ਕਿਹਾ- ਅਸੀਂ ਦੇਸ਼ ਵਿਚ ਨਫ਼ਰਤ ਫੈਲਾਉਣ ਵਾਲਿਆਂ ਖ਼ਿਲਾਫ਼ ਲੜਦੇ ਰਹਾਂਗੇ
ਤੁਰੂਵੇਕੇਰੇ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਇਸ ਗੱਲ ਨੂੰ ਖਾਰਜ ਕਰ ਦਿੱਤਾ ਕਿ ਗਾਂਧੀ ਪਰਿਵਾਰ ਅਗਲੇ ਪਾਰਟੀ ਪ੍ਰਧਾਨ ਨੂੰ ਰਿਮੋਰਟ ਨਾਲ ਕੰਟਰੋਲ ਕਰ ਸਕਦਾ ਹੈ। ਉਹਨਾਂ ਕਿਹਾ ਕਿ ਪ੍ਰਧਾਨ ਅਹੁਦੇ ਲਈ ਚੋਣ ਲੜ ਰਹੇ ਦੋਵੇਂ ਉਮੀਦਵਾਰ - ਮੱਲਿਕਾਰਜੁਨ ਖੜਗੇ ਅਤੇ ਸ਼ਸ਼ੀ ਥਰੂਰ – ਕੱਦਵਾਰ ਆਗੂ ਅਤੇ ਚੰਗੀ ਸਮਝ ਰੱਖਣ ਵਾਲੇ ਵਿਅਕਤੀ ਹਨ। 'ਭਾਰਤ ਜੋੜੋ ਯਾਤਰਾ' ਦੌਰਾਨ ਇੱਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਉਹ ਇਸ ਯਾਤਰਾ ਵਿਚ ਇਕੱਲੇ ਨਹੀਂ ਹਨ, ਸਗੋਂ ਲੱਖਾਂ ਲੋਕ ਸ਼ਾਮਲ ਹਨ ਕਿਉਂਕਿ ਉਹ ਲੋਕ ਬੇਰੁਜ਼ਗਾਰੀ, ਮਹਿੰਗਾਈ ਤੋਂ ਅੱਕ ਚੁੱਕੇ ਹਨ।
ਕੁਝ ਵਰਗਾਂ ਦਾ ਕਹਿਣਾ ਹੈ ਕਿ ਗਾਂਧੀ ਪਰਿਵਾਰ ਕਾਂਗਰਸ ਦੇ ਅਗਲੇ ਪ੍ਰਧਾਨ ਨੂੰ ਰਿਮੋਟ ਨਾਲ ਕੰਟਰੋਲ ਕਰ ਸਕਦਾ ਹੈ। ਇਸ ਬਾਰੇ ਪੁੱਛੇ ਜਾਣ 'ਤੇ ਗਾਂਧੀ ਨੇ ਕਿਹਾ, ''ਚੋਣਾਂ 'ਚ ਸ਼ਾਮਲ ਹੋਏ ਦੋਵੇਂ ਲੋਕਾਂ ਕੋਲ ਇਕ ਰੁਤਬਾ, ਇਕ ਦੂਰਅੰਦੇਸ਼ੀ ਹੈ ਅਤੇ ਉਹ ਮਜ਼ਬੂਤ ਅਤੇ ਚੰਗੀ ਸਮਝ ਰੱਖਣ ਵਾਲੇ ਲੋਕ ਹਨ। ਮੈਨੂੰ ਨਹੀਂ ਲੱਗਦਾ ਕਿ ਉਹਨਾਂ ਵਿਚੋਂ ਕੋਈ ਵੀ ਰਿਮੋਟ ਕੰਟਰੋਲ ਹੋਵੇਗਾ। ਸੱਚ ਕਹਾਂ ਤਾਂ ਇਹ ਗੱਲਾਂ ਉਹਨਾਂ ਨੂੰ ਜ਼ਲੀਲ ਕਰਨ ਲਈ ਕਹੀਆਂ ਜਾ ਰਹੀਆਂ ਹਨ।''
“ਅਸੀਂ ਦੇਸ਼ ਵਿਚ ਨਫ਼ਰਤ ਫੈਲਾਉਣ ਵਾਲਿਆਂ ਖ਼ਿਲਾਫ਼ ਲੜਦੇ ਰਹਾਂਗੇ”
ਰਾਹੁਲ ਗਾਂਧੀ ਨੇ ਇਹ ਵੀ ਕਿਹਾ ਕਿ 'ਭਾਰਤ ਜੋੜੋ ਯਾਤਰਾ' ਰਾਹੀਂ ਲੋਕਾਂ ਤੱਕ ਪਹੁੰਚ ਕੇ ਉਹਨਾਂ ਦੇ ਦਰਦ ਨੂੰ ਸਾਂਝਾ ਕਰਨਾ ਚਾਹੁੰਦੇ ਹਨ। 'ਭਾਰਤ ਜੋੜੋ ਯਾਤਰਾ' ਦੌਰਾਨ ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ 3500 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਨਫ਼ਰਤ ਅਤੇ ਹਿੰਸਾ ਫੈਲਾਉਣਾ ਇਕ ਰਾਸ਼ਟਰ ਵਿਰੋਧੀ ਕੰਮ ਹੈ ਅਤੇ "ਅਸੀਂ ਇਸ ਵਿਚ ਸ਼ਾਮਲ ਹਰ ਕਿਸੇ ਨਾਲ ਲੜਾਂਗੇ।"
ਰਾਹੁਲ ਗਾਂਧੀ ਨੇ ਕਿਹਾ, “ਅਸੀਂ ਨਵੀਂ ਸਿੱਖਿਆ ਨੀਤੀ ਦਾ ਵਿਰੋਧ ਕਰ ਰਹੇ ਹਾਂ ਕਿਉਂਕਿ ਇਹ ਸਾਡੇ ਇਤਿਹਾਸ, ਪਰੰਪਰਾਵਾਂ ਨੂੰ ਵਿਗਾੜ ਰਹੀ ਹੈ।" ਕਾਂਗਰਸੀ ਆਗੂ ਨੇ ਕਿਹਾ ਕਿ ‘ਭਾਰਤ ਜੋੜੋ ਯਾਤਰਾ’ 2024 ਦੀਆਂ ਚੋਣਾਂ ਲਈ ਨਹੀਂ ਹੈ ਅਤੇ ਕਾਂਗਰਸ, ਭਾਜਪਾ-ਆਰਐਸਐਸ ਵੱਲੋਂ ਦੇਸ਼ ਦੀ ਵੰਡ ਵਿਰੁੱਧ ਲੋਕਾਂ ਨੂੰ ਇਕਜੁੱਟ ਕਰਨਾ ਚਾਹੁੰਦੀ ਹੈ।