
ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਹੈ।
ਨਵੀਂ ਦਿੱਲੀ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਹਮਲਾ ਬੋਲਿਆ ਹੈ। ਮੰਗਲਵਾਰ ਨੂੰ ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਕਾਂਗਰਸ ਤੋਂ ਡਰਦੇ ਹਨ ਕਿਉਂਕਿ ਇਹ (ਕਾਂਗਰਸ) ਸੱਚ ਬੋਲਦੀ ਹੈ। ਉਹਨਾਂ ਕਿਹਾ, 'ਉਹ ਕਾਂਗਰਸ ਤੋਂ ਡਰਦੇ ਹਨ, ਉਹ ਡਰਦੇ ਹਨ ਕਿਉਂਕਿ ਕਾਂਗਰਸ ਸੱਚ ਬੋਲਦੀ ਹੈ।
ਉਹਨਾਂ ਦਾ ਮਾਰਕੀਟਿੰਗ ਕਾਰੋਬਾਰ ਹੈ, ਉਹਨਾਂ ਦੇ ਰਿਸ਼ਤੇ ਹਨ, ਉਹਨਾਂ ਦੇ ਦੋਸਤ ਹਨ, ਝੂਠ ਫੈਲਿਆ ਹੋਇਆ ਹੈ। ਅਜਿਹੇ 'ਚ ਉਹਨਾਂ ਅੰਦਰ ਡਰ ਤਾਂ ਹੋਵੇਗਾ ਹੀ”। ਰਾਹੁਲ ਗਾਂਧੀ ਨੇ ਕਿਹਾ, ' ਮੇਰੇ ਪੜਦਾਦਾ ਜੀ ਨੇ ਦੇਸ਼ ਦੀ ਸੇਵਾ ਕੀਤੀ, ਉਹਨਾਂ ਨੇ ਆਪਣੀ ਪੂਰੀ ਜ਼ਿੰਦਗੀ ਦੇਸ਼ ਲਈ ਦਿੱਤੀ। ਮੈਨੂੰ ਉਹਨਾਂ ਲਈ ਕਿਸੇ ਦੇ ਸਰਟੀਫਿਕੇਟ ਦੀ ਲੋੜ ਨਹੀਂ। ਪ੍ਰਧਾਨ ਮੰਤਰੀ ਦਾ ਪੂਰਾ ਭਾਸ਼ਣ ਕਾਂਗਰਸ ਬਾਰੇ ਸੀ, ਜਵਾਹਰ ਲਾਲ ਨਹਿਰੂ ਬਾਰੇ ਸੀ। ਪਰ ਪ੍ਰਧਾਨ ਮੰਤਰੀ ਨੇ ਇਸ ਬਾਰੇ ਕੁਝ ਨਹੀਂ ਕਿਹਾ ਕਿ ਭਾਜਪਾ ਨੇ ਕੀ ਕੀਤਾ। ਕੁਝ ਨਾ ਕੁਝ ਤਾਂ ਹੈ, ਕੋਈ ਨਾ ਕੋਈ ਡਰ ਹੈ’।
ਦਰਅਸਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਕਾਂਗਰਸ 'ਤੇ ਤਿੱਖਾ ਹਮਲਾ ਬੋਲਦਿਆਂ ਕਾਂਗਰਸ ਨੂੰ ਐਮਰਜੈਂਸੀ, ਸਿੱਖ ਕਤਲੇਆਮ ਅਤੇ ਕਸ਼ਮੀਰੀ ਪੰਡਿਤਾਂ ਦੇ ਪਰਵਾਸ ਲਈ ਜ਼ਿੰਮੇਵਾਰ ਠਹਿਰਾਇਆ। ਪੀਐਮ ਮੋਦੀ ਨੇ ਕਿਹਾ ਕਿ ਲੋਕਤੰਤਰ ਨੂੰ ਸਭ ਤੋਂ ਵੱਡਾ ਖਤਰਾ ਪਰਿਵਾਰਕ ਪਾਰਟੀਆਂ ਤੋਂ ਹੈ।