ਭਾਰਤੀ ਜਨਤਾ ਪਾਰਟੀ ਇਕ ਚੁੰਬਕ ਵਾਂਗ ਸਾਰਿਆਂ ਨੂੰ ਅਪਣੇ ਵਲ ਖਿੱਚ ਰਹੀ ਹੈ : ਅਨੁਰਾਗ ਠਾਕੁਰ

By : KOMALJEET

Published : May 8, 2023, 5:02 pm IST
Updated : May 8, 2023, 5:02 pm IST
SHARE ARTICLE
Union Minister Anurag Thakur
Union Minister Anurag Thakur

ਕਿਹਾ, 2014 ਵਿਚ ਕਣਕ ਅਤੇ ਝੋਨੇ ਦਾ ਜੋ ਭਾਅ ਸੀ ਉਸ ਵਿਚ 70 ਫ਼ੀ ਸਦੀ ਇਜ਼ਾਫ਼ਾ ਭਾਰਤੀ ਜਨਤਾ ਪਾਰਟੀ ਨੇ ਕੀਤਾ, ਕਿਸਾਨਾਂ ਦਾ ਖ਼ਰਚਾ ਵਧਿਆ ਨਹੀਂ ਬਲਕਿ ਘਟਿਆ ਹੈ

'ਕਰਤਾਰਪੁਰ ਲਈ ਘੱਟ ਤੋਂ ਘੱਟ 2 ਰੇਲਗੱਡੀਆਂ 15 ਦਿਨ ਵਿਚ ਸ਼ੁਰੂ ਕਰਵਾ ਦੇਵਾਂਗੇ'
ਕਿਹਾ, ਖੇਡੋ ਇੰਡੀਆ ਪ੍ਰੋਗਰਾਮ ਲਈ ਸਰਕਾਰ ਨੇ 3200 ਕਰੋੜ ਰੁਪਏ ਵੱਖ ਦਿਤੇ

ਚੰਡੀਗੜ੍ਹ (ਨਵਜੋਤ ਸਿੰਘ ਧਾਲੀਵਾਲ, ਕੋਮਲਜੀਤ ਕੌਰ, ਵੀਰਪਾਲ ਕੌਰ, ਰਮਨਦੀਪ ਕੌਰ) : ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਸਾਰੀਆਂ ਪਾਰਟੀਆਂ ਪੱਬਾਂ ਭਾਰ ਹਨ ਤੇ ਸਾਰੀਆਂ ਪਾਰਟੀਆਂ ਦੀ ਸੀਨੀਅਰ ਲੀਡਰਸ਼ਿਪ ਜਲੰਧਰ ਵਿਚ ਪਹੁੰਚ ਕੇ ਚੋਣ ਪ੍ਰਚਾਰ ਕਰ ਰਹੀ ਹੈ। ਭਾਜਪਾ ਵਲੋਂ ਕੇਂਦਰੀ ਮੰਤਰੀ ਅਨੁਰਾਗ ਠਾਕੁਰ ਵੀ ਜਲੰਧਰ ਵਿਚ ਚੋਣ ਪ੍ਰਚਾਰ ਕਰਨ ਪਹੁੰਚੇ ਜਿਸ ਦੌਰਾਨ ਰੋਜ਼ਾਨਾ ਸਪੋਕਸਮੈਨ ਨੇ ਉਨ੍ਹਾਂ ਨਾਲ ਖ਼ਾਸ ਗੱਲਬਾਤ ਕੀਤੀ ਜਿਸ ਦੇ ਕੁੱਝ ਅੰਸ਼ ਇਸ ਪ੍ਰਕਾਰ ਹਨ। 

ਸਵਾਲ: ਲੋਕ ਪੰਜਾਬ ਵਿਚ ਭਾਜਪਾ ਨੂੰ ਵੋਟ ਕਿਉਂ ਪਾਉਣਗੇ? 
ਜਵਾਬ: 5 ਸਾਲ ਕਾਂਗਰਸ ਵੇਖੀ ਤੇ ਕਾਂਗਰਸ ਦਾ ਭਿ੍ਰਸ਼ਟਾਚਾਰ ਦੇਖਿਆ ਤੇ ਲੋਕਾਂ ਨੇ ਤੰਗ ਆ ਕੇ ਨਸ਼ਾ ਮੁਕਤ ਪੰਜਾਬ ਬਣਾਉਣ ਲਈ ਤੇ ਭਿ੍ਰਸ਼ਟਾਚਾਰ ਨੂੰ ਖ਼ਤਮ ਕਰਨ ਲਈ ਆਮ ਆਦਮੀ ਪਾਰਟੀ ਨੂੰ ਚੁਣਿਆ ਤੇ 92 ਸੀਟਾਂ ਦਿਤੀਆਂ ਪਰ ਇਕ ਸਾਲ ਵਿਚ ਪੰਜਾਬ ਦੇ ਲੋਕ ਅਪਣੇ ਆਪ ਨੂੰ ਠੱਗਿਆਂ ਹੋਇਆ ਮਹਿਸੂਸ ਕਰਨ ਲੱਗੇ। ਉਨ੍ਹਾਂ ਨੂੰ ਲਗਦਾ ਹੈ ਕਿ ਨਸ਼ਾ ਬੰਦ ਤਾਂ ਕਿਥੋਂ ਹੋਣਾ ਸੀ ਬਲਕਿ ਹੁਣ ਤਾਂ ਨਸ਼ੇ ਦਾ ਵਪਾਰ ਹੋਰ ਵਧ ਗਿਆ ਹੈ। ਪੰਜਾਬ ਵਿਚ ਮਾਫ਼ੀਆ ਘਟਣਾ ਤਾਂ ਕੀ ਸੀ ਸਗੋਂ ਵਧ ਗਿਆ ਹੈ। ਇਸ ਇਕ ਸਾਲ ਵਿਚ ਕਈ ਵੱਡੀਆਂ ਘਟਨਾਵਾਂ ਹੋਈਆਂ। ਪੰਜਾਬ ਦੀਆਂ ਜੇਲਾਂ ਵਿਚ ਬੈਠੇ ਗੈਂਗਸਟਰ ਲੋਕਾਂ ਤੋਂ ਫਿਰੌਤੀਆਂ ਮੰਗਦੇ ਨੇ ਤੇ ਉਨ੍ਹਾਂ ਦਾ ਕਤਲ ਕਰਦੇ ਹਨ। 
ਪੰਜਾਬ ਦੇ ਲੋਕਾਂ ਨੇ ਆਪ ਹੀ ਟੀਵੀ ’ਤੇ ਦੇਖਿਆ ਹੈ ਕਿ ਪੰਜਾਬ ਦਾ ਮਾਹੌਲ ਕਿਵੇਂ ਦਿਨੋਂ-ਦਿਨ ਖ਼ਰਾਬ ਹੋ ਰਿਹਾ ਹੈ। ਇੰਜ ਲਗਦਾ ਹੈ ਕਿ ਜਿਵੇਂ ਸਰਕਾਰ ਨਾਮ ਦੀ ਕੋਈ ਚੀਜ਼ ਪੰਜਾਬ ਵਿਚ ਹੈ ਹੀ ਨਹੀਂ। ਅੱਜ ਮੈਂ ਜਲੰਧਰ ਵਿਚ ਬੈਠਾ ਇਹ ਕਹਿ ਸਕਦਾ ਹਾਂ ਕੀ ਜਿਹੜੀ ਸਰਕਾਰ ਵੱਡੇ-ਵੱਡੇ ਦਾਅਵੇ ਕਰਦੀ ਸੀ ਉਨ੍ਹਾਂ ਦੀ ਸਰਕਾਰ ਵਿਚ ਸਿਰਫ਼ 2 ਮਹੀਨਿਆਂ ਬਾਅਦ ਹੀ ਭਿ੍ਰਸ਼ਟਾਚਾਰ ਕਰ ਕੇ ਸਿਹਤ ਮੰਤਰੀ ਨੇ ਅਸਤੀਫ਼ਾ ਦਿਤਾ ਤੇ ਫ਼ੂਡ ਸਪਲਾਈ ਮੰਤਰੀ ਨੇ ਵੀ ਭਿ੍ਰਸ਼ਟਾਚਾਰ ਕਰ ਕੇ ਅਸਤੀਫ਼ਾ ਦਿਤਾ ਤੇ ਹੁਣ ਤੀਜੇ ਮੰਤਰੀ ਦੀ ਅਜਿਹੀ ਵੀਡੀਉ ਵਾਇਰਲ ਹੋ ਰਹੀ ਹੈ ਕਿ ਸ਼ਰਮ ਆਉਂਦੀ ਹੈ। 
ਆਮ ਆਦਮੀ ਪਾਰਟੀ ਦੇ ਦੋ ਵਿਧਾਇਕਾਂ ’ਤੇ ਵੀ ਭਿ੍ਰਸ਼ਟਾਚਾਰ ਦੇ ਦੋਸ਼ ਨੇ ਤੇ ਕਈਆਂ ਦੇ ਰਿਸ਼ਤੇਦਾਰਾਂ ਤੇ ਸਕੂਲਾਂ ਵਿਚ ਜਾ ਕੇ ਚੋਰੀ ਕਰਨ ਦਾ ਆਰੋਪ ਹੈ ਤੇ ਜੇ ਅਜਿਹੀਆਂ ਗੱਲਾਂ ਸਿੱਧੇ ਤੌਰ ’ਤੇ ਸਾਹਮਣੇ ਆਉਣਗੀਆਂ ਤਾਂ ਇਹ ਪਾਰਟੀ ਲੋਕਾਂ ਵਿਚ ਕਿਹੜਾ ਮੂੰਹ ਲੈ ਕੇ ਜਾਣਗੇ ਤੇ ਜਿਹੜੇ ਵਾਅਦੇ ਕੀਤੇ ਸੀ ਉਨ੍ਹਾਂ ਤੋਂ ਮੁਕਰ ਗਏ। ਪੰਜਾਬ ਦੀਆਂ ਔਰਤਾਂ ਇਕੱਠੀਆਂ ਹੋ ਕੇ ਕਹਿ ਰਹੀਆਂ ਨੇ ਕਿ 14 ਮਹੀਨੇ ਹੋ ਗਏ ਪਰ ਅਜੇ ਤਕ ਸਰਕਾਰ ਨੇ 1000 ਰੁਪਏ ਮਹੀਨਾ ਖਾਤਿਆਂ ਵਿਚ ਨਹੀਂ ਪਾਇਆ। ਪੰਜਾਬ ਦੇ ਲੋਕ ਸੜਕਾਂ ਸੋਹਣੀਆਂ ਚਾਹੁੰਦੇ ਨੇ ਪਰ ਸਾਰੇ ਪਾਸੇ ਕੂੜਾ ਹੀ ਕੂੜਾ ਪਿਆ ਹੈ। ਮੋਦੀ ਸਰਕਾਰ ਨੇ ਜੋ 900 ਕਰੋੜ ਭੇਜਿਆ ਸੀ ਉਸ ਨਾਲ ਜਲੰਧਰ ਨੂੰ ਖ਼ੂਬਸੂਰਤ ਬਣਾਉਣਾ ਸੀ ਪਰ ਉਹ ਪੈਸਾ ਪਤਾ ਨਹੀਂ ਕਿਥੇ ਗਿਆ?

ਸਵਾਲ: ਲੋਕ ਭਾਜਪਾ ਨੂੰ ਵੋਟ ਕਿਉਂ ਪਾਉਣਗੇ? ਤੁਸੀ ਭਾਰਤ ਦੇ ਯੁਵਾ ਮਾਮਲੇ ਅਤੇ ਖੇਡ ਮੰਤਰੀ ਹੋ, ਪਰ ਸਾਡੇ ਪਹਿਲਵਾਨ ਖਿਡਾਰੀ ਜੰਤਰ-ਮੰਤਰ ’ਤੇ ਧਰਨੇ ਉਤੇ ਬੈਠੇ ਕਹਿ ਰਹੇ ਹਨ ਕਿ ਅਸੀ ਮੈਡਲ ਜਿੱਤ ਕੇ ਦੇਸ਼ ਦਾ ਮਾਣ ਵਧਾਇਆ ਹੈ। ਹੁਣ ਅਪਣੇ ਸਨਮਾਨ ਲਈ ਸੜਕਾਂ ’ਤੇ ਆਏ। ਦੂਜੀ ਗੱਲ ਪੰਜਾਬ ਦਾ ਪੈਸਾ ਰੋਕਿਆ ਗਿਆ। ਆਰਡੀਐਫ਼ ਨੂੰ ਜ਼ੀਰੋ ਕਰ ਦਿਤਾ ਗਿਆ। ਮੰਡੀ ਰੇਟ ਘਟਾ ਦਿਤਾ ਗਿਆ। ਕੀ ਕੇਂਦਰ ਦਾ ਮਕਸਦ ਸੀ ਕਿ ਪੰਜਾਬ ਦਾ ਵੱਡਾ ਦਿਲ ਦੁਖਾ ਕੇ ਕੋਈ ਵੱਡੇ ਖ਼ਜ਼ਾਨੇ ਦਾ ਮੂੰਹ ਖੋਲ੍ਹਣਾ? 
ਜਵਾਬ: ਇਸ ਲਈ ਪਹਿਲਾਂ ਭਾਜਪਾ ਨੂੰ ਵੋਟ ਦਿਉ ਕਿਉਂਕਿ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਅਗਰ ਕਿਸੇ ਨੇ ਗੱਲ ਕੀਤੀ ਹੈ ਤਾਂ ਸਿਰਫ਼ ਭਾਜਪਾ ਨੇ ਕੀਤੀ ਹੈ। ਕਰਤਾਰਪੁਰ ਲਾਘਾ ਖੋਲ੍ਹਣ ਦਾ ਕੰਮ ਵੀ ਭਾਜਪਾ ਨੇ ਕੀਤਾ ਹੈ। ਹੇਮਕੁੰਟ ਸਾਹਿਬ ਰੋਪਵੇਅ ਬਣਾਉਣ ਦਾ ਕੰਮ ਵੀ ਮੋਦੀ ਸਰਕਾਰ ਨੇ ਕੀਤਾ ਹੈ। 26 ਦਸੰਬਰ ਨੂੰ ‘ਵੀਰ ਬਾਲ ਦਿਵਸ’ ਵਜੋਂ ਮਨਾਉਣ ਦਾ ਕੰਮ ਵੀ ਭਾਜਪਾ ਨੇ ਸ਼ੁਰੂ ਕਰਵਾਇਆ ਹੈ। ਅਸੀ ਅਫ਼ਗ਼ਾਨਿਸਤਾਨ ਵਿਚ ਗੁਰਦੁਆਰਾ ਸਾਹਿਬ ਵਿਚ ਹਮਲੇ ਸਮੇਂ ਫਸੇ ਸਿੱਖਾਂ ਨੂੰ ਸੁਰੱਖਿਅਤ ਭਾਰਤ ਲੈ ਕੇ ਆਏ। ਇਸ ਇਮਾਨਦਾਰੀ ਕਾਰਨ ਅਸੀ ਲੋਕਾਂ ਤੋਂ ਵੋਟ ਮੰਗ ਰਹੇ ਹਾਂ। ਡਾ. ਅੰਬੇਡਕਰ ਜੈਯੰਤੀ ਲਈ 14 ਅਪ੍ਰੈਲ ਨੂੰ ਅਸੀ ਛੁੱਟੀ ਦੇਣ ਦਾ ਕੰਮ ਕੀਤਾ। 26 ਜਨਵਰੀ ਨੂੰ ਸੰਵਿਧਾਨ ਦਿਵਸ ਵਜੋਂ ਮਨਾਉਣ ਦਾ ਕੰਮ ਸ਼ੁਰੂ ਕੀਤਾ। ਅਸੀ ਖੇਡਾਂ ਲਈ 964 ਕਰੋੜ ਰੁਪਏ ਬਜਟ ਵਧਾ ਕੇ 3397 ਕਰੋੜ ਰੁਪਏ ਕੀਤਾ। ‘ਖੇਡੋ ਇੰਡੀਆ ਅਭਿਆਨ’ ਸ਼ੁਰੂ ਕਰਵਾਇਆ।

ਸਵਾਲ: ਖਿਡਾਰੀਆਂ ਦਾ ਇਲਜ਼ਾਮ ਸਿਰਫ਼ ਯੋਨ ਸੋਸ਼ਣ ਹੈ?
ਜਵਾਬ: ਮੋਦੀ ਸਰਕਾਰ ਨੇ ਖਿਡਾਰੀਆਂ ਨੂੰ ਸਾਰੀਆਂ ਸੁਵਿਧਾਵਾਂ ਦਿਤੀਆਂ ਹਨ ਜਿਨ੍ਹਾਂ ਸਦਕਾ ਉਹ ਵਿਦੇਸ਼ਾਂ ਵਿਚ ਜਾ ਕੇ ਭਾਰਤ ਲਈ ਗੋਲਡ ਮੈਡਲ ਜਿੱਤ ਕੇ ਆਏ। ਉਨ੍ਹਾਂ ਨੇ ਕਿਹਾ ਕਿ ਨਿਰਪੱਖ ਚੋਣਾਂ ਹੋਣ ਅਸੀ ਕਰਵਾ ਰਹੇ ਹਾਂ। ਅਸੀ ਉਨ੍ਹਾਂ ਦੇ ਕਹਿਣ ’ਤੇ ਸਿਲੈਕਸ਼ਨ ਲਈ ਨਵੀਂ ਕਮੇਟੀ ਬਣਾਈ। ਹੁਣ ਖਿਡਾਰਨਾਂ ਨੇ ਯੋਨ ਸੋਸ਼ਣ ਦਾ ਇਲਜ਼ਾਮ ਲਗਾਇਆ ਹੈ ਜਿਸ ’ਤੇ ਦਿੱਲੀ ਪੁਲਿਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਸਾਰੇ ਖਿਡਾਰੀਆਂ ਦੇ ਬਿਆਨ ਦਰਜ ਹੋਏ ਹਨ। ਜਾਂਚ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਵੇਗਾ।

ਸਵਾਲ:  ਕੀ  ਜੰਤਰ-ਮੰਤਰ ’ਤੇ ਖਿਡਾਰੀਆਂ ਨਾਲ ਬਦਸਲੂਕੀ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਵਿਰੁਧ ਕੋਈ ਕਾਰਵਾਈ ਹੋਵੇਗੀ?
ਜਵਾਬ: ਜੰਤਰ ਮੰਤਰ ’ਤੇ 144 ਧਾਰਾ ਲੱਗੀ ਹੈ। ਕੋਈ ਵੀ ਅਪਣਾ ਸਥਾਈ ਕੰਮ ਨਹੀਂ ਕਰ ਸਕਦਾ ਜੋ ‘ਆਪ’ ਦੇ ਸੋਮਨਾਥ ਭਾਰਤੀ ਨੇ ਕੀਤਾ। ਉਸ ਨੇ ਮੰਜੇ ਲਿਆ ਕੇ ਉਸ ਨੂੰ ਰਾਜਨੀਤਕ ਅਖਾੜਾ ਬਣਾਉਣ ਦਾ ਕੰਮ ਕੀਤਾ। ਵੀਡੀਉ ਵਿਚ ਸਾਫ਼ ਸਪੱਸ਼ਟ ਹੋ ਰਿਹਾ ਹੈ ਕਿ ਗ਼ਲਤੀ ਦੋਹਾਂ ਧਿਰਾਂ ਦੀ ਸੀ। ਅਸੀ ਚਾਹੁੰਦੇ ਹਾਂ ਕਿ ਮਾਮਲੇ ਦੀ ਜਾਂਚ ਸਹੀ ਢੰਗ ਨਾਲ ਕੀਤੀ ਜਾਵੇ। ਉਸ ਤੋਂ ਬਾਅਦ ਹੀ ਪੁਲਿਸ ਕਾਰਵਾਈ ਕਰੇਗੀ।

ਸਵਾਲ: ਮਣੀਪੁਰ ਉਬਲ ਰਿਹਾ ਹੈ, ਦਿੱਲੀ ਜੰਤਰ ਮੰਤਰ ’ਤੇ ਖਿਡਾਰੀ ਬੈਠੇ ਹਨ। ਉਨ੍ਹਾਂ ’ਤੇ  ਬੀਜੇਪੀ ਦਾ ਕੋਈ ਧਿਆਨ ਨਹੀਂ। ਕੀ ਭਾਜਪਾ ਦੀ ਨੀਤੀ ਚੋਣਾਂ ਜਿੱਤਣਾ ਹੈ ਤੇ ਹੋਰ ਕੋਈ ਕੰਮ ਕਰਨਾ ਨਹੀਂ?
ਜਵਾਬ: ਜੇ ਅਸੀ ਕੰਮ ਕੀਤਾ ਤਾਂ ਉਤਰ ਪ੍ਰਦੇਸ਼, ਉਤਰਾਖੰਡ, ਮਣੀਪੁਰ, ਤਿ੍ਰਪੁਰਾ, ਨਾਗਾਲੈਂਡ, ਮੇਘਾਲਿਆ, ਮਿਜ਼ੋਰਮ, ਅਸਮ ਵਾਪਸ ਜਿੱਤਿਆ ਹੈ। ਹੁਣ ਕਰਨਾਟਕ ਵੀ ਵਾਪਸ ਜਿੱਤਾਂਗੇ। ਚੋਣਾਂ ਲੜ ਕੇ ਜਿੱਤਣ ਨਾਲ ਸੇਵਾ ਕਰਨ ਦਾ ਮੌਕਾ ਮਿਲਦਾ ਹੈ। ਅਸੀਂ ਆਮ ਆਦਮੀ ਪਾਰਟੀ ਵਾਂਗ ਨਹੀਂ ਕਿ ਝੂਠ ਬੋਲ ਕੇ ਸੱਤਾ ਵਿਚ ਮੇਵਾ ਖਾਣ ਲਈ ਬੈਠ ਗਏ । ਸ਼ਰਾਬ ਘਪਲੇ ਮਾਮਲੇ ਵਿਚ ਇਨ੍ਹਾਂ ਦਾ ਦਿੱਲੀ ਦਾ ਉਪ ਮੁੱਖ ਮੰਤਰੀ ਜੇਲ ਵਿਚ ਹੈ ਤੇ ਦੂਜਾ ਸਤਿੰਦਰ ਜੈਨ 11 ਮਹੀਨਿਆਂ ਤੋਂ ਜੇਲ ਵਿਚ ਹੈ ਇਹ ਕਹਿੰਦੇ ਕਿ ਉਸ ਨੂੰ ਭਾਰਤ ਰਤਨ ਦੇ ਦਿਉ। ਇਨ੍ਹਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ।

ਸਵਾਲ: ਭਾਜਪਾ ਨੇ ਪੰਜਾਬ ਵਿਚ ਅਨੁਰਾਗ ਠਾਕੁਰ ਵਰਗੇ ਵੱਡੀ ਲੀਡਰਸ਼ਿਪ ਲਗਾਈ ਹੈ। ਕੀ ਭਾਜਪਾ ਨੂੰ ਚੋਣਾਂ ਜਿੱਤਣ ਦੀ ਉਮੀਦ ਹੈ?
ਜਵਾਬ: ਸਾਡੇ ਲਈ ਚੋਣਾਂ ਇਕ ਮੌਕਾ ਹੈ ਜਨਤਾ ਵਿਚ ਜਾ ਕੇ ਅਪਣੀਆਂ ਉਪਲੱਭਧੀਆਂ ਦਸਣ ਦਾ। ਮੋਦੀ ਸਰਕਾਰ ਨੇ 45 ਕਰੋੜ ਬੈਂਕ ਖਾਤੇ ਖੁਲ੍ਹਵਾ ਦਿਤੇ। ਸਾਢੇ ਨੌ ਕਰੋੜ ਔਰਤਾਂ ਨੂੰ ਮੁਫ਼ਤ ਵਿਚ ਸਿਲੰਡਰ ਦਿਤੇ। 121 ਰੁਪਏ ਸਿਲੰਡਰ ਦੀ ਕੀਮਤ ਘਟਾ ਦਿਤੀ ਤੇ ਲੋਕਾਂ ਨੂੰ ਹੁਣ ਵੀ 200-200 ਰੁਪਏ ਸਬਸਿਡੀ ਦੇ ਰਹੇ ਹਨ। ਉਹ ਵੀ ਤਿੰਨ ਸਾਲਾਂ ਦੇ ਵਿਚ 11 ਕਰੋੜ 60 ਲੱਖ ਪਾਣੀ ਦੇ ਕੁਨੈਸ਼ਨ ਲਗਾ ਦਿਤੇ। ਜਿਹੜੀ ਕਾਂਗਰਸ 70 ਸਾਲਾਂ ਵਿਚ 3 ਕਰੋੜ ਰੁਪਏ ਵੀ ਨਾ ਲਗਾ ਸਕੀ। ਅਸੀ ਅੰਗਰੇਜ਼ਾਂ ਨੂੰ ਪਿੱਛੇ ਛੱਡ ਕੇ ਸੱਭ ਤੋਂ ਵੱਡੀ ਅਰਥ ਵਿਵਸਥਾ ਬਣ ਕੇ ਅੱਗੇ ਖੜੇ ਹਾਂ।

ਸਵਾਲ : ਜਲੰਧਰ ਤੁਹਾਡਾ ਦੂਜਾ ਘਰ ਹੈ। ਜੇਕਰ ਜਲੰਧਰ ਦੇ ਲੋਕ ਭਾਜਪਾ ’ਤੇ ਵਿਸ਼ਵਾਸ ਕਰ ਕੇ ਵੋਟ ਦੇਣ ਤਾਂ ਕੀ ਬੀ.ਜੇ.ਪੀ. ਦੀ ਕੇਂਦਰ ਸਰਕਾਰ ਜਲੰਧਰ ਵਿਚੋਂ ਕੋਈ ਮੰਤਰੀ ਲੈ ਕੇ ਜਾਵੇਗੀ?
ਜਵਾਬ : ਇਕ ਗੱਲ ਸਪਸ਼ਟ ਕਰ ਰਿਹਾ ਹਾਂ ਕਿ ਜਨਤਾ ਦੀ ਮੰਗ ਅਨੁਸਾਰ ਕਰਤਾਰਪੁਰ ਲਈ ਘੱਟ ਤੋਂ ਘੱਟ 2 ਰੇਲਗੱਡੀਆਂ 15 ਦਿਨ ਵਿਚ ਸ਼ੁਰੂ ਕਰਵਾ ਦੇਵਾਂਗੇ। ਆਦਮਪੁਰ ਫ਼ਲਾਈਓਵਰ ਦਾ ਕੰਮ ਸੂਬਾ ਸਰਕਾਰ ਨੇ ਨਹੀਂ ਕੀਤਾ। ਕੇਂਦਰ ਸਰਕਾਰ ਵਲੋਂ ਪੰਜ-ਪੰਜ ਸੌ ਕਰੋੜ ਰੁਪਏ ਦਿਤੇ ਜਾਣ ’ਤੇ ਵੀ ਨਾ ਹੀ ਕਾਂਗਰਸ ਅਤੇ ਨਾ ਹੀ ‘ਆਪ’ ਸਰਕਾਰ ਨੇ ਕੰਮ ਕੀਤਾ। ਮੰਤਰੀ ਤੋਂ ਜ਼ਿਆਦਾ ਅਹਿਮੀਅਤ ਰੁਕੇ ਹੋਏ ਕੰਮ ਪੂਰੇ ਕਰਵਾਉਣ ਵਿਚ ਹੈ। ਇਸ ਲਈ ਜਿੰਨਾ ਵੀ ਪੈਸਾ ਇਨ੍ਹਾਂ ਸਰਕਾਰਾਂ ਨੇ ਖਾਧਾ ਹੈ ਅਸੀ ਉਸ ਦਾ ਪੂਰਾ ਜਵਾਬ ਲੈ ਕੇ ਦੇਵਾਂਗੇ।

ਸਵਾਲ : ਸੱਭ ਤੋਂ ਵੱਡੀ ਸਿਆਸੀ ਪਾਰਟੀ ਬੀ.ਜੇ.ਪੀ. ਨੂੰ ਜਲੰਧਰ ਚੋਣ ਲਈ ਅਪਣਾ ਉਮੀਦਵਾਰ ਕਿਉਂ ਨਹੀਂ ਮਿਲਿਆ, ਉਧਾਰਾ ਕਿਉਂ ਲੈਣਾ ਪਿਆ?
ਜਵਾਬ : ਕੋਈ ਉਮੀਦਵਾਰ ਉਧਾਰਾ ਨਹੀਂ ਹੈ, ਪਹਿਲਾਂ ਸਾਂਝਾ ਸੀ ਹੁਣ ਅਪਣਾ ਪੱਕਾ ਉਮੀਦਵਾਰ ਹੈ।

ਸਵਾਲ : ਜੋ ਸਾਂਝ ਪਹਿਲਾਂ ਸੀ ਕੀ ਉਹ ਮੁੜ ਜੁੜ ਸਕਦੀ ਹੈ?
ਜਵਾਬ : ਜਿਹੜੀ ਸਾਂਝ ਸੀ ਉਹ ਅਸੀ ਬਹੁਤ ਸਾਲਾਂ ਤਕ ਨਿਭਾਈ ਹੈ। ਹੁਣ ਭਾਰਤੀ ਜਨਤਾ ਪਾਰਟੀ ਨੂੰ ਜਨਤਾ ਪੂਰਾ ਸਮਰਥਨ ਦੇ ਰਹੀ ਹੈ। ਅਸੀ ਪੂਰੀ ਤਾਕਤ ਨਾਲ ਅੱਗੇ ਵਧਾਂਗੇ। ਜਲੰਧਰ ਦੀ ਇਹ ਚੋਣ ਵੀ ਜਿਤਾਂਗੇ ਤੇ 2027 ਵਿਚ ਵੀ ਪੰਜਾਬ ਵਿਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾਵਾਂਗੇ।

ਸਵਾਲ : ਤੁਸੀਂ ਕਹਿੰਦੇ ਸੀ ‘ਕਾਂਗਰਸ ਮੁਕਤ ਭਾਰਤ’ ਪਰ ਸਥਿਤੀ ਇਹ ਲੱਗ ਰਹੀ ਹੈ ਕਿ ਕਾਂਗਰਸ ਯੁਕਤ ਬੀ.ਜੇ.ਪੀ. ਬਣਦੀ ਜਾ ਰਹੀ ਹੈ।
ਜਵਾਬ : ਕਾਂਗਰਸ ਬਹੁਤ ਪੁਰਾਣੀ ਪਾਰਟੀ ਹੈ ਪਰ ਲੋਕਾਂ ਨੇ ਦੇਖਿਆ ਕਿ ਕੰਮ ਕੌਣ ਕਰ ਰਿਹਾ ਹੈ - ਭਾਰਤੀ ਜਨਤਾ ਪਾਰਟੀ। ਵਰਕਰਾਂ ਦਾ ਮੁਲ ਕਿਥੇ ਪੈਂਦਾ ਹੈ, ਦੇਸ਼ ਨੂੰ ਅੱਗੇ ਕੌਣ ਵਧਾ ਰਿਹਾ ਹੈ, ਇਮਾਨਦਾਰ ਕੌਣ ਹੈ? ਭਾਰਤੀ ਜਨਤਾ ਪਾਰਟੀ। ਦੁਨੀਆਂ ਦਾ ਸੱਭ ਤੋਂ ਵੱਡਾ ਦਲ ਕਿਹੜਾ ਹੈ ਅਤੇ ਦੁਨੀਆਂ ਦਾ ਸੱਭ ਤੋਂ ਪਸੰਦੀਦਾ ਨੇਤਾ ਕਿਹੜੀ ਪਾਰਟੀ ਵਿਚ ਹੈ? ਭਾਰਤੀ ਜਨਤਾ ਪਾਰਟੀ। ਇਸ ਲਈ ਭਾਰਤੀ ਜਨਤਾ ਪਾਰਟੀ ਇਕ ਚੁੰਬਕ ਵਾਂਗ ਸਾਰਿਆਂ ਨੂੰ ਅਪਣੇ ਵਲ ਖਿੱਚ ਰਹੀ ਹੈ ਅਤੇ ਅਪਣਾ ਆਧਾਰ ਹੋਰ ਵਧਾ ਕੇ ਜਨਤਾ ਵਿਚ ਜਾਣ ਦਾ ਕੰਮ ਕਰ ਰਹੀ ਹੈ।

ਸਵਾਲ : ਲੋਕ ਇਹ ਪੁਛਣਾ ਚਾਹੁੰਦੇ ਹਨ ਕਿ ਤੁਹਾਡਾ ਉਹ ਕਿਹੜਾ ਬ੍ਰਾਂਡ ਹੈ ਜਿਸ ਵਿਚ ਬਾਹਰਲਾ ਭਿ੍ਰਸ਼ਟ ਬੰਦਾ ਜਾ ਕੇ ਦੁੱਧ ਧੋਤਾ ਬਣ ਜਾਂਦਾ ਹੈ?
ਜਵਾਬ : ਅਸੀਂ ਲੋਕਾਂ ਨੂੰ ਜਵਾਬਦੇਹ ਕਰਦੇ ਹਾਂ। ਇਥੇ ਕੋਈ ਵੀ ਆਵੇਗਾ ਤਾਂ ਉਸ ਨੂੰ ਦੇਸ਼ ਅਤੇ ਜਨਤਾ ਪ੍ਰਤੀ ਸਮਰਪਤ ਰਹਿਣਾ ਪਵੇਗਾ। ਉਹ ਅਪਣੇ ਆਪ ਤਕ ਸੀਮਤ ਨਹੀਂ ਰਹਿ ਸਕਦਾ, ਜਿਵੇਂ ਕਾਂਗਰਸ ਵਿਚ ਹੁੰਦਾ ਸੀ ਕਿ ਉਨ੍ਹਾਂ ਲਈ ਪ੍ਰਵਾਰ ਪਹਿਲਾਂ ਫਿਰ ਪਾਰਟੀ ਅਤੇ ਦੇਸ਼ ਅੰਤ ਵਿਚ ਹੁੰਦਾ ਹੈ। ਭਾਰਤੀ ਜਨਤਾ ਪਾਰਟੀ ਵਿਚ ਦੇਸ਼ ਸੱਭ ਤੋਂ ਪਹਿਲਾਂ ਫਿਰ ਪਾਰਟੀ ਅਤੇ ਅਸੀ ਸੱਭ ਅੰਤ ਵਿਚ ਹਾਂ।

ਸਵਾਲ : ਕੇਂਦਰ ਸਰਕਾਰ ਦੀ ਪੰਜਾਬ ਪ੍ਰਤੀ ਕੀ ਵਚਨਬੱਧਤਾ ਰਹੇਗੀ? ਪੰਜਾਬ ਬਹੁਤ ਸਾਲਾਂ ਤੋਂ ਵਿਸ਼ੇਸ਼ ਪੈਕੇਜ ਦੀ ਮੰਗ ਕਰ ਰਿਹਾ, ਜਿਸ ਤਰੀਕੇ ਗੁਆਂਢੀ ਸੂਬਿਆਂ ਨੂੰ ਦਿਤਾ ਗਿਆ ਖ਼ਾਸ ਕਰ ਪਹਾੜੀ ਸੂਬਿਆਂ ਨੂੰ, ਕਿਉਂਕਿ ਪੰਜਾਬ ਇਕ ਸਰਹੱਦੀ ਸੂਬਾ ਹੈ।
ਜਵਾਬ :  ਪੰਜਾਬ ਲਈ ਅਸੀ ਏਮਜ਼, ਸੈਟੇਲਾਈਟ ਕੇਂਦਰ, ਹਜ਼ਾਰਾਂ ਕਰੋੜਾਂ ਰੁਪਏ ਦੀਆਂ ਸੜਕਾਂ ਅਤੇ ਵੱਡੀਆਂ-ਵੱਡੀਆਂ ਯੂਨੀਵਰਸਿਟੀਆਂ ਖੋਲ੍ਹਣ ਦਾ ਕੰਮ ਕੀਤਾ ਹੈ ਤੇ ਅੱਗੇ ਵੀ ਕਰਾਂਗੇ। ਮੋਦੀ ਜੀ ਪੰਜਾਬ ਲਈ 40 ਹਜ਼ਾਰ ਕਰੋੜ ਰੁਪਏ ਦੇਣ ਆਏ ਪਰ ਪੰਜਾਬ ਦੀ ਸਰਕਾਰ ਨੇ ਛੋਟਾ ਮਨ ਦਿਖਾ ਕੇ ਪ੍ਰਧਾਨ ਮੰਤਰੀ ਦੀ ਸੁਰੱਖਿਆ ’ਤੇ ਸਵਾਲ ਖੜੇ ਕੀਤੇ। ਉਥੇ ਅਜਿਹੀ ਹਰਕਤ ਕੀਤੀ ਜੋ ਦੇਸ਼ ਵਿਚ ਅੱਜ ਤਕ ਨਹੀਂ ਹੋਈ। ਅਜਿਹੀ ਰਾਜਨੀਤੀ ਕਿਸੇ ਨੂੰ ਬਰਦਾਸ਼ਤ ਨਹੀਂ ਹੈ ਅਤੇ ਨਾ ਹੀ ਹੋਵੇਗੀ।

ਸਵਾਲ : ਕੀ ਉਸ ਕਾਰਨ ਪੰਜਾਬ ਵਿਸ਼ੇਸ਼ ਪੈਕੇਜ ਤੋਂ ਵਾਂਝਾ ਰਹਿ ਗਿਆ?
ਜਵਾਬ : ਵਿਸ਼ੇਸ਼ ਪੈਕੇਜ ਕੀ ਹੁੰਦਾ ਹੈ? ਵਿਸ਼ੇਸ਼ ਪੈਕੇਜ- ਇਹ ਸ਼ਬਦਾਵਲੀ ਘੁਮਾਉਣ ਲਈ ਵਧੀਆ ਹੈ। ਇਕ ਪਾਸੇ ਕਰਤਾਰਪੁਰ ਲਾਂਘਾ ਕੋਈ ਨਹੀਂ ਖੋਲ੍ਹ ਸਕਿਆ ਉਹ ਅਸੀ ਖੋਲ੍ਹਿਆ। ਏਮਜ਼ ਹਸਪਤਾਲ ਤੋਂ ਲੈ ਕੇ ਪੀ.ਜੀ.ਆਈ. ਆਦਿ ਰਿਕਾਰਡ ਸਮੇਂ ਦੇ ਅੰਦਰ ਬਣਾਏ ਹਨ। ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦਿੱਲੀ ਦਾ ਸਫ਼ਰ ਚਾਰ ਘੰਟੇ ਵਿਚ ਤੈਅ ਕਰ ਸਕਦੇ ਹੋ। ਇਹ ਸੁਪਰ ਐਕਸਪ੍ਰੈਸਵੇਅ ਕੌਣ ਬਣਾ ਰਿਹਾ ਹੈ - ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣਾ ਰਹੀ ਹੈ। ਕੀ ਤੁਸੀ ਇਸ ਨੂੰ ਵਿਸ਼ੇਸ਼ ਪੈਕੇਜ ਨਹੀਂ ਕਹਿ ਸਕਦੇ।

ਸਵਾਲ : ਪੰਜਾਬ ਉਹ ਸੂਬਾ ਹੈ ਜਿਸ ਨੇ ਦੇਸ਼ ਦੇ ਅੰਨ ਭੰਡਾਰ ਲਈ ਅਪਣੀ ਧਰਤੀ ’ਤੇ ਵਿੱਤ ਤੋਂ ਵੱਧ ਜ਼ੋਰ ਪਾਇਆ। ਨਤੀਜਨ, ਪੰਜਾਬ ਦੀ ਜਿਹੜੀ ਧਰਤੀ ’ਤੇ ਸੋਨਾ ਉਗਦਾ ਸੀ ਉਹ ਅੱਜ ਜ਼ਹਿਰ ਉਘਲ ਰਹੀ ਹੈ ਕਿਉਂਕਿ ਇਸ ਵਿਚ ਬਹੁਤ ਸਾਰੇ ਕੀਟਨਾਸ਼ਕ ਪੈ ਚੁੱਕੇ ਹਨ ਅਤੇ ਪਾਣੀ ਵਿਚ ਵੱਡੀ ਮਾਤਰਾ ਵਿਚ ਯੂਰੇਨੀਅਮ ਆ ਗਿਆ ਹੈ। ਜਿਹੜਾ ਪੰਜ-ਆਬ ਦਰਿਆਵਾਂ ਤੋਂ ਬਣਿਆ ਧਰਤ ਹੋਵੇ ਉਥੇ ਹੁਣ ਕੈਂਸਰ ਪੈਦਾ ਹੋ ਰਿਹਾ ਹੈ। ਇਸ ਲਈ ਇਥੋਂ ਦਾ ਕਿਸਾਨ ਉਸ ਪਾਰਟੀ ਤੋਂ ਖ਼ਾਸ ਉਮੀਦ ਰਖਦਾ ਹੈ ਜੋ ਇਹ ਕਹਿ ਕੇ ਆਈ ਸੀ ਕਿ ਅਸੀ ਕਿਸਾਨਾਂ ਦੀ ਆਮਦਨ ਦੁਗਣੀ ਕਰਾਂਗੇ।
ਜਵਾਬ : ਮੈਂ ਰੋਜ਼ਾਨਾ ਸਪੋਕਸਮੈਨ ਦਾ ਧਨਵਾਦ ਕਰਦਾ ਹਾਂ ਜੋ ਇਹ ਸਵਾਲ ਪੁਛ ਕੇ ਲੋਕਾਂ ਤਕ ਪਹੁੰਚਾ ਰਿਹਾ ਹੈ। 2014 ਦੇ ਕਣਕ ਅਤੇ ਝੋਨੇ ਦਾ ਜੋ ਭਾਅ ਸੀ ਉਸ ਵਿਚ 70 ਫ਼ੀ ਸਦੀ ਇਜ਼ਾਫ਼ਾ ਭਾਰਤੀ ਜਨਤਾ ਪਾਰਟੀ ਨੇ ਕੀਤਾ ਹੈ। ਰਿਕਾਰਡ ਬੋਲਦੇ ਹਨ ਕਿ ਕੋਵਿਡ-19 ਦੌਰਾਨ ਵੀ ਅਸੀ ਪੂਰਾ ਅਨਾਜ ਖ਼੍ਰੀਦਿਆ ਅਤੇ ਅੱਜ ਵੀ ਖ਼੍ਰੀਦ ਰਹੇ ਹਾਂ। ਜਿਹੜੀ ਖਾਦ ਤੇ ਯੂਰੀਆ ਦਾ ਮੁੱਲ ਦੁਨੀਆਂ ਵਿਚ ਤਿੰਨ ਗੁਣਾ ਵੱਧ ਗਿਆ ਹੈ ਉਹ ਅਸੀ ਢਾਈ ਲੱਖ ਕਰੋੜ ਰੁਪਇਆ ਸਿਰਫ਼ ਯੂਰੀਆ ਦੀ ਸਬਸਿਡੀ ਪਿਛਲੇ ਸਾਲ ਦਿਤੀ ਹੈ ਤਾਕਿ ਕਿਸਾਨਾਂ ’ਤੇ ਬੋਝ ਨਾ ਪਵੇ। ਇਸ ਦਾ ਮਤਲਬ ਹੈ ਕਿ ਕਿਸਾਨਾਂ ਦਾ ਖ਼ਰਚਾ ਵਧਿਆ ਨਹੀਂ ਘਟਿਆ ਹੈ। ਇਸ ਤੋਂ ਇਲਾਵਾ ਲਾਗਤ + 50 ਫ਼ੀ ਸਦੀ, ਇਹ ਕਿਸੇ ਨੇ ਵੀ ਯਕੀਨੀ ਨਹੀਂ ਬਣਾਇਆ ਸੀ, ਸਿਰਫ਼ ਭਾਰਤੀ ਜਨਤਾ ਪਾਰਟੀ ਨੇ ਹੀ ਸਵਾਮੀਨਾਥਨ ਕਮੇਟੀ ਦੀ ਰਿਪੋਰਟ ਨੂੰ ਲਾਗੂ ਕੀਤਾ ਹੈ। ਕਿਸਾਨਾਂ ਦੇ ਖਾਤਿਆਂ ਵਿਚ 6 ਹਜ਼ਾਰ ਰੁਪਏ ਹਰ ਸਾਲ ਪਾਉਣ ਦਾ ਕੰਮ ਭਾਰਤੀ ਜਨਤਾ ਪਾਰਟੀ ਨੇ ਕੀਤਾ। ਦੋ ਲੱਖ 60 ਹਜ਼ਾਰ ਕਰੋੜ ਰੁਪਏ ਹੁਣ ਤਕ ਕਿਸਾਨਾਂ ਦੇ ਖਾਤਿਆਂ ਵਿਚ ਪਾਇਆ ਜਾ ਚੁੱਕਾ ਹੈ। ਇਹ ਸਾਰਾ ਕੰਮ ਕਿਸੇ ਹੋਰ ਸਰਕਾਰ ਨੇ ਨਹੀਂ ਸਗੋਂ ਭਾਰਤੀ ਜਨਤਾ ਪਾਰਟੀ ਨੇ ਕੀਤੇ ਹਨ।

ਸਵਾਲ : ਤੁਸੀਂ ਖੇਡ ਮੰਤਰੀ ਹੋ, ਪੰਜਾਬ ਦੇ ਖਿਡਾਰੀਆਂ ਨੇ ਦੇਸ਼ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈ। ਅਸੀ ਉਲੰਪਿਕ ਅਤੇ ਵਿਸ਼ਵ ਚੈਂਪੀਅਨਸ਼ਿਪ ਵਿਚ ਵੀ ਕਈ ਤਮਗ਼ੇ ਜਿੱਤੇ ਹਨ। ਕੀ ਪੰਜਾਬ ਅਤੇ ਪੰਜਾਬੀਆਂ ਲਈ ਖੇਡ ਖੇਤਰ ਵਿਚ ਤੁਹਾਡੀ ਕੋਈ ਖ਼ਾਸ ਨੀਤੀ ਹੈ?
ਜਵਾਬ : ਖੇਡ ਇਕ ਸੂਬੇ ਦਾ ਵਿਸ਼ਾ ਹੈ। ਭਾਰਤ ਸਰਕਾਰ ਨੇ ਅਪਣਾ ਬਜਟ ਬਹੁਤ ਵਧਾਇਆ ਹੈ। ਖੇਡੋ ਇੰਡੀਆ ਪ੍ਰੋਗਰਾਮ ਲਈ ਸਰਕਾਰ ਨੇ 3200 ਕਰੋੜ ਰੁਪਏ ਅਲੱਗ ਦਿਤੇ। ਖੇਡਾਂ ਦੇ ਢਾਂਚਾਗਤ ਵਿਕਾਸ ਲਈ 3100 ਕਰੋੜ ਰੁਪਏ ਦਾ ਬਜਟ ਖ਼ਰਚ ਕਰ ਰਹੇ ਹਾਂ। ਤੁਸੀਂ ਹਰਿਆਣਾ, ਅਸਾਮ ਅਤੇ ਉੜੀਸਾ ਵਰਗੇ ਸੂਬਿਆਂ ਨੂੰ ਦੇਖੋ ਤਾਂ ਉਹ ਅਪਣੇ ਪੱਧਰ ’ਤੇ ਸਟੇਡੀਅਮ ਬਣਵਾ ਰਹੇ ਹਨ ਅਤੇ ਖਿਡਾਰੀਆਂ ਨੂੰ ਸਹੂਲਤਾਂ ਵੀ ਦੇ ਰਹੇ ਹਨ। ਪੰਜਾਬ ਪਿੱਛੇ ਕਿਉਂ ਰਹਿ ਗਿਆ? ਸਵਾਲ ਇਹ ਹੈ ਕਿ ਕੀ ਪੰਜਾਬ ਸਰਕਾਰ ਖਿਡਾਰੀਆਂ ਦੇ ਨਾਲ ਨਹੀਂ ਹੈ? ਕੀ ਉਹ ਕੋਚਾਂ ਦੀ ਨਿਯੁਕਤੀ ਨਹੀਂ ਕਰ ਰਹੇ, ਕੀ ਉਹ ਖਿਡਾਰੀਆਂ ਨੂੰ ਸਹੂਲਤਾਂ ਨਹੀਂ ਦੇਣਾ ਚਾਹੁੰਦੇ?

ਸਵਾਲ : ਅੱਜ ਦੇ ਯੁੱਗ ਵਿਚ ਜਦੋਂ ਲੋਕ ਆਤਮਨਿਰਭਰ ਹੋ ਰਹੇ ਹਨ। ਸੋਸ਼ਲ ਮੀਡੀਆ ਦੀ ਵਰਤੋਂ ਵੱਧ ਗਈ ਹੈ। ਕੀ ਤੁਹਾਨੂੰ, ਪ੍ਰਸਾਰਣ ਮੰਤਰਾਲਾ ਵਲੋਂ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ ਅਤੇ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਆਦਿ ਵਰਗੇ ਇਲਜ਼ਾਮਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ?
ਜਵਾਬ : ਬਿਲਕੁਲ, ਅਸੀ ਹਰ ਵਿਅਕਤੀ ਵਿਸ਼ੇਸ਼ ਦੇ ਨਾਲ ਉਨ੍ਹਾਂ ਦੀ ਬੋਲਣ ਦੀ ਆਜ਼ਾਦੀ ਦੇ ਹੱਕ ਵਿਚ ਖੜੇ ਰਹੇ ਹਾਂ ਅਤੇ ਅੱਗੇ ਵੀ ਉਨ੍ਹਾਂ ਦੇ ਨਾਲ ਰਹਾਂਗੇ। ਸਾਡੇ ਸਮੇਂ ਵਿਚ ਹਜ਼ਾਰਾਂ ਹੀ ਅਖ਼ਬਾਰਾਂ ਛਪਦੀਆਂ ਹਨ ਅਤੇ ਹਜ਼ਾਰਾਂ ਹੀ ਆਨਲਾਈਨ ਚੈਨਲ ਚਲ ਰਹੇ ਹਨ, ਕਿਸੇ ’ਤੇ ਵੀ ਕੋਈ ਜ਼ਬਰਦਸਤੀ ਨਹੀਂ ਕੀਤੀ ਜਾਂਦੀ। ਜੇਕਰ ਕਿਸੇ ਸੂਬੇ ਜਾਂ ਵਿਅਕਤੀ ਵਲੋਂ ਕਿਸੇ ਦੇ ਵਿਰੁਧ ਕੋਈ ਸ਼ਿਕਾਇਤ ਦਿਤੀ ਜਾਂਦੀ ਹੈ ਤਾਂ ਉਸ ਦੀ ਜਾਂਚ ਹੁੰਦੀ ਹੈ ਕਿ ਕੋਈ ਦੇਸ਼ ਵਿਰੋਧੀ ਕਾਰਵਾਈ ਨਾ ਹੋਵੇ। ਸਾਡੀ ਸਰਕਾਰ ਇਸ ਖੇਤਰ ਨੂੰ ਹੋਰ ਵੀ ਮਜ਼ਬੂਤ ਕਰਨਾ ਚਾਹੁੰਦੀ ਹੈ ਅਤੇ ਅਸੀ ਚਾਹੁੰਦੇ ਹਾਂ ਕਿ ਲੋਕ ਵੀ ਇਸ ਵਿਚ ਸਾਡਾ ਸਾਥ ਦੇਣ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਗੁਰਸਿੱਖ ਬਜ਼ੁਰਗ ਦੀ ਚੰਗੀ ਪੈਨਸ਼ਨ, 3 ਬੱਚੇ ਵਿਦੇਸ਼ ਸੈੱਟ, ਫਿਰ ਵੀ ਵੇਚਦੇ ਗੰਨੇ ਦਾ ਜੂਸ

19 Sep 2024 9:28 AM

ਕਿਸਾਨਾਂ ਲਈ ਆ ਰਹੀ ਨਵੀਂ ਖੇਤੀ ਨੀਤੀ! ਸਰਕਾਰ ਨੇ ਖਾਕਾ ਕੀਤਾ ਤਿਆਰ.. ਕੀ ਹੁਣ ਕਿਸਾਨਾਂ ਦੇ ਸਾਰੇ ਮਸਲੇ ਹੋਣਗੇ ਹੱਲ?

19 Sep 2024 9:21 AM

'ਸਾਨੂੰ ਕੋਈ ਅਫ਼ਸੋਸ ਨਹੀਂ' ਚਾਚੇ ਦੇ ਮੁੰਡੇ ਨੂੰ ਆਸ਼ਿਕ ਨਾਲ ਮਿਲਕੇ ਮਾ*ਨ ਵਾਲੀ ਭੈਣ ਕਬੂਲਨਾਮਾ

18 Sep 2024 9:19 AM

'ਸਾਨੂੰ ਕੋਈ ਅਫ਼ਸੋਸ ਨਹੀਂ' ਚਾਚੇ ਦੇ ਮੁੰਡੇ ਨੂੰ ਆਸ਼ਿਕ ਨਾਲ ਮਿਲਕੇ ਮਾ*ਨ ਵਾਲੀ ਭੈਣ ਕਬੂਲਨਾਮਾ

18 Sep 2024 9:17 AM

ਹਿੰਦੂਆਂ ਲਈ ਅੱ+ਤ+ਵਾ+ਦੀ ਹੈ ਭਿੰਡਰਾਂਵਾਲਾ- ਵਿਜੇ ਭਾਰਦਵਾਜ "ਭਾਜਪਾ ਦੇ MP 5 ਦਿਨ ਸੰਤ ਭਿੰਡਰਾਂਵਾਲਾ ਦੇ ਨਾਲ ਰਹੇ ਸੀ"

18 Sep 2024 9:14 AM
Advertisement