
ਕਿਹਾ, ਕਾਂਗਰਸ ਛੱਡ ਕੇ ਬੀ.ਜੇ..ਪੀ. 'ਚ ਜਾਣ ਵਾਲੇ ਲੀਡਰ ਸਿਰਫ਼ ਸੱਤਾ ਦੇ ਭੁੱਖੇ ਹਨ
'ਗੁਚੀ' ਦੇ ਬੂਟ ਪਾ ਕੇ ਇਸ਼ਤਿਹਾਰ ਹੀ ਦੇਣੇ ਪੈਣ ਤਾਂ ਉਹ ਬਹੁਤ ਘਟੀਆ ਹੈ : ਨਵਜੋਤ ਸਿੰਘ ਸਿੱਧੂ
ਕਿਹਾ, ਇਕ ਬਦਲਾਅ ਪਹਿਲਾਂ ਆਇਆ ਸੀ ਅਤੇ ਇਕ ਹੁਣ ਆਵੇਗਾ ਪਰ ਇਸ ਵਿਚ ਬਹੁਤ ਫ਼ਰਕ ਹੋਵੇਗਾ
ਜਲੰਧਰ (ਸੁਰਖ਼ਾਬ ਚੰਨ, ਕੋਮਲਜੀਤ ਕੌਰ) : ਜਲੰਧਰ ਚੋਣ ਨੂੰ ਲੈ ਕੇ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਨਵਜੋਤ ਸਿੰਘ ਸਿੱਧੂ ਦੀ ਅਗਵਾਈ ਹੇਠ ਪ੍ਰਚਾਰ ਕੀਤਾ ਗਿਆ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਸ ਚੋਣ ਤੋਂ ਬਾਅਦ ਇਕ ਬਦਲਾਅ ਆਵੇਗਾ ਪਰ ਇਹ ਬਦਲਾਅ ਪਹਿਲਾਂ ਵਾਲੇ ਬਦਲਾਅ ਵਰਗਾ ਨਹੀਂ ਹੋਵੇਗਾ ਸਗੋਂ ਇਸ ਵਿਚ ਬਹੁਤ ਫ਼ਰਕ ਹੋਵੇਗਾ। ਉਨ੍ਹਾਂ ਕਿਹਾ ਕਿ ਸਾਡੇ ਬਦਲਾਅ ਦਾ ਸਬੂਤ ਦੇਣ ਦੀ ਲੋੜ ਨਹੀਂ ਪਵੇਗੀ।
ਵਿਰੋਧੀਆਂ 'ਤੇ ਤੰਜ਼ ਕਸਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ 'ਗੁਚੀ' ਦੇ ਬੂਟ ਪਾ ਕੇ ਇਸ਼ਤਿਹਾਰ ਹੀ ਦੇਣੇ ਪੈਣ ਤਾਂ ਉਹ ਬਹੁਤ ਘਟੀਆ ਹੈ। ਇਸ ਦੇ ਉਲਟ ਸੂਰਜ ਵਾਂਗ ਅਪਣੀ ਪਛਾਣ ਅਤੇ ਕੰਮ ਦਸਣ ਦੀ ਲੋੜ ਨਹੀਂ ਹੋਣੀ ਚਾਹੀਦੀ।
ਇਹ ਵੀ ਪੜ੍ਹੋ: ਕਾਂਗਰਸ ਡਰੀ ਨਹੀਂ, ਇਹ ਵਿਰੋਧੀਆਂ ਦੀਆਂ ਅੱਖਾਂ 'ਤੇ ਪਿਆ ਪਰਦਾ ਹੈ ਜੋ ਚੋਣ ਨਤੀਜੇ ਤੋਂ ਬਾਅਦ ਹਟ ਜਾਵੇਗਾ : ਪ੍ਰੋ. ਕਰਮਜੀਤ ਕੌਰ ਚੌਧਰੀ
ਕਾਂਗਰਸ ਛੱਡ ਭਾਜਪਾ ਵਿਚ ਗਏ ਸੁਨੀਲ ਜਾਖੜ ਵਲੋਂ ਕਾਂਗਰਸ 'ਤੇ ਲਗਾਏ ਇਲਜ਼ਾਮਾਂ 'ਤੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਸੁਨੀਲ ਜਾਖੜ ਨੇ ਸਾਰੀ ਉਮਰ ਕਾਂਗਰਸ ਦੇ ਨਾਂਅ 'ਤੇ ਖਾਧਾ ਅਤੇ ਹੁਣ ਕਾਂਗਰਸ ਨੂੰ ਭੰਡਣਾ ਉਨ੍ਹਾਂ ਲਈ ਚੰਗੀ ਗੱਲ ਨਹੀਂ ਹੈ। ਉਨ੍ਹਾਂ ਕਿਹਾ ਕਿ ਹੁਣ ਬੀ.ਜੇ.ਪੀ. ਦੀ ਕੋਈ ਵਿਚਾਰਧਾਰਾ ਨਹੀਂ ਰਹੀ ਅਤੇ ਉਹ ਫ਼ਲਾਪ ਹੋ ਗਈ ਹੈ।
ਵੜਿੰਗ ਨੇ ਕਿਹਾ ਕਿ ਜਿਹੜੇ ਪਹਿਲਾਂ 70-70 ਸਾਲ ਕਾਂਗਰਸ ਵਿਚ ਰਹੇ ਅਤੇ ਹੁਣ ਭਾਜਪਾ ਵਿਚ ਜਾ ਕੇ ਸਾਨੂੰ ਬੀ.ਜੇ.ਪੀ. ਦੇ ਗੁਣ ਸਿਖਾ ਰਹੇ ਹਨ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੇ ਬੀ.ਜੇ.ਪੀ. ਨੂੰ ਤਿਆਰ ਕੀਤਾ ਸੀ ਉਹ ਲੋਕ ਅੱਜ ਨਿਰਾਸ਼ ਹਨ ਅਤੇ ਇਨ੍ਹਾਂ ਨੂੰ ਜਨਤਾ ਨੇ ਨਕਾਰ ਦਿਤਾ ਹੈ। ਰਾਜਾ ਵੜਿੰਗ ਨੇ ਸ਼ਬਦੀ ਹਮਲਾ ਕਰਦਿਆਂ ਕਿਹਾ ਕਿ ਕਾਂਗਰਸ ਛੱਡ ਕੇ ਬੀ.ਜੇ.ਪੀ. ਵਿਚ ਜਾਣ ਵਾਲੇ ਲੀਡਰ ਸੱਤਾ ਦੇ ਭੁੱਖੇ ਹਨ।