ਰਾਜਸਥਾਨ ’ਚ ਸਚਿਨ ਪਾਇਲਟ ਵਲੋਂ ਵੱਖ ਪਾਰਟੀ ਬਣਾਉਣ ਦੀ ਚਰਚਾ
ਨਵੀਂ ਦਿੱਲੀ: ਰਾਜਸਥਾਨ ਦੇ ਸਾਬਕਾ ਉਪ ਮੁੱਖ ਮੰਤਰੀ ਸਚਿਨ ਪਾਇਲਟ ਦੇ ਅਗਲੇ ਕਦਮ ਨੂੰ ਲੈ ਕੇ ਜਾਰੀ ਕਿਆਫ਼ਿਆਂ ਵਿਚਕਾਰ ਉਨ੍ਹਾਂ ਦੇ ਕਰੀਬੀ ਸੂਤਰਾਂ ਨੇ ਮੰਗਲਵਾਰ ਨੂੰ ਕਿਹਾ ਕਿ ਉਹ ਅਪਣੀਆਂ ਮੰਗਾਂ ਨੂੰ ਲੈ ਕੇ ਅਡੋਲ ਹਨ ਅਤੇ ਇਨ੍ਹਾਂ ’ਤੇ ਕਾਂਗਰਸ ਹਾਈਕਮਾਨ ਦੇ ਫ਼ੈਸਲੇ ਦੀ ਉਡੀਕ ਕਰ ਰਹੇ ਹਨ।
ਕੁਝ ਖ਼ਬਰਾਂ ’ਚ ਕਿਹਾ ਗਿਆ ਹੈ ਕਿ ਪਾਇਲਟ ਛੇਤੀ ਹੀ ਵੱਖ ਪਾਰਟੀ ਦਾ ਗਠਨ ਕਰ ਸਕਦੇ ਹਨ, ਹਾਲਾਂਕਿ ਉਨ੍ਹਾਂ ਦੇ ਕਰੀਬੀ ਸੂਤਰਾਂ ਦਾ ਕਹਿਣਾ ਹੈ ਕਿ ਫ਼ਿਲਹਾਲ ਉਨ੍ਹਾਂ ਦਾ ਪੂਰਾ ਧਿਆਨ ਉਨ੍ਹਾਂ ਮੰਗਾਂ ’ਤੇ ਹੈ ਜੋ ਉਹ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਉਠਾ ਰਹੇ ਹਨ।
ਪਾਇਲਟ ਨੇ ਪਿੱਛੇ ਜਿਹੇ ਤਿੰਨ ਮੰਗਾਂ ਰਖੀਆਂ ਸਨ, ਜਿਨ੍ਹਾਂ ’ਚ ਰਾਜਸਥਾਨ ਲੋਕ ਸੇਵਾ ਕਮਿਸ਼ਨ (ਆਰ.ਪੀ.ਐਸ.ਸੀ.) ਨੂੰ ਭੰਗ ਕਰਨਾ ਅਤੇ ਇਸ ਦਾ ਪੁਨਰਗਠਨ, ਸਰਕਾਰੀ ਇਮਤਿਹਾਨਾਂ ਦੇ ਪੇਪਰ ਲੀਕ ਹੋਣ ਤੋਂ ਪ੍ਰਭਾਵਤ ਨੌਜੁਆਨਾਂ ਨੂੰ ਮੁਆਵਾਜ਼ਾ ਦੇਣਾ ਅਤੇ ਵਸੁੰਧਰਾ ਰਾਜੇ ਦੀ ਅਗਵਾਈ ਵਾਲੀ ਪਿਛਲੀ ਭਾਜਪਾ ਸਰਕਾਰ ਵਿਰੁਧ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਉੱਚ ਪੱਧਰ ਜਾਂਚ ਕਰਵਾਉਣਾ ਸ਼ਾਮਲ ਹੈ।
ਨਵੀਂ ਪਾਰਟੀ ਗਠਤ ਕਰਨ ਦੀ ਸੰਭਾਵਨਾ ਨਾਲ ਜੁੜੀਆਂ ਖ਼ਬਰਾਂ ਬਾਰੇ ਪੁੱਛੇ ਜਾਣ ’ਤੇ ਪਾਇਲਟ ਦੇ ਕਰੀਬੀ ਇਕ ਸੂਤਰ ਨੇ ਕਿਹਾ, ‘‘ਪਾਇਲਟ ਨੇ ਜੋ ਮੁੱਦੇ ਚੁੱਕੇ ਹਨ, ਉਨ੍ਹਾਂ ’ਤੇ ਕਾਂਗਰਸ ਹਾਈਕਮਾਨ ਦੇ ਫ਼ੈਸਲੇ ਦੀ ਉਡੀਕ ਕਰ ਰਹੇ ਹਨ।’’
ਉਧਰ ਪਾਇਲਟ ਦੇ ਕਰੀਬੀ ਮੰਨੇ ਜਾਣ ਵਾਲੇ ਰਾਜਸਥਾਨ ਦੇ ਖੇਤੀ ਰਾਜ ਮੰਤਰੀ ਮੁਰਾਲੀ ਲਾਲ ਮੀਣਾ ਨੇ ਕਿਹਾ ਕਿ ਇਸ ਗੱਲ ’ਚ ਕੋਈ ਦਮ ਨਹੀਂ ਹੈ ਕਿ ਪਾਇਲਟ ਨਵੀਂ ਪਾਰਟੀ ਬਣਾਉਣ ਜਾ ਰਹੇ ਹਨ।
ਉਨ੍ਹਾਂ ਕਿਹਾ, ‘‘ਮੈਨੂੰ ਨਹੀਂ ਪਤਾ ਕਿ ਇਹ ਅਫ਼ਵਾਹ ਕਿੱਥੋਂ ਸ਼ੁਰੂ ਹੋਈ। ਇਸ ’ਚ ਕੋਈ ਦਮ ਨਹੀਂ ਹੈ।’’
ਪਿਛਲੇ ਦਿਨੀਂ ਕਾਂਗਰਸ ਨੇ ਗਹਿਲੋਤ ਅਤੇ ਪਾਇਲਟ ਨਾਲ ਪਾਰਟੀ ਪ੍ਰਧਾਨ ਮੱਲਿਕਾਰਜੁਨ ਖੜਗੇ ਅਤੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ ਲੰਮੀ ਬੈਠਕ ਤੋਂ ਬਾਅਦ ਕਿਹਾ ਸੀ ਕਿ ਦੋਵੇਂ ਆਗੂ ਆਗਾਮੀ ਵਿਧਾਨ ਸਭਾ ਚੋਣਾਂ ਇਕਜੁਟ ਹੋ ਕੇ ਲੜਨ ’ਤੇ ਸਹਿਮਤ ਹਨ ਅਤੇ ਉਨ੍ਹਾਂ ਵਿਚਕਾਰ ਮੁੱਦਿਆਂ ਦਾ ਹੱਲ ਹਾਈਕਮਾਨ ਕਰੇਗਾ।