ਮੈਂ ਸਨਾਤਨ ਧਰਮ ’ਚੋਂ ਹਾਂ, ਸਾਨੂੰ ਇਕ-ਦੂਜੇ ਧਰਮ ਦਾ ਮਾਣ ਕਰਨਾ ਚਾਹੀਦਾ ਹੈ : ਕੇਜਰੀਵਾਲ
ਨਵੀਂ ਦਿੱਲੀ, 5 ਸਤੰਬਰ: ‘ਭਾਰਤ ਦੇ ਰਾਸ਼ਟਰਪਤੀ’ ਵਲੋਂ ਭੇਜੇ ਗਏ ਜੀ-20 ਰਾਤ ਦੇ ਖਾਣੇ ਦੇ ਸੱਦੇ ’ਤੇ ਵਿਵਾਦ ਵਿਚਕਾਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮੰਗਲਵਾਰ ਨੂੰ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ‘ਘਬਰਾਈ ਹੋਈ’ ਹੈ ਅਤੇ ਜੇਕਰ ਵਿਰੋਧੀ ਗਠਜੋੜ ‘ਇੰਡੀਆ’ ਅਪਣਾ ਨਾਂ ਬਦਲ ਕੇ ‘ਭਾਰਤ’ ਰੱਖ ਲਵੇ ਤਾਂ ਕੀ ਭਾਜਪਾ ਦੇਸ਼ ਦਾ ਨਾਂ ਭਾਰਤ ਤੋਂ ਬਦਲ ਕੇ ਕੁਝ ਹੋਰ ਰੱਖ ਦੇਵੇਗੀ?
ਕਾਂਗਰਸ ਨੇ ਦਾਅਵਾ ਕੀਤਾ ਹੈ ਕਿ ਜੀ-20 ਰਾਤ ਦੇ ਖਾਣੇ ਦੇ ਸੱਦੇ ’ਤੇ ਰਾਸ਼ਟਰਪਤੀ ਨੂੰ ‘ਪ੍ਰੈਜ਼ੀਡੈਂਟ ਆਫ਼ ਇੰਡੀਆ’ ਦੀ ਥਾਂ ‘ਪ੍ਰੈਜ਼ੀਡੈਂਟ ਆਫ਼ ਭਾਰਤ’ ਕਹਿ ਕੇ ਸੰਬੋਧਨ ਕੀਤਾ ਗਿਆ ਹੈ। ਕੇਜਰੀਵਾਲ ਨੇ ਕਿਹਾ, ‘‘ਇਸ ਬਾਰੇ ਮੈਂ ਕੋਈ ਅਧਿਕਾਰਕ ਜਾਣਕਾਰੀ ਨਹੀਂ ਰਖਦਾ, ਪਰ ਮੈਂ ਅਫ਼ਵਾਹਾਂ ਸੁਣੀਆਂ ਹਨ। ਅਜਿਹਾ ਕਿਉਂ ਹੋ ਰਿਹਾ ਹੈ? ਕੁਝ ਪਾਰਟੀਆਂ ‘ਇੰਡੀਆ’ ਗਠਜੋੜ ਬਣਾਉਣ ਲਈ ਇਕੱਠੀਆਂ ਆਈਆਂ ਹਨ। ਜੇਕਰ ‘ਇੰਡੀਆ’ ਗਠਜੋੜ ਅਪਣਾ ਨਾਂ ਬਦਲ ਕੇ ‘ਭਾਰਤ’ ਕਰ ਲਵੇ ਤਾਂ ਕੀ ਉਹ ਭਾਰਤ ਦਾ ਨਾਂ ਬਦਲ ਦੇਣਗੇ?’’
ਉਨ੍ਹਾਂ ਕਿਹਾ, ‘‘ਇਹ ਦੇਸ਼ਧ੍ਰੋਹ ਹੈ।’’
ਡੀ.ਐਮ.ਕੇ. ਆਗੂ ਉਦੈਨਿਧੀ ਸਟਾਲਿਨ ਵਲੋਂ ਸਨਾਤਨ ਧਰਮ ’ਤੇ ਟਿਪਣੀ ਤੋਂ ਪੈਦਾ ਹੋਏ ਇਕ ਹੋਰ ਵਿਵਾਦ ’ਤੇ ਕੇਜਰੀਵਾਲ ਨੇ ਕਿਹਾ ਕਿ ਲੋਕਾਂ ਨੂੰ ਸਾਰੇ ਧਰਮਾਂ ਦਾ ਮਾਣ ਕਰਨਾ ਚਾਹੀਦਾ ਹੈ। ਉਨ੍ਹਾਂ ਕਿਹਾ, ‘‘ਮੈਂ ਸਨਾਤਨ ਧਰਮ ਤੋਂ ਹਾਂ। ਤੁਹਾਡੇ ’ਚੋਂ ਕਈ ਲੋਕ ਸਨਾਤਨ ਧਰਮ ਤੋਂ ਹਨ। ਸਾਨੂੰ ਇਕ-ਦੂਜੇ ਦੇ ਧਰਮ ਦਾ ਮਾਣ ਕਰਨਾ ਚਾਹੀਦਾ ਹੈ ਅਤੇ ਇਸ ਵਿਰੁਧ ਗ਼ਲਤ ਨਹੀਂ ਬੋਲਣਾ ਚਾਹੀਦਾ।’’ ਸਟਾਲਿਨ ਨੇ ਦੋ ਸਤੰਬਰ ਨੂੰ ਸਨਾਤਨ ਧਰਮ ਨੂੰ ਕੋਰੋਨਾ ਵਾਇਰਸ, ਮਲੇਰੀਆ ਅਤੇ ਡੇਂਗੂ ਦੇ ਬਰਾਬਰ ਦਸਿਆ ਸੀ ਅਤੇ ਕਿਹਾ ਸੀ ਕਿ ਅਜਿਹੀਆਂ ਚੀਜ਼ਾਂ ਦਾ ਸਿਰਫ਼ ਵਿਰੋਧ ਨਹੀਂ ਕੀਤਾ ਜਾਣਾ ਚਾਹੀਦਾ ਬਲਕਿ ਉਨ੍ਹਾਂ ਨੂੰ ਨਸ਼ਟ ਕਰ ਦੇਣਾ ਚਾਹੀਦਾ ਹੈ।