
ਸੁਖਦੇਵ ਸਿੰਘ ਢੀਂਡਸਾ ਤੇ ਸਿਕੰਦਰ ਸਿੰਘ ਮਲੂਕਾ ਤਾਂ ਚੋਣਾਂ ਸਮੇਂ ਹੀ ਬੈਠ ਗਏ ਸਨ ਘਰ
Punjab News: ਚੰਡੀਗੜ੍ਹ (ਗੁਰਉਪਦੇਸ਼ ਭੁੱਲਰ): ਲੋਕ ਸਭਾ ਦੇ ਚੋਣ ਨਤੀਜਿਆਂ ਵਿਚ ਪੰਜਾਬ ਵਿਚ ਹੋਈ ਨਮੋਸ਼ੀਜਨਕ ਹਾਰ ਅਤੇ ਕਈ ਵੱਡੇ ਆਗੂਆਂ ਸਮੇਤ 13 ਵਿਚੋਂ 10 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਣ ਬਾਅਦ ਅਕਾਲੀ ਦਲ ਅੰਦਰ ਵੱਡੀ ਹਿਲਜੁਲ ਹੈ ਅਤੇ ਵੱਡੀ ਬਗ਼ਾਵਤ ਦੀ ਸਥਿਤੀ ਬਣੀ ਹੋਈ ਹੈ। ਸੂਤਰਾਂ ਦੀ ਮੰਨੀਏ ਤਾਂ ਬਾਦਲ ਦਲ ਦੇ ਚੌਥੇ ਸਥਾਨ ’ਤੇ ਚਲੇ ਜਾਣ ਬਾਅਦ ਹੁਣ ਪਾਰਟੀ ਦੇ ਉਨ੍ਹਾਂ ਕਈ ਵੱਡੇ ਆਗੂਆਂ ਵਿਚ ਵੀ ਲੀਡਰਸ਼ਿਪ ਪ੍ਰਤੀ ਨਾਰਾਜ਼ਗੀ ਪੈਦਾ ਹੋ ਚੁੱਕੀ ਹੈ ਜੋ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਦੇ ਨਜ਼ਦੀਕੀ ਮੰਨੇ ਜਾਂਦੇ ਹਨ।
ਕਈ ਪ੍ਰਮੁੱਖ ਆਗੂ ਤਾਂ ਅਪਣੇ ਪ੍ਰਤੀਕਰਮ ਖੁਲ੍ਹੇਆਮ ਪ੍ਰਗਟ ਕਰ ਚੁੱਕੇ ਹਨ ਪਰ ਕਈ ਅੰਦਰੋਂ ਅੰਦਰੀ ਕੁੜ੍ਹ ਰਹੇ ਹਨ ਅਤੇ ਖੁਲ੍ਹ ਕੇ ਬੋਲਣ ਦੀ ਹਿੰਮਤ ਨਹੀਂ ਕਰਨ ਜੋਗੇ। ਪਾਰਟੀ ਅੰਦਰ ਹੁਣ ਅਕਾਲੀ ਦਲ ਦੀ ਹੋਂਦ ਨੂੰ ਬਚਾਉਣ ਲਈ ਸੁਖਬੀਰ ਬਾਦਲ ਦੇ ਅਸਤੀਫ਼ੇ ਅਤੇ ਪਾਰਟੀ ਦੇ ਮੁੜ ਪੁਰਾਣੇ ਲੋਕਤੰਤਰੀ ਤਰੀਕੇ ਨਾਲ ਗਠਨ ਦੀ ਮੰਗ ਉਠ ਰਹੀ ਹੈ।
ਪਰ ਦੂਜੇ ਪਾਸੇ ਜੇ ਦੇਖਿਆ ਜਾਵੇ ਤਾਂ ਪਾਰਟੀ ਪ੍ਰਧਾਨ ਬਠਿੰਡਾ ਲੋਕ ਸਭਾ ਹਲਕੇ ਤੋਂ ਅਪਣੇ ਪ੍ਰਵਾਰ ਦੀ ਸੀਟ ਬਚ ਜਾਣ ਤੇ ਸੰਤੁਸ਼ਟ ਹਨ ਅਤੇ ਬਾਕੀ 12 ਹਲਕਿਆਂ ਦੀ ਹਾਰ ਅਤੇ ਲਗਾਤਾਰ ਹਾਰਾਂ ਨੂੰ ਗੰਭੀਰਤਾ ਨਾਲ ਲੈਣ ਲਈ ਹਾਲੇ ਵੀ ਤਿਆਰ ਨਹੀਂ। ਭਾਵੇਂ ਹਾਲੇ ਤਕ ਕਿਸੇ ਵੀ ਵੱਡੇ ਆਗੂ ਦਾ ਚੋਣ ਨਤੀਜਿਆਂ ਬਾਅਦ ਸੁਖਬੀਰ ਦੇ ਸਮਰਥਨ ਵਿਚ ਕੋਈ ਬਿਆਨ ਨਹੀਂ ਆਇਆ ਅਤੇ ਬਹੁਤੇ ਆਗੂਆਂ ਨੇ ਹਾਲੇ ਤਕ ਬਾਗ਼ੀ ਸੁਰਾਂ ਹੀ ਅਲਾਪੀਆਂ ਹਨ।
ਜ਼ਿਕਰਯੋਗ ਹੈ ਕਿ ਪਾਰਟੀ ਦੇ ਦੋ ਵੱਡੇ ਆਗੂ ਸੁਖਦੇਵ ਸਿੰਘ ਢੀਂਡਸਾ ਅਤੇ ਸਿਕੰਦਰ ਸਿੰਘ ਮਲੂਕਾ ਤਾਂ ਚੋਣਾਂ ਦੌਰਾਨ ਹੀ ਪਾਰਟੀ ਤੋਂ ਲਾਂਭੇ ਹੋ ਕੇ ਬੈਠ ਗਏ ਸਨ ਪਰ ਚੋਣ ਨਤੀਜਿਆਂ ਬਾਅਦ ਹੋਰ ਪ੍ਰਮੁੱਖ ਆਗੂਆਂ ਵਿਚ ਵੀ ਪਾਰਟੀ ਲੀਡਰਸ਼ਿਪ ਦੀਆਂ ਨੀਤੀਆਂ ਵਿਰੁਧ ਨਾਰਾਜ਼ਗੀ ਵਧੀ ਹੈ। ਚੋਣ ਨਤੀਜਿਆਂ ਤੋਂ ਬਾਅਦ ਪਾਰਟੀ ਅੰਦਰਲੇ ਨਾਰਾਜ਼ ਆਗੂਆਂ ਦੀ ਲਾਈਨ ਲਗਾਤਾਰ ਲੰਬੀ ਹੋ ਰਹੀ ਹੈ।
ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਦੇ ਪਾਰਟੀ ਦੀ ਹਾਲਤ ਨੋਟਾ ਵਰਗੀ ਹੋ ਜਾਣ ਅਤੇ ਇਧਰ ਦੇ ਰਹਿਣ ਨਾ ਉਧਰ ਦੇ ਰਹਿਣ ਦੀਆਂ ਟਿਪਣੀਆਂ ਬਾਅਦ ਪਾਰਟੀ ਵਿਧਾਇਕ ਦਲ ਦੇ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਝੂੰਦਾਂ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਦੀ ਮੰਗ ਕਰਦਿਆਂ ਫ਼ਿਲਹਾਲ ਪਾਰਟੀ ਤੋਂ ਪਾਸੇ ਹੋਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਸੁਖਬੀਰ ਦੇ ਪਿਛਲੇ ਸਮੇਂ ਵਿਚ ਨੇੜੇ ਰਹੇ ਸੀਨੀਅਰ ਆਗੂ ਬਲਦੇਵ ਸਿੰਘ ਮਾਨ ਪਾਰਟੀ ਦੀ ਹਾਲਤ ’ਤੇ ਗੰਭੀਰ ਮੰਥਨ ਕਰ ਕੇ ਵੱਡੇ ਫ਼ੈਸਲੇ ਲੈਣ ਦੀ ਮੰਗ ਕਰ ਚੁੱਕੇ ਹਨ।
ਸਾਬਕਾ ਐਮ.ਪੀ. ਪਰਮਜੀਤ ਕੌਰ ਗੁਲਸ਼ਨ ਨੇ ਤਾਂ ਸਪੱਸ਼ਟ ਤੌਰ ’ਤੇ ਪਾਰਟੀ ਪ੍ਰਧਾਨ ਤੋਂ ਅਸਤੀਫ਼ੇ ਦੀ ਮੰਗ ਕੀਤੀ ਹੈ। ਬੀਬੀ ਜਗੀਰ ਕੌਰ ਵੀ ਸੁਖਬੀਰ ਦੇ ਸਲਾਹਕਾਰਾਂ ਉਪਰ ਸਵਾਲ ਉਠਾ ਚੁੱਕੇ ਹਨ। ਇਸ ਤੋਂ ਸਪੱਸ਼ਟ ਹੋ ਰਿਹਾ ਹੈ ਕਿ ਅੱਜ ਭਲਕ ਬਾਦਲ ਦਲ ਅੰਦਰ ਵੱਡੀ ਬਗ਼ਾਵਤ ਹੋ ਸਕਦੀ ਹੈ ਅਤੇ ਨਾਰਾਜ਼ ਆਗੂ ਇਕੱਠੇ ਹੋ ਕੇ ਕੋਈ ਵੱਡਾ ਫ਼ੈਸਲਾ ਲੈ ਸਕਦੇ ਹਨ।
ਦੂਜੇ ਪਾਸੇ ਸੁਖਬੀਰ ਬਾਦਲ ਨੇ ਉਠ ਰਹੀਆਂ ਬਾਗ਼ੀ ਸੁਰਾਂ ਦੇ ਚਲਦੇ ਨੈਤਿਕ ਤੌਰ ’ਤੇ ਅਹੁਦਾ ਛੱਡਣ ਦੀ ਪੇਸ਼ਕਸ਼ ਕਰਨ ਦੀ ਥਾਂ ਅਪਣੀ ਪ੍ਰਧਾਨਗੀ ਬਚਾਉਣ ਲਈ ਕੋਸ਼ਿਸ਼ਾਂ ਸ਼ੁਰੂ ਕਰਦਿਆਂ ਹਾਰੇ ਹੋਏ ਉਮੀਦਵਾਰਾਂ ਨੂੰ ਮਿਲ ਕੇ ਲਾਮਬੰਦੀ ਸ਼ੁਰੂ ਕਰ ਦਿਤੀ ਹੈ। ਇਹ ਵੀ ਸੁਣਨ ਵਿਚ ਆਇਆ ਹੈ ਕਿ ਉਨ੍ਹਾਂ ਖ਼ਾਲੀ ਹੋਏ ਗਿੱਦੜਬਾਹਾ ਸੀਟ ਤੋਂ ਚੋਣ ਲੜ ਕੇ ਪੰਜਾਬ ਅਸੈਂਬਲੀ ਵਿਚ ਦਾਖ਼ਲ ਹੋਣ ਦੀ ਤਿਆਰੀ ਵੀ ਸ਼ੁਰੂ ਕਰ ਦਿਤੀ ਹੈ।
ਆਜ਼ਾਦ ਪੰਥਕ ਉਮੀਦਵਾਰਾਂ ਦੇ ਗਰੁਪ ਵਲੋਂ ਵੀ ਨਵੀਂ ਪਾਰਟੀ ਬਣਾਉਣ ਦੀ ਤਿਆਰੀ
ਜਿਥੇ ਇਕ ਪਾਸੇ ਅਕਾਲੀ ਦਲ ਅੰਦਰ ਵੱਡਾ ਸੰਕਟ ਚਲ ਰਿਹਾ ਹੈ, ਉਥੇ ਦੂਜੇ ਪਾਸੇ ਅਪਣੀ ਵੱਡੀ ਜਿੱਤ ਤੋਂ ਉਤਸ਼ਾਹਤ ਦੋ ਆਜ਼ਾਦ ਪੰਥਕ ਉਮੀਦਵਾਰਾਂ ਸਰਬਜੀਤ ਸਿੰਘ ਖ਼ਾਲਸਾ ਅਤੇ ਅੰਮ੍ਰਿਤਪਾਲ ਸਿੰਘ ਵਲੋਂ ਵੀ ਨਵੀਂ ਪੰਥਕ ਪਾਰਟੀ ਬਣਾਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸਰਬਜੀਤ ਸਿੰਘ ਖ਼ਾਲਸਾ ਨੇ ਸਪੱਸ਼ਟ ਕਿਹਾ ਹੈ ਕਿ ਉਨ੍ਹਾਂ ਦਾ ਗਰੁਪ ਆਉਂਦੀਆਂ ਪੰਜ ਹਲਕਿਆਂ ਦੀ ਉਪ ਚੋਣਾਂ ਤੋਂ ਇਲਾਵਾ ਐਸ.ਜੀ.ਪੀ.ਸੀ. ਸਮੇਤ ਪੰਜਾਬ ਵਿਚ ਹੋਣ ਵਾਲੀਆਂ ਹੋਰ ਚੋਣਾਂ ਵੀ ਲੜੇਗਾ। ਇਸ ਨਾਲ ਬਾਦਲ ਅਕਾਲੀ ਦਲ ਦੀ ਹਾਲਤ ਮੌਜੂਦਾ ਸਥਿਤੀਆਂ ਵਿਚ ਹੋਰ ਵੀ ਪਤਲੀ ਹੋ ਜਾਣ ਬਾਅਦ ਸ਼੍ਰੋਮਣੀ ਕਮੇਟੀ ਵੀ ਹੱਥੋਂ ਨਿਕਲ ਸਕਦੀ ਹੈ।