
ਕੈਬਨਿਟ ਮੀਟਿੰਗ ਦੌਰਾਨ ਮੰਤਰੀਆਂ ਨੇ ਦੋਵਾਂ ਆਗੂਆਂ ਖਿਲਾਫ਼ ਕਰਵਾਈ ਦੀ ਮੰਗ ਰੱਖੀ
ਚੰਡੀਗੜ੍ਹ : ਪੰਜਾਬ ਅੰਦਰ ਵਾਪਰੇ ਜ਼ਹਿਰੀਲੀ ਸ਼ਰਾਬ ਕਾਂਡ ਨੇ ਪੰਜਾਬ ਕਾਂਗਰਸ ਦੀਆਂ ਚੂਲਾਂ ਹਲਾਊਣੀਆਂ ਸ਼ੁਰੂ ਕਰ ਦਿਤੀਆਂ ਹਨ। ਇਸ ਮੁੱਦੇ 'ਤੇ ਵਿਰੋਧੀਆਂ ਦੇ ਨਿਸ਼ਾਨੇ 'ਤੇ ਆਈ ਸਰਕਾਰ ਨੂੰ ਹੁਣ ਅਪਣੇ ਘਰ ਅੰਦਰਲੇ ਕਲੇਸ਼ ਨਾਲ ਦੋ-ਚਾਰ ਹੋਣਾ ਪੈ ਰਿਹਾ ਹੈ। ਇਸ ਕਾਂਡ ਤੋਂ ਬਾਅਦ ਪੰਜਾਬ ਕਾਂਗਰਸ ਅੰਦਰ ਵੀ ਮੱਧ ਪ੍ਰਦੇਸ਼ ਅਤੇ ਰਾਜਸਥਾਨ ਵਰਗੇ ਹਾਲਾਤ ਬਣਦੇ ਜਾ ਰਹੇ ਹਨ।
Capt Amrinder Singh, Partap Singh Bajwa
ਹੁਣ ਜਦੋਂ ਅਸੈਬਲੀ ਚੋਣਾਂ ਅੱਗੇ ਡੇਢ ਕੁ ਸਾਲ ਦਾ ਅਰਸਾ ਹੀ ਬਾਕੀ ਰਹਿ ਗਿਆ ਹੈ, ਸਰਕਾਰ ਅੱਗੇ ਅਪਣੇ ਅਗਲੇਰੇ ਟੀਚਿਆਂ ਨੂੰ ਨੇਪਰੇ ਚਾੜ੍ਹਣ ਦੇ ਨਾਲ-ਨਾਲ ਪਾਰਟੀ ਅੰਦਰਲੀ ਬਗਾਵਤ ਨੂੰ ਕਾਬੂ ਕਰਨ ਦੀ ਚੁਨੌਤੀ ਆਣ ਖੜ੍ਹੀ ਹੋਈ ਹੈ। ਭਾਵੇਂ ਇਹ ਚੁਨੌਤੀ ਕੋਈ ਨਵੀਂ ਨਹੀਂ ਹੈ, ਪਰ ਜ਼ਹਿਰੀਲੀ ਸ਼ਰਾਬ ਕਾਂਡ ਨੇ ਧੁਖਦੀ 'ਤੇ ਤੇਲ ਦਾ ਕੰਮ ਕੀਤਾ ਹੈ।
Shamsher Singh Dullo
ਬੀਤੇ ਦਿਨੀਂ ਪ੍ਰਦੇਸ਼ ਪ੍ਰਧਾਨ ਸੁਨੀਲ ਜਾਖੜ ਨੇ ਹਾਈ ਕਮਾਂਡ ਨੂੰ ਪਾਰਟੀ ਦੇ ਸੀਨੀਅਰ ਆਗੂਆਂ ਸਮਸ਼ੇਰ ਸਿੰਘ ਦੂਲੋਂ ਅਤੇ ਪ੍ਰਤਾਪ ਸਿੰਘ ਬਾਜਪਾ ਖਿਲਾਫ਼ ਕਾਰਵਾਈ ਲਈ ਪੱਤਰ ਲਿਖ ਚੁੱਕੇ ਹਨ। ਹੁਣ ਵੀਰਵਾਰ ਨੂੰ ਹੋਈ ਕੈਬਨਿਟ ਮੀਟਿੰਗ ਦੌਰਾਨ ਵੀ ਬਹੁਗਿਣਤੀ ਮੰਤਰੀ ਬਾਗੀ ਆਗੂਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੇ ਹੱਕ 'ਚ ਖੁਲ੍ਹ ਦੇ ਸਾਹਮਣੇ ਆ ਗਏ ਹਨ। ਇਸ ਮੁੱਦੇ 'ਤੇ ਕੈਬਨਿਟ ਮੰਤਰੀਆਂ ਨੇ ਇਕ ਜੁਆਇੰਟ ਸਟੇਟਮੈਂਟ ਜਾਰੀ ਕਰਦਿਆਂ ਪਾਰਟੀ ਵਿਰੋਧੀ ਕਦਮ ਚੁਕਣ ਵਾਲੇ ਅਪਣੇ ਰਾਜ ਸਭਾ ਅਤੇ ਸੰਸਦ ਮੈਂਬਰਾਂ ਨੂੰ ਪਾਰਟੀ 'ਚੋਂ ਬਾਹਰ ਦਾ ਰਸਤਾ ਦਿਖਾਉਣ ਦੀ ਮੰਗ ਕੀਤੀ ਹੈ।
Partap Singh Bajwa
ਕਾਬਲੇਗੌਰ ਹੈ ਕਿ ਜ਼ਹਿਰੀਲੀ ਸ਼ਰਾਬ ਕਾਂਡ ਤੋਂ ਬਾਅਦ ਪਾਰਟੀ ਦੇ ਸੀਨੀਅਰ ਆਗੂ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਅਤੇ ਸ਼ਮਸ਼ੇਰ ਸਿੰਘ ਦੂਲੋਂ ਨੇ ਪੰਜਾਬ ਦੇ ਰਾਜਪਾਲ ਤਕ ਪਹੁੰਚ ਕਰਦਿਆਂ ਇਸ ਮਾਮਲੇ 'ਚ ਅਪਣੀ ਹੀ ਸਰਕਾਰ 'ਤੇ ਸਵਾਲ ਉਠਾਏ ਸਨ। ਇਨ੍ਹਾਂ ਆਗੂਆਂ ਨੇ ਕੈਪਟਨ ਸਰਕਾਰ 'ਤੇ ਅਣਗਹਿਲੀ ਦੇ ਦੋਸ਼ ਲਾਉਂਦਿਆਂ ਪੂਰੇ ਮਾਮਲੇ ਦੀ ਸੀਬੀਆਈ ਜਾਂਚ ਦੀ ਮੰਗ ਕੀਤੀ ਸੀ।
Sunil Jakhar
ਇਸ ਤੋਂ ਬਾਅਦ ਇਨ੍ਹਾਂ ਆਗੂਆਂ ਖਿਲਾਫ਼ ਕਾਰਵਾਈ ਦੀ ਮੰਗ ਉਠਣੀ ਸ਼ੁਰੂ ਹੋ ਗਈ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਵੀ ਇਨ੍ਹਾਂ ਆਗੂਆਂ ਦੀ ਕਾਰਵਾਈ ਦੀ ਸਖ਼ਤ ਨੋਟਿਸ ਲੈਂਦਿਆਂ ਹਾਈ ਕਮਾਂਡ ਨੂੰ ਕਾਰਵਾਈ ਦੀ ਸਿਫਾਰਸ਼ ਕਰ ਚੁੱਕੇ ਹਨ। ਪਾਰਟੀ ਪ੍ਰਧਾਨ ਨੇ ਦੋਵਾਂ ਆਗੂਆਂ ਦੀ ਕਾਰਵਾਈ ਨੂੰ ਹਾਸੋਹੀਣਾ ਕਰਾਰ ਦਿੰਦਿਆਂ ਗੰਭੀਰ ਦੋਸ਼ ਲਾਏ ਸਨ, ਜਿਸ ਤੋਂ ਬਾਅਦ ਇਨ੍ਹਾਂ ਆਗੂਆਂ ਖਿਲਾਫ਼ ਕਾਰਵਾਈ ਲਈ ਲਾਮਬੰਦੀ ਸ਼ੁਰੂ ਹੋ ਚੁੱਕੀ ਹੈ। ਪੰਜਾਬ ਕਾਂਗਰਸ ਅੰਦਰਲੇ ਤਾਜ਼ਾ ਸਿਆਸੀ ਹਾਲਾਤਾਂ ਮੁਤਾਬਕ ਆਉਂਦੇ ਦਿਨਾਂ 'ਚ ਪਾਰਟੀ ਅੰਦਰ ਵੱਡਾ ਫੇਰ-ਬਦਲ ਹੋਣਾ ਤੈਅ ਮੰਨਿਆ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।