
ਉਹਨਾਂ ਕਿਹਾ ਕਿ ‘ਮੁਫ਼ਤ ਦੀ ਰਿਓੜੀ’ ਲੈਣ ਵਾਲਿਆਂ 'ਚ ਮੇਹੁਲ ਚੋਕਸੀ ਅਤੇ ਰਿਸ਼ੀ ਅਗਰਵਾਲ ਦਾ ਨਾਂ ਸਭ ਤੋਂ ਉੱਪਰ ਹੈ।
ਨਵੀਂ ਦਿੱਲੀ: ਭਾਜਪਾ ਦੇ ਸੰਸਦ ਮੈਂਬਰ ਵਰੁਣ ਗਾਂਧੀ ਨੇ ਇਕ ਵਾਰ ਫਿਰ ਆਪਣੀ ਹੀ ਸਰਕਾਰ ਨੂੰ ਸਵਾਲਾ ਦੇ ਘੇਰੇ ਵਿਚ ਲਿਆ ਹੈ। ਵਰੁਣ ਗਾਂਧੀ ਨੇ ਟਵੀਟ ਕਰਕੇ ਪੁੱਛਿਆ, 'ਸਰਕਾਰੀ ਖਜ਼ਾਨੇ 'ਤੇ ਪਹਿਲਾ ਹੱਕ ਕਿਸ ਦਾ ਹੈ?' ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ‘ਮੁਫ਼ਤ ਦੀ ਰਿਓੜੀ’ ਲੈਣ ਵਾਲਿਆਂ 'ਚ ਮੇਹੁਲ ਚੋਕਸੀ ਅਤੇ ਰਿਸ਼ੀ ਅਗਰਵਾਲ ਦਾ ਨਾਂ ਸਭ ਤੋਂ ਉੱਪਰ ਹੈ।
ਵਰੁਣ ਗਾਂਧੀ ਨੇ ਟਵੀਟ ਕਰਕੇ ਲਿਖਿਆ, ‘ਜੋ ਸਦਨ ਗਰੀਬ ਨੂੰ 5 ਕਿਲੋ ਰਾਸ਼ਨ ਦਿੱਤੇ ਜਾਣ ’ਤੇ ‘ਧੰਨਵਾਦ’ ਦੀ ਇੱਛਾ ਰੱਖਦਾ ਹੈ। ਉਹੀ ਸਦਨ ਦੱਸਦਾ ਹੈ ਕਿ 5 ਸਾਲਾਂ ਵਿਚ ਭ੍ਰਿਸ਼ਟ ਧਨਾਢਾਂ ਦਾ 10 ਲੱਖ ਕਰੋੜ ਤੱਕ ਦਾ ਕਰਜ਼ਾ ਮੁਆਫ਼ ਹੋਇਆ ਹੈ। ‘ਮੁਫ਼ਤ ਦੀ ਰਿਓੜੀ’ ਲੈਣ ਵਾਲਿਆਂ ਵਿਚ ਮੇਹੁਲ ਚੋਕਸੀ ਅਤੇ ਰਿਸ਼ੀ ਅਗਰਵਾਲ ਦਾ ਨਾਂ ਸਭ ਤੋਂ ਉੱਪਰ ਹੈ। ਸਰਕਾਰੀ ਖ਼ਜ਼ਾਨੇ ’ਤੇ ਪਹਿਲਾ ਹੱਕ ਕਿਸ ਦਾ ਹੈ?’
ਵਰੁਣ ਗਾਂਧੀ ਦੀ ‘ਮੁਫ਼ਤ ਰਿਓੜੀ’ ਵਾਲੀ ਟਿੱਪਣੀ ਨੂੰ ਪੀਐਮ ਮੋਦੀ ਦੇ ਉਸ ਬਿਆਨ ਨਾਲ ਜੋੜਿਆ ਜਾ ਰਿਹਾ ਹੈ, ਜਿਸ ਵਿਚ ਪੀਐਮ ਮੋਦੀ ਨੇ ਯੂਪੀ ਵਿਚ ਇਕ ਜਨ ਸਭਾ ਵਿਚ ਮੁਫਤ ਸਹੂਲਤਾਂ ਦੇਣ ਦੀ ਰਾਜਨੀਤੀ ਦੀ ਤਿੱਖੀ ਆਲੋਚਨਾ ਕਰਦੇ ਹੋਏ ਕਿਹਾ ਸੀ ਕਿ ਇਹ 'ਰਿਓੜੀ' ਸੱਭਿਆਚਾਰ ਦੇਸ਼ ਦੇ ਵਿਕਾਸ ਲਈ 'ਬਹੁਤ ਖਤਰਨਾਕ' ਹੈ।
ਦੱਸ ਦੇਈਏ ਕਿ ਵਰੁਣ ਗਾਂਧੀ ਪਹਿਲਾਂ ਵੀ ਆਪਣੀ ਸਰਕਾਰ 'ਤੇ ਨਿਸ਼ਾਨਾ ਸਾਧਦੇ ਰਹੇ ਹਨ। ਭਾਜਪਾ ਨੇਤਾ ਅਤੇ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਸੁਸ਼ੀਲ ਕੁਮਾਰ ਮੋਦੀ ਵੱਲੋਂ 'ਮੁਫ਼ਤ ਦੇ ਸੱਭਿਆਚਾਰ' ਨੂੰ ਖ਼ਤਮ ਕਰਨ ਬਾਰੇ ਰਾਜ ਸਭਾ ਵਿਚ ਚਰਚਾ ਦੀ ਮੰਗ ਕਰਨ ਵਾਲੇ ਤਾਜ਼ਾ ਨੋਟਿਸ ਦਾ ਹਵਾਲਾ ਦਿੰਦੇ ਹੋਏ ਵਰੁਣ ਨੇ ਇਕ ਟਵੀਟ ਵਿਚ ਕਿਹਾ ਕਿ ਜਨਤਾ ਨੂੰ ਰਾਹਤ ਦੇਣ 'ਤੇ ਉਂਗਲ ਚੁੱਕਣ ਤੋਂ ਪਹਿਲਾਂ ਸਾਨੂੰ ‘ਆਪਣੀ ਪੀੜੀ ਹੇਠ ਸੋਟਾ ਫੇਰਨਾ’ ਚਾਹੀਦਾ ਹੈ। ਉਹਨਾਂ ਕਿਹਾ ਸੀ, ‘ਕਿਉਂ ਨਾ ਚਰਚਾ ਦੀ ਸ਼ੁਰੂਆਤ ਸੰਸਦ ਮੈਂਬਰਾਂ ਨੂੰ ਮਿਲਣ ਵਾਲੀ ਪੈਨਸ਼ਨ ਸਮੇਤ ਹੋਰ ਸਹੂਲਤਾਂ ਖਤਮ ਕਰਕੇ ਨਾ ਕੀਤੀ ਜਾਵੇ?’
ਵਰੁਣ ਗਾਂਧੀ ਨੇ ਪਿਛਲੇ ਪੰਜ ਸਾਲਾਂ ਵਿਚ ਵੱਡੀ ਗਿਣਤੀ ਵਿਚ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਦੇ ਲਾਭਪਾਤਰੀਆਂ ਦੁਆਰਾ ਸਿਲੰਡਰ ਨਾ ਭਰਨ ਦਾ ਮੁੱਦਾ ਉਠਾਇਆ ਅਤੇ ਕਿਹਾ ਕਿ ਪਿਛਲੇ ਪੰਜ ਸਾਲਾਂ ਵਿਚ 4.13 ਕਰੋੜ ਲੋਕ ਸਿਲੰਡਰ ਨੂੰ ਦੁਬਾਰਾ ਭਰਵਾਉਣ ਦਾ ਖਰਚਾ ਇਕ ਵਾਰ ਵੀ ਨਹੀਂ ਚੁੱਕ ਸਕੇ ਜਦਕਿ 7.67 ਕਰੋੜ ਨੇ ਇਸ ਨੂੰ ਸਿਰਫ਼ ਇਕ ਵਾਰ ਭਰਵਾਇਆ।