।