
ਇਕੋ ਫਲਾਈਟ ਤੋਂ ਦਿੱਲੀ ਆ ਰਹੇ ਨਿਤੀਸ਼ ਕੁਮਾਰ ਅਤੇ ਤੇਜਸਵੀ ਯਾਦਵ
Nitish Kumar Trending: ਲੋਕ ਸਭਾ ਦੇ ਚੋਣ ਨਤੀਜੇ ਆਉਂਦੇ ਹੀ ਬਿਹਾਰ ਦੇ ਸਿਆਸੀ ਗਲਿਆਰਿਆਂ ਵਿਚ ਹਲਚਲ ਤੇਜ਼ ਹੋ ਗਈ ਹੈ। ਮੁੱਖ ਮੰਤਰੀ ਨਿਤੀਸ਼ ਕੁਮਾਰ ਇਕ ਵਾਰ ਫਿਰ ਸੁਰਖੀਆਂ ਵਿਚ ਹਨ। ਪੂਰੇ ਦੇਸ਼ ਦੀਆਂ ਨਜ਼ਰਾਂ ਉਨ੍ਹਾਂ 'ਤੇ ਟਿਕੀਆਂ ਹੋਈਆਂ ਹਨ। ਇਸ ਤੋਂ ਇਲਾਵਾ ਨਿਤੀਸ਼ ਕੁਮਾਰ ਸੋਸ਼ਲ ਮੀਡੀਆ ਅਤੇ ਗੂਗਲ ਉਤੇ ਵੀ ਟਰੈਂਡ ਕਰ ਰਹੇ ਹਨ। ਨਿਤੀਸ਼ ਕੁਮਾਰ ਨੂੰ ਲੈ ਕੇ ਸੋਸ਼ਲ ਮੀਡੀਆ ਉਤੇ ਕਈ ਤਰ੍ਹਾਂ ਦੇ ਮੀਮ ਵੀ ਵਾਇਰਲ ਹੋ ਰਹੇ ਹਨ।
ਨਿਤੀਸ਼ ਕੁਮਾਰ ਨੂੰ ਅਪਣੇ ਫਾਇਦੇ ਮੁਤਾਬਕ ਪਾਰਟੀਆਂ ਬਦਲਣ ਦੇ ਮਾਹਿਰ ਕਿਹਾ ਜਾਂਦਾ ਹੈ। ਮੰਨਿਆ ਜਂਦਾ ਹੈ ਕਿ ਜਿੱਧਰ ਸਿਆਸੀ ਹਵਾ ਚੱਲਦੀ ਹੈ, ਨਿਤੀਸ਼ ਉੱਥੇ ਹੀ ਚਲੇ ਜਾਂਦੇ ਹਨ। ਹਾਲ ਹੀ 'ਚ ਇਸ ਦੀ ਤਾਜ਼ਾ ਮਿਸਾਲ ਵੀ ਦੇਖਣ ਨੂੰ ਮਿਲੀ। ਲੋਕ ਸਭਾ ਚੋਣ ਨਤੀਜਿਆਂ ਕਾਰਨ ਸਾਰਿਆਂ ਦੀਆਂ ਨਜ਼ਰਾਂ ਨਿਤੀਸ਼ ਕੁਮਾਰ 'ਤੇ ਟਿਕੀਆਂ ਹੋਈਆਂ ਹਨ। ਇਹੀ ਕਾਰਨ ਹੈ ਕਿ ਸ਼ਰਦ ਪਵਾਰ ਤੋਂ ਲੈ ਕੇ ਰਾਸ਼ਟਰੀ ਜਨਤਾ ਦਲ ਤਕ ਹਰ ਕੋਈ ਨਿਤੀਸ਼ ਵੱਲ ਦੇਖ ਰਿਹਾ ਹੈ। ਇਸ ਸਮੇਂ ਸੋਸ਼ਲ ਮੀਡੀਆ 'ਤੇ ਹਰ ਕਿਸੇ ਦੀ ਜ਼ੁਬਾਨ 'ਤੇ ਸਿਰਫ ਦੋ ਹੀ ਨਾਮ ਹਨ। ਪਹਿਲਾ ਨਿਤੀਸ਼ ਕੁਮਾਰ ਦਾ ਅਤੇ ਦੂਜਾ ਚੰਦਰ ਬਾਬੂ ਨਾਇਡੂ ਦਾ। ਸਾਰਿਆਂ ਨੂੰ ਸ਼ੱਕ ਹੈ ਕਿ ਇਸ ਵਾਰ ਫਿਰ ਨਿਤੀਸ਼ ਕੁਮਾਰ ਬਦਲ ਸਕਦੇ ਹਨ।
ਅੱਜ ਸੀਐਮ ਨਿਤੀਸ਼ ਕੁਮਾਰ ਦਿੱਲੀ ਲਈ ਰਵਾਨਾ ਹੋ ਗਏ ਹਨ। ਹੈਰਾਨੀ ਦੀ ਗੱਲ ਇਹ ਹੈ ਕਿ ਵਿਰੋਧੀ ਧਿਰ ਦੇ ਨੇਤਾ ਤੇਜਸਵੀ ਯਾਦਵ ਵੀ ਉਸੇ ਫਲਾਈਟ ਤੋਂ ਦਿੱਲੀ ਲਈ ਰਵਾਨਾ ਹੋਏ ਹਨ, ਜਿਸ 'ਚ ਸੀਐੱਮ ਨਿਤੀਸ਼ ਕੁਮਾਰ ਜਾ ਰਹੇ ਹਨ। ਉਹ ਇੰਡੀਆ ਗਠਜੋੜ ਦੀ ਮੀਟਿੰਗ ਵਿਚ ਵੀ ਸ਼ਾਮਲ ਹੋਣਗੇ। ਦੋਵਾਂ ਦਿੱਗਜਾਂ ਦੇ ਦਿੱਲੀ ਜਾਣ ਨਾਲ ਸੱਤਾ ਦੇ ਗਲਿਆਰਿਆਂ ਵਿਚ ਅਟਕਲਾਂ ਦਾ ਬਾਜ਼ਾਰ ਗਰਮ ਹੋ ਗਿਆ ਹੈ।
ਇਥੇ ਦਿੱਲੀ ਜਾਣ ਤੋਂ ਪਹਿਲਾਂ ਸੀਐਮ ਨਿਤੀਸ਼ ਕੁਮਾਰ ਨੇ ਜੇਡੀਯੂ ਨੇਤਾਵਾਂ ਨਾਲ ਅਪਣੀ ਰਿਹਾਇਸ਼ 'ਤੇ ਬੈਠਕ ਕੀਤੀ। ਲਲਨ ਸਿੰਘ, ਮੰਤਰੀ ਅਸ਼ੋਕ ਚੌਧਰੀ, ਸੰਸਦ ਮੈਂਬਰ ਕੌਸ਼ਲੇਂਦਰ ਕੁਮਾਰ, ਲੋਜਪਾ (ਆਰ) ਦੇ ਰਾਸ਼ਟਰੀ ਪ੍ਰਧਾਨ ਚਿਰਾਗ ਪਾਸਵਾਨ ਸਮੇਤ ਕਈ ਨੇਤਾ ਮੌਜੂਦ ਸਨ। ਹਾਲਾਂਕਿ, ਮੀਟਿੰਗ ਵਿਚ ਕੀ ਫੈਸਲਾ ਹੋਇਆ? ਇਹ ਖੁਲਾਸਾ ਨਹੀਂ ਹੋ ਸਕਿਆ।
ਦਰਅਸਲ ਐਨਡੀਏ ਅੱਜ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰ ਸਕਦੀ ਹੈ। ਇਸ ਤੋਂ ਪਹਿਲਾਂ ਗਠਜੋੜ ਦੀਆਂ ਭਾਈਵਾਲ ਪਾਰਟੀਆਂ ਦੀ ਮੀਟਿੰਗ ਬੁਲਾਈ ਗਈ ਹੈ। ਖ਼ਬਰਾਂ ਅਨੁਸਾਰ ਪ੍ਰਧਾਨ ਮੰਤਰੀ ਨੇ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਅਤੇ ਟੀਡੀਪੀ ਨੇਤਾ ਚੰਦਰਬਾਬੂ ਨਾਇਡੂ ਨੂੰ ਫੋਨ ਕਰਕੇ ਇਸ ਮੀਟਿੰਗ ਵਿਚ ਸ਼ਾਮਲ ਹੋਣ ਲਈ ਕਿਹਾ ਹੈ।
ਚੰਦਰਬਾਬੂ ਦੀ ਟੀਡੀਪੀ 15 ਸੀਟਾਂ ਨਾਲ ਐਨਡੀਏ ਵਿਚ ਦੂਜੀ ਸੱਭ ਤੋਂ ਵੱਡੀ ਪਾਰਟੀ ਬਣ ਗਈ ਹੈ ਅਤੇ ਨਿਤੀਸ਼ ਦੀ ਜੇਡੀਯੂ 12 ਸੀਟਾਂ ਨਾਲ ਐਨਡੀਏ ਵਿਚ ਤੀਜੀ ਸੱਭ ਤੋਂ ਵੱਡੀ ਪਾਰਟੀ ਬਣ ਗਈ ਹੈ। ਭਾਜਪਾ ਲਈ ਇਸ ਸਮੇਂ ਦੋਵੇਂ ਪਾਰਟੀਆਂ ਜ਼ਰੂਰੀ ਹਨ। ਉਨ੍ਹਾਂ ਤੋਂ ਬਿਨਾਂ ਭਾਜਪਾ ਲਈ ਸਰਕਾਰ ਬਣਾਉਣਾ ਮੁਸ਼ਕਲ ਹੈ।
(For more Punjabi news apart from Nitish Kumar Trending on social media punjabi news, stay tuned to Rozana Spokesman)