
ਹਲਕਾ ਸੁਨਾਮ ਤੋਂ ਟਿਕਟ ਨਾ ਮਿਲਣ ਕਾਰਨ ਕਾਂਗਰਸ ਤੋਂ ਨਾਰਾਜ਼ ਮਹਿਲਾ ਆਗੂ ਦਾਮਨ ਬਾਜਵਾ ਅੱਜ ਭਾਜਪਾ ਵਿਚ ਸ਼ਾਮਲ ਹੋਏ ਹਨ।
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਦੇ ਚਲਦਿਆਂ ਹਲਕਾ ਸੁਨਾਮ ਤੋਂ ਟਿਕਟ ਨਾ ਮਿਲਣ ਕਾਰਨ ਕਾਂਗਰਸ ਤੋਂ ਨਾਰਾਜ਼ ਮਹਿਲਾ ਆਗੂ ਦਾਮਨ ਬਾਜਵਾ ਅੱਜ ਭਾਜਪਾ ਵਿਚ ਸ਼ਾਮਲ ਹੋਏ ਹਨ। ਕਾਂਗਰਸ ’ਤੇ ਇਲਜ਼ਾਮ ਲਗਾਉਂਦਿਆਂ ਉਹਨਾਂ ਕਿਹਾ ਕਿ ਕਾਂਗਰਸ ਅਪਣੀ ਵਿਚਾਰਧਾਰਾਂ ਤੋਂ ਭਟਕ ਕੇ ਪਰਿਵਾਰਵਾਦ ਨੂੰ ਅੱਗੇ ਵਧਾ ਰਹੀ ਹੈ। ਕਾਂਗਰਸ ਨੇ ਕਿਸੇ ਬਾਹਰੀ ਵਿਅਕਤੀ ਨੂੰ ਟਿਕਟ ਦਿੱਤੀ ਹੈ ਜੋ ਕਿ ਕਿਸੇ ਵਿਧਾਇਕ ਦਾ ਭਤੀਜਾ ਜਾਂ ਬੇਟਾ ਹੈ।
ਦਾਮਨ ਬਾਜਵਾ ਨੇ ਕਿਹਾ ਕਿ ਇਹ ਸਭ ਕੁੱਝ ਇਕ ਲੀਡਰ ਦੀ ਸੋਚ ਕਰਕੇ ਕੀਤਾ ਗਿਆ। ਉਹਨਾਂ ਦਾ ਕਹਿਣਾ ਹੈ ਕਿ ਉਹਨਾਂ ਨੇ 5 ਸਾਲ ਕਾਂਗਰਸ ਲਈ ਦਿਨ-ਰਾਤ ਕੰਮ ਕੀਤਾ ਪਰ ਉਹਨਾਂ ਦੀ ਮਿਹਨਤ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਉਹਨਾਂ ਕਿਹਾ ਕਿ ਭਾਜਪਾ ਵਲੋਂ ਮਿਹਨਤੀ ਲੋਕਾਂ ਨੂੰ ਪਹਿਲ ਦਿੱਤੀ ਜਾਂਦੀ ਹੈ, ਇਸੇ ਚੀਜ਼ ਨੇ ਉਹਨਾਂ ਨੂੰ ਭਾਜਪਾ ਦਾ ਹਿੱਸਾ ਬਣਨ ਲਈ ਪ੍ਰੇਰਿਤ ਕੀਤਾ ਹੈ।
ਦਾਮਨ ਬਾਜਵਾ ਨੇ ਕਿਹਾ ਕਿ ਉਹਨਾਂ ਦਾ ਉਦੇਸ਼ ਸੁਨਾਮ ਹਲਕੇ ਦੇ ਵਿਕਾਸ ਅਤੇ ਲੋਕਾਂ ਲਈ ਕੰਮ ਕਰਨਾ ਹੈ। ਦਾਮਨ ਬਾਜਵਾ ਤੋਂ ਇਲਾਵਾ ਨਗਰ ਕੌਂਸਲ ਦੇ ਪ੍ਰਧਾਨ ਨਿਸ਼ਾਨ ਸਿੰਘ ਟੋਨੀ, ਸੁਨਾਮ ਯੂਥ ਕਾਂਗਰਸ ਦੇ ਪ੍ਰਧਾਨ ਅਤੇ ਮਾਰਕਿਟ ਕਮੇਟੀ ਸੰਗਰੂਰ ਦੇ ਵਾਈਸ ਚੇਅਰਮੈਨ ਵੀ ਭਾਜਪਾ ਵਿਚ ਸ਼ਾਮਲ ਹੋਏ ਹਨ।