
ਬਾਜਵਾ ਤੇ ਦੁੱਲੋ ਨੇ ਸੋਨੀਆ ਗਾਂਧੀ ਤੋਂ ਸਮਾਂ ਮੰਗਿਆ
ਚੰਡੀਗੜ੍ਹ (ਗੁਰਉਪਦੇਸ਼ ਭੁੱਲਰ) : ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਤੇ ਪੰਜਾਬ ਮੰਤਰੀ ਮੰਡਲ ਵਲੋਂ ਪੰਜਾਬ ਕਾਂਗਰਸ ਦੇ ਦੋ ਸਾਬਕਾ ਪ੍ਰਧਾਨਾਂ ਤੇ ਮੌਜੂਦਾ ਰਾਜ ਸਭਾ ਮੈਂਬਰਾਂ ਪ੍ਰਤਾਪ ਸਿੰਘ ਬਾਜਵਾ ਅਤੇ ਸਮਸ਼ੇਰ ਸਿੰਘ ਦੂਲੋ ਨੂੰ ਪਾਰਟੀ 'ਚੋਂ ਕੱਢਣ ਦੀ ਹਾਈਕਮਾਨ ਨੂੰ ਕੀਤੀ ਸਿਫ਼ਾਰਸ਼ ਦੇ ਬਾਵਜੂਦ ਇਨ੍ਹਾਂ ਦੋਵੇਂ ਵੱਡੇ ਕਾਂਗਰਸੀ ਨੇਤਾਵਾਂ ਦੇ ਰੁੱਖ ਵਿਚ ਕੋਈ ਨਰਮੀ ਨਹੀਂ ਆ ਰਹੀ ਬਲਕਿ ਇਸ ਦੇ ਉਲਟ ਉਨ੍ਹਾਂ ਦੇ ਤੇਵਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਪ੍ਰਧਾਨ ਜਾਖੜ ਵਿਰੁਧ ਹੋਰ ਤਿਖੇ ਹੋ ਰਹੇ ਹਨ।
Sunil Jakhar
ਫਿਰ ਦੋਹਾਂ ਨੇਤਾਵਾਂ ਨੇ ਜ਼ਹਿਰੀਲੀ ਸ਼ਰਾਬ ਦੇ ਮੁੱਦੇ ਨੂੰ ਆਧਾਰ ਬਣਾ ਕੇ ਅਪਣੀ ਹੀ ਸਰਕਾਰ 'ਤੇ ਜ਼ੋਰਦਾਰ ਹਮਲੇ ਕੀਤੇ ਹਨ। ਇਸ ਨਾਲ ਪੰਜਾਬ ਕਾਂਗਰਸ ਵਿਚ ਵੱਡੇ ਆਗੂਆਂ ਵਿਚਕਾਰ ਸ਼ੁਰੂ ਹੋਇਆ ਇਹ ਕਾਟੋ-ਕਲੇਸ਼ ਹੋਰ ਵਧ ਗਿਆ ਹੈ। ਬਾਜਵਾ ਤੇ ਦੂਲੋ ਨੇ ਵੀ ਪਾਹਰਟੀ ਪ੍ਰਧਾਨ ਸੋਨੀਆ ਗਾਂਧੀ ਤੋਂ ਮਿਲਣ ਦਾ ਸਮਾ ਮੰਗ ਲਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਦੂਲੋ ਨੇ ਦਸਿਆ ਕਿ ਸਮਾਂ ਮਿਲਿਆ ਤਾਂ ਕੈਪਟਨ ਰਾਜ ਦੇ ਮਾਫੀਆ ਰਾਜ ਦੇ ਪੂਰੇ ਪਰਦੇਫਾਸ਼ ਕਰ ਦਿਆਂਗੇ।
Capt Amrinder Singh-Partap Bajwa
ਇਸ ਤੋਂ ਪਹਿਲਾਂ ਵੀ ਸੋਨੀਆ ਗਾਂਧੀ ਤੋਂ ਇਲਾਵਾ ਉਹ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਤੇ ਪਾਰਟੀ ਹਾਈਕਮਾਨ ਦੇ ਹੋਰ ਪ੍ਰਮੁੱਖ ਆਗੂਆਂ ਨੂੰ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ, ਚੱਲ ਰਹੇ ਮਾਫੀਆ ਰਾਜ ਅਤੇ ਸ਼ਰਾਬ ਕਾਂਡ ਬਾਰੇ ਵਿਸਥਾਰ ਵਿਚ ਜਾਣਕਾਰੀ ਵੀ ਦੇ ਚੁੱਕੇ ਹਨ। ਇਸੇ ਦੌਰਾਨ ਇਹ ਜਾਣਕਾਰੀ ਵੀ ਮਿਲੀ ਹੈ ਕਿ ਬਾਜਵਾ ਤੇ ਦੂਲੋ ਨੇ ਕੈਪਟਨ ਨਾਲ ਨਾਰਾਜ਼ ਚੱਲ ਰਹੇ ਪ੍ਰਦੇਸ਼ ਕਾਂਗਰਸ ਦੇ ਪ੍ਰਮੁੱਖ ਨੇਤਾਵਾਂ ਤੇ ਵਿਧਾਇਕਾਂ ਤੋਂ ਇਲਾਵਾ ਲੰਮੇ ਸਮੇਂ ਤੋਂ ਚੁੱਪ ਵੱਟੀ ਬੈਠੇ ਨਵਜੋਤ ਸਿੰਘ ਸਿੱਧੂ ਨਾਲ ਵੀ ਤਲਾਮੇਲ ਕਰ ਕੇ ਇਕ ਮੰਚ 'ਤੇ ਇਕੱਠੇ ਕਰਨ ਦੇ ਯਤਨ ਸ਼ੁਰੂ ਕਰ ਦਿਤੇ ਹਨ ਜਿਸ ਨਾਲ ਆਉਣ ਵਾਲੇ ਦਿਨਾਂ ਵਿਚ ਪੰਜਾਬ ਕਾਂਗਰਸ ਦੀ ਲੜਾਈ ਹੋਰ ਤਿੱਖੀ ਹੋ ਸਕਦੀ ਹੈ।
Punjab Congress
ਕਈ ਮੰਤਰੀ ਅਤੇ ਕੁੱਝ ਵਿਧਾਇਕ ਮਾਫੀਆ ਨਾਲ ਮਿਲੇ ਹੋਏ ਹਨ : ਦੂਲੋ
ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਸਮਸ਼ੇਰ ਸਿੰਘ ਦੂਲੋ ਨੇ ਵੀ ਮੁੜ ਸਖ਼ਤ ਸ਼ਬਦਾਂ ਦਾ ਇਸਤੇਮਾਲ ਕਰਦਿਆਂ ਕਿਹਾ ਕਿ ਕਈ ਮੰਤਰੀ ਤੇ ਕੁੱਝ ਕਾਂਗਰਸੀ ਵਿਧਾਇਕ ਵੀ ਸ਼ਰਾਬ ਤੇ ਹੋਰ ਮਾਫੀਆ ਨਾਲ ਮਿਲੇ ਹੋਏ ਹਨ ਤੇ ਇਸੇ ਕਾਰਨ ਉਹ ਸੀ.ਬੀ.ਆਈ. ਦੀ ਜਾਂਚ ਤੋਂ ਡਰਦੇ ਹਨ। ਉਨ੍ਹਾਂ ਕਿਹਾ ਕਿ ਅਸੀ ਇਹ ਮੰਗ ਕਰ ਕੇ ਕੋਈ ਗੁਨਾਹ ਨਹੀਂ ਕੀਤਾ ਜੋ ਪਾਰਟੀ ਦੇ ਹਿੱਤ ਵਿਚ ਹੈ। ਪੁਰਾਣੇ ਕਾਂਗਰਸੀ ਨੁਕਰੇ ਲਾ ਦਿਤੇ ਗਏ ਹਨ। ਸਰਕਾਰ ਦੇ ਮੰਤਰੀ ਤੇ ਵਿਧਾਇਕ ਪੈਸੇ ਨੂੰ ਲੁੱਟਣ ਵਿਚ ਲੱਗੇ ਹੋਏ ਹਨ।
Samsher Singh Dullo, Captain Amarinder Singh and Partap Singh Bajwa
ਮੰਤਰੀਆਂ ਵਿਚ ਜਾਨ ਨਹੀਂ ਤੇ ਉਹ ਦਰਬਾਰੀ ਬਣ ਕੇ ਕੰਮ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਅੱਧੇ ਮੰਤਰੀ ਤਾਂ ਦਲ ਬਦਲੂ ਹਨ ਤੇ ਸੂਬੇ ਵਿਚ ਹਰ ਤਰ੍ਹਾਂ ਦਾ ਮਾਫੀਆ ਰਾਜ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਸੂਬਾ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੀ ਭੂਮਿਕਾ ਵੀ ਸ਼ੱਕੀ ਹੈ। ਉਨ੍ਹਾਂ ਨੇ ਪਾਰਟੀ ਧਰਮ ਨਹੀਂ ਨਿਭਾਇਆ। ਉਨ੍ਹਾਂ ਨੂੰ ਚਾਹੀਦਾ ਸੀ ਕਿ ਕੇਅਰ ਟੇਕਰ ਬਣ ਕੇ ਪਾਰਟੀ ਲਈ ਕੰਮ ਕਰਦੇ ਅਤੇ ਗ਼ਲਤ ਕੰਮ ਕਰਨ ਵਾਲਿਆਂ ਵਿਰੁਧ ਆਵਾਜ਼ ਉਠਾਉਂਦੇ ਪਰ ਉਹ ਸੱਚ ਦੀ ਆਵਾਜ਼ ਹੀ ਦਬਾਉਣ ਲੱਗੇ ਹਨ ਜੋ ਕਦੇ ਨਹੀਂ ਦਬ ਸਕਦੀ।
Shamsher Singh Dullo
ਬਾਜਵਾ ਵਲੋਂ ਹਾਈਕਮਾਨ ਤੋਂ ਕੈਪਟਨ ਅਤੇ ਜਾਖੜ ਨੂੰ ਅਹੁਦਿਆਂ ਤੋਂ ਲਾਂਭੇ ਕਰਨ ਦੀ ਮੰਗ
ਮੀਡੀਆ ਨਾਲ ਗੱਲਬਾਤ ਦੌਰਾਨ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਸੁਨੀਲ ਜਾਖੜ ਨੂੰ ਉਨ੍ਹਾਂ ਦੇ ਅਹੁਦਿਆਂ ਤੋਂ ਲਾਂਭੇ ਕਰਨ ਦੀ ਪਾਰਟੀ ਹਾਈਕਮਾਨ ਤੋਂ ਮੁੜ ਮੰਗ ਦੋਹਰਾਈ ਹੈ। ਉਨ੍ਹਾਂ ਕਿਹਾ ਅਕਾਲੀ-ਭਾਜਪਜ ਸਰਕਾਰ ਦਾ ਜੋ ਹਾਲ ਵਿਧਾਨ ਯਭਾ ਚੋਣਾਂ ਤੋਂ ਇਕ ਸਾਲ ਪਹਿਲਾਂ ਹੋਇਆ ਸੀ, ਉਹ ਹਾਲ ਕਾਂਗਰਸ ਸਰਕਾਰ ਦਾ ਡੇਢ ਸਾਲਪਹਿਲਾਂ ਹੀ ਹੋ ਗਿਆ ਹੈ।
Partap Singh Bajwa
ਉਨ੍ਹਾਂ ਕਿਹਾ ਕਿ ਹਾਲੇ ਵੀ ਸਮਾਂ ਹੈ ਕਿ ਪਾਰਟੀ ਨੂੰ ਪੰਜਾਬ ਵਿਚ ਬਚਾਉਣ ਲਈ ਪਾਰਟੀ ਹਾਈਕਮਾਨ ਇਨ੍ਹਾਂ ਨੂੰ ਲਾਂਭੇ ਕਰ ਕੇ ਯੋਗ ਆਗੂਆਂ ਨੂੰ ਥਾਂ ਦੇਵੇ ਤਾਂ ਕਿ ਕਾਂਗਰਸ ਹੋਰ ਵੀ ਵੱਡੇ ਬਹੁਮਤ ਨਾਲ ਜਿੱਤ ਹਾਸਲ ਕਰੇਗੀ। ਬਾਜਵਾ ਨੇ ਕਿਹਾ ਕਿ ਕੈਪਟਨ ਸਾਹਿਬ ਨੇ ਗੁਟਕਾ ਫੜ ਕੇ ਖਾਧੀ ਸਹੁੰ ਨੂੰ ਪੂਰਾ ਨਹੀਂ ਕੀਤਾ, ਜਿਸ ਕਰ ਕੇ ਲੋਕ ਉਸ 'ਤੇ ਕਿਸ ਤਰ੍ਹਾਂ ਵਿਸਵਾਸ਼ ਕਰਨਗੇ? ਉਨ੍ਹਾਂ ਕਿਹਾ ਕਿ ਸੂਬੇ ਵਿਚ ਪਹਿਲੀ ਸਰਕਾਰ ਵਾਂਗ ਹਰ ਤਰ੍ਹਾਂ ਦਾ ਮਾਫੀਆ ਕੰਮ ਕਰ ਰਿਹਾ ਹੈ। ਉਨ੍ਹਾਂ ਗਵਰਨਰ ਨਾਲ ਮੁਲਾਕਾਤ ਨੂੰ ਜਾਇਜ਼ ਦਸਦਿਆਂ ਕਿਹਾ ਕਿ ਜਦੋਂ 121 ਲੋਕਾਂ ਦੀ ਜ਼ਹਿਰੀਲੀ ਸ਼ਰਾਬ ਨਾਲ ਮੌਤ ਹੋ ਜਾਵੇ ਤੇ ਵੱਡੇ ਮਗਰਮੱਛਾਂ 'ਤੇ ਕਾਰਵਾਈ ਨਾ ਹੋਵੇ ਤਾਂ ਸਾਡੇ ਵਰਗੇ ਨੇਤਾ ਨਹੀਂ ਬੋਲਣਗੇ ਤਾਂ ਹੋਰ ਕੌਣ ਬੋਲੇਗਾ?
ਬਾਜਵਾ ਨੇ ਮੁੱਖ ਮੰਤਰੀ ਨੂੰ ਚੁਣੌਤੀ ਦਿਤੀ ਕਿ ਹਿੰਮਤ ਹੈ ਤਾਂ ਮੇਰੇ ਨਾਲ ਸਿੱਧੀ ਗੱਲ ਕਰੋ। ਅਪਣੇ ਤੋਤੇ ਰਾਹੀਂ ਗੱਲਾਂ ਨਾ ਕਰੋ ਜੋ ਤੁਹਾਡੀ ਚੂਰੀ ਖਾ ਕੇ ਬੋਲਦਾ ਹੈ। ਉਨ੍ਹਾਂ ਜਾਖੜ 'ਤੇ ਦੋਸ਼ ਲਾਇਆ ਕਿ ਉਹ 'ਸ਼ਕੁਨੀ' ਦੀ ਭੁਮਿਕਾ ਨਿਪਾ ਰਹੇ ਹਨ ਅਤੇ ਕਾਂਗਰਸ ਵਿਚ ਭਾਈਆਂ ਨੂੰ ਲੜਾਉਣ ਦਾ ਕੰਮ ਕੀਤਾ ਹੈ ਜਦਕਿ ਉਨ੍ਹਾਂ ਦਾ ਫ਼ਰਜ਼ ਪਾਰਟੀ ਨੂੰ ਇਕੱਠੇ ਰੱਖਣਾ ਸੀ।