
ਰਾਊਤ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਿਰੁਧ ਪਿਛਲੇ ਕੁੱਝ ਸਾਲਾਂ ਦੌਰਾਨ ਲਗਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਤੇ ਹਜ਼ਾਰੇ ਦੀ ਚੁੱਪੀ ’ਤੇ ਵੀ ਸਵਾਲ ਚੁੱਕੇ
ਮੁੰਬਈ : ਸ਼ਿਵ ਸੈਨਾ-ਯੂ.ਬੀ.ਟੀ. ਆਗੂ ਸੰਜੇ ਰਾਉਤ ਨੇ ਐਤਵਾਰ ਨੂੰ ਕਿਹਾ ਕਿ ਸੀਨੀਅਰ ਸਮਾਜ ਸੇਵੀ ਅੰਨਾ ਹਜ਼ਾਰੇ ਦਿੱਲੀ ਵਿਧਾਨ ਸਭਾ ਚੋਣਾਂ ’ਚ ਅਰਵਿੰਦ ਕੇਜਰੀਵਾਲ ਦੀ ਹਾਰ ਤੋਂ ਖੁਸ਼ ਹਨ। ਭਾਜਪਾ ਨੇ ਦਿੱਲੀ ’ਚ 70 ਮੈਂਬਰੀ ਵਿਧਾਨ ਸਭਾ ’ਚ 48 ਸੀਟਾਂ ਜਿੱਤ ਕੇ ਆਮ ਆਦਮੀ ਪਾਰਟੀ ਦਾ ਸ਼ਾਸਨ ਖਤਮ ਕਰ ਦਿਤਾ। ਹਾਰਨ ਵਾਲਿਆਂ ਵਿਚ ਨਵੀਂ ਦਿੱਲੀ ਹਲਕੇ ਤੋਂ ਕੇਜਰੀਵਾਲ ਵੀ ਸ਼ਾਮਲ ਸਨ।
ਰਾਊਤ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਵਿਰੁਧ ਪਿਛਲੇ ਕੁੱਝ ਸਾਲਾਂ ਦੌਰਾਨ ਲਗਾਏ ਗਏ ਭ੍ਰਿਸ਼ਟਾਚਾਰ ਦੇ ਦੋਸ਼ਾਂ ’ਤੇ ਹਜ਼ਾਰੇ ਦੀ ਚੁੱਪੀ ’ਤੇ ਵੀ ਸਵਾਲ ਚੁੱਕੇ। ਉਨ੍ਹਾਂ ਕਿਹਾ, ‘‘ਜਦੋਂ ਮੋਦੀ ਦੇ ਸ਼ਾਸਨ ਦੌਰਾਨ ਭ੍ਰਿਸ਼ਟਾਚਾਰ ਹੋਇਆ ਤਾਂ ਹਜ਼ਾਰੇ ਕਿੱਥੇ ਸਨ, ਹਜ਼ਾਰੇ ਕੇਜਰੀਵਾਲ ਦੀ ਹਾਰ ਤੋਂ ਖੁਸ਼ ਹਨ। ਦੇਸ਼ ਨੂੰ ਇਕ ਉਦਯੋਗਪਤੀ ਦੇ ਹੱਥਾਂ ’ਚ ਕੇਂਦਰਿਤ ਦੌਲਤ ਨਾਲ ਲੁੱਟਿਆ ਜਾ ਰਿਹਾ ਹੈ। ਅਜਿਹੀ ਸਥਿਤੀ ’ਚ ਲੋਕਤੰਤਰ ਕਿਵੇਂ ਜਾਰੀ ਰਹਿ ਸਕਦਾ ਹੈ, ਅਜਿਹੇ ਸਮੇਂ ’ਚ ਹਜ਼ਾਰੇ ਦੀ ਚੁੱਪੀ ਪਿੱਛੇ ਕੀ ਰਾਜ਼ ਹੋ ਸਕਦਾ ਹੈ।’’
ਰਾਜ ਸਭਾ ਮੈਂਬਰ ਰਾਊਤ ਨੇ ਪੱਤਰਕਾਰਾਂ ਨੂੰ ਕਿਹਾ, ‘‘ਮਹਾਰਾਸ਼ਟਰ ਦੇ ਨਾਲ-ਨਾਲ ਦਿੱਲੀ ’ਚ ਵੀ ਵੋਟਰ ਸੂਚੀ ਦੇ ਭੰਬਲਭੂਸੇ ਨੂੰ ਲੈ ਕੇ ਅੰਨਾ ਹਜ਼ਾਰੇ ਨੇ ਚੁੱਪ ਵੱਟੀ ਰੱਖੀ। ਇਸੇ ਤਰ੍ਹਾਂ ਦੀਆਂ ਸ਼ਿਕਾਇਤਾਂ ਹਰਿਆਣਾ ’ਚ ਵੀ ਕੀਤੀਆਂ ਗਈਆਂ ਸਨ।’’ ਉਨ੍ਹਾਂ ਦੋਸ਼ ਲਾਇਆ ਕਿ 2014 ਦੀਆਂ ਚੋਣਾਂ ’ਚ ਭਾਜਪਾ ਦੇ ਸੱਤਾ ’ਚ ਆਉਣ ਤੋਂ ਬਾਅਦ ਉਨ੍ਹਾਂ ਨੇ ਸੰਵਿਧਾਨਕ ਪ੍ਰਕਿਰਿਆਵਾਂ ਦੀ ਪਾਲਣਾ ਨਹੀਂ ਕੀਤੀ। ਰਾਊਤ ਨੇ ਦਾਅਵਾ ਕੀਤਾ ਕਿ ਹੇਰਾਫੇਰੀ ਅਤੇ ਧਨ ਸ਼ਕਤੀ ਨਾਲ ਜਿੱਤ ਹਾਸਲ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ‘ਆਪ’ ਅਤੇ ਕਾਂਗਰਸ ਗਠਜੋੜ ’ਚ ਚੋਣ ਲੜਦੇ ਤਾਂ ਦਿੱਲੀ ਚੋਣਾਂ ਦੇ ਨਤੀਜੇ ਵੱਖਰੇ ਹੁੰਦੇ।