
ਸਨਿਚਰਵਾਰ ਨੂੰ ਜਾਰੀ ਐਗਜ਼ਿਟ ਪੋਲ ’ਚ ਨੈਸ਼ਨਲ ਕਾਨਫਰੰਸ-ਕਾਂਗਰਸ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ
ਸ੍ਰੀਨਗਰ : ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦੇ ਐਗਜ਼ਿਟ ਪੋਲ ਜਾਰੀ ਹੋਣ ਤੋਂ ਬਾਅਦ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਨੇ ਖੁਸ਼ੀ ਜ਼ਾਹਰ ਕੀਤੀ ਹੈ ਕਿ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਮਿਲ ਕੇ ਸਰਕਾਰ ਬਣਾਉਂਦੀਆਂ ਨਜ਼ਰ ਆ ਰਹੀਆਂ ਹਨ। ਉਨ੍ਹਾਂ ਕਿਹਾ ਹੈ ਕਿ ਪੀ.ਡੀ.ਪੀ. ਸਾਡੇ ਨਾਲ ਸ਼ਾਮਲ ਹੋਣ ਲਈ ਤਿਆਰ ਹੈ, ਇਹ ਬਹੁਤ ਚੰਗੀ ਗੱਲ ਹੈ।
ਦਰਅਸਲ, ਐਗਜ਼ਿਟ ਪੋਲ ਸਾਹਮਣੇ ਆਉਣ ਤੋਂ ਬਾਅਦ ਪੀ.ਡੀ.ਪੀ. ਆਗੂ ਜ਼ੁਹੈਬ ਯੂਸਫ ਮੀਰ ਨੇ ਬਿਆਨ ਦਿਤਾ ਸੀ ਕਿ ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ਨੂੰ ਸੱਤਾ ਤੋਂ ਬਾਹਰ ਰੱਖਣ ਲਈ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਨਾਲ ਗਠਜੋੜ ਕਰਨ ਲਈ ਤਿਆਰ ਹਨ। ਪੀ.ਡੀ.ਪੀ. ਨੇਤਾ ਦੇ ਇਸ ਬਿਆਨ ਨੂੰ ਲੈ ਕੇ ਫਾਰੂਕ ਅਬਦੁੱਲਾ ਨੇ ਕਿਹਾ, ‘‘ਉਨ੍ਹਾਂ ਨੂੰ ਵਧਾਈ ਦਿਤੀ ਜਾਣੀ ਚਾਹੀਦੀ ਹੈ। ਉਸ ਦੀ ਸੋਚ ਚੰਗੀ ਹੈ, ਅਸੀਂ ਸਾਰੇ ਇਕੋ ਰਸਤੇ ’ਤੇ ਹਾਂ। ਸਾਨੂੰ ਨਫ਼ਰਤ ਨੂੰ ਖਤਮ ਕਰਨਾ ਹੈ ਅਤੇ ਜੰਮੂ-ਕਸ਼ਮੀਰ ਨੂੰ ਇਕਜੁੱਟ ਰਖਣਾ ਹੈ।’’
ਸਨਿਚਰਵਾਰ ਨੂੰ ਜਾਰੀ ਐਗਜ਼ਿਟ ਪੋਲ ’ਚ ਨੈਸ਼ਨਲ ਕਾਨਫਰੰਸ-ਕਾਂਗਰਸ ਦੀ ਸਰਕਾਰ ਬਣਦੀ ਨਜ਼ਰ ਆ ਰਹੀ ਹੈ। ਫਾਰੂਕ ਅਬਦੁੱਲਾ ਨੇ ਸਨਿਚਰਵਾਰ ਨੂੰ ਐਗਜ਼ਿਟ ਪੋਲ ’ਤੇ ਟਿਪਣੀ ਕਰਨ ਤੋਂ ਇਨਕਾਰ ਕਰ ਦਿਤਾ ਸੀ। ਉਨ੍ਹਾਂ ਕਿਹਾ ਸੀ, ‘‘8 ਅਕਤੂਬਰ ਨੂੰ ਸਾਰੇ ਨਤੀਜੇ ਤੁਹਾਡੇ ਸਾਹਮਣੇ ਹੋਣਗੇ, ਬਾਕਸ ਖੁੱਲ੍ਹ ਜਾਣਗੇ ਅਤੇ ਸਾਨੂੰ ਪਤਾ ਲੱਗੇਗਾ ਕਿ ਕੌਣ ਕਿੱਥੇ ਖੜਾ ਹੈ, ਪਰ ਮੈਂ ਇੰਨਾ ਜਾਣਦਾ ਹਾਂ ਕਿ ਕਾਂਗਰਸ-ਨੈਸ਼ਨਲ ਕਾਨਫਰੰਸ ਗਠਜੋੜ ਬਹੁਮਤ ਨਾਲ ਸਰਕਾਰ ਬਣਾਏਗਾ।’’
ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਅਤੇ ਪੀ.ਡੀ.ਪੀ. ਮੁਖੀ ਮਹਿਬੂਬਾ ਮੁਫਤੀ ਨੇ 24 ਅਗੱਸਤ ਨੂੰ ਪਾਰਟੀ ਦਾ ਮੈਨੀਫੈਸਟੋ ਜਾਰੀ ਕੀਤਾ ਸੀ। ਇਸ ਦੌਰਾਨ ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦੇ ਸਮਰਥਨ ਦੇ ਸਵਾਲ ’ਤੇ ਉਨ੍ਹਾਂ ਕਿਹਾ- ਦੋਹਾਂ ਪਾਰਟੀਆਂ ਵਿਚਾਲੇ ਗਠਜੋੜ ਸੀਟਾਂ ਦੀ ਵੰਡ ’ਤੇ ਹੋ ਰਿਹਾ ਹੈ, ਏਜੰਡੇ ’ਤੇ ਨਹੀਂ। ਜੇਕਰ ਦੋਵੇਂ ਪਾਰਟੀਆਂ ਸਾਡੀ ਪਾਰਟੀ ਦੇ ਏਜੰਡੇ ਨੂੰ ਮਨਜ਼ੂਰ ਕਰ ਦੀਆਂ ਹਨ ਤਾਂ ਅਸੀਂ ਗਠਜੋੜ ਲਈ ਤਿਆਰ ਹਾਂ। ਸਾਡਾ ਇਕੋ ਏਜੰਡਾ ਹੈ- ਜੰਮੂ-ਕਸ਼ਮੀਰ ਦੀ ਸਮੱਸਿਆ ਨੂੰ ਹੱਲ ਕਰਨਾ।