
ਦਿੱਲੀ ਅਤੇ ਪੰਜਾਬ ਵਿਚ ਰਿਕਾਰਡਤੋੜ ਜਿੱਤ ਦਰਜ ਕਰਨ ਵਾਲੀ ‘ਆਪ’ ਹਿਮਾਚਲ ਵਿਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ
ਨਵੀਂ ਦਿੱਲੀ: ਹਿਮਾਚਲ ਪ੍ਰਦੇਸ਼ ਵਿਚ ਅਰਵਿੰਦ ਕੇਜਰੀਵਾਲ ਦੀ ਆਮ ਆਦਮੀ ਪਾਰਟੀ ਦਾ ਜਾਦੂ ਨਹੀਂ ਚੱਲ ਸਕਿਆ। ਪੰਜਾਬ ਵਿਧਾਨ ਸਭਾ ਚੋਣਾਂ ਜਿੱਤਣ ਤੋਂ ਬਾਅਦ ਆਮ ਆਦਮੀ ਪਾਰਟੀ ਹਿਮਾਚਲ ਪ੍ਰਦੇਸ਼ ਵਿਚ ਦਾਖ਼ਲ ਹੋਈ ਸੀ। ਦਿੱਲੀ ਅਤੇ ਪੰਜਾਬ ਵਿਚ ਰਿਕਾਰਡਤੋੜ ਜਿੱਤ ਦਰਜ ਕਰਨ ਵਾਲੀ ‘ਆਪ’ ਹਿਮਾਚਲ ਵਿਚ ਆਪਣਾ ਖਾਤਾ ਵੀ ਨਹੀਂ ਖੋਲ੍ਹ ਸਕੀ ਅਤੇ 67 ਸੀਟਾਂ ’ਤੇ ਖੜ੍ਹੇ ‘ਆਪ’ ਦੇ ਉਮੀਦਵਾਰ ਆਪਣੀ ਜ਼ਮਾਨਤ ਵੀ ਨਹੀਂ ਬਚਾ ਸਕੇ।
‘ਆਪ’ ਨੇ ਸੂਬੇ ਦੇ ਲੋਕਾਂ ਨੂੰ ਤੀਜਾ ਵਿਕਲਪ ਦੇਣ ਦਾ ਵਾਅਦਾ ਕੀਤਾ ਸੀ। ‘ਆਪ’ ਤੋਂ ਪਹਿਲਾਂ ਵੀ ਹਿਮਾਚਲ ਦੀਆਂ ਕਰੀਬ 9 ਰਾਸ਼ਟਰੀ ਅਤੇ ਖੇਤਰੀ ਪਾਰਟੀਆਂ ਨੇ ਤੀਜਾ ਵਿਕਲਪ ਦੇਣ ਦੀ ਕੋਸ਼ਿਸ਼ ਕੀਤੀ ਹੈ। ਅਜੇ ਤੱਕ ਕਿਸੇ ਨੂੰ ਵੀ ਕਾਮਯਾਬੀ ਨਹੀਂ ਮਿਲੀ। ਇੱਥੋਂ ਦੀ ਸਿਆਸਤ ਪੰਜ ਸਾਲ ਕਾਂਗਰਸ ਤੇ ਪੰਜ ਸਾਲ ਭਾਜਪਾ ਨਾਲ ਬਣੀ ਰਹਿੰਦੀ ਹੈ।
ਹਿਮਾਚਲ ਪ੍ਰਦੇਸ਼ 'ਚ 'ਆਪ' ਦੇ ਬੁਲਾਰੇ ਅਮਿਤ ਰਾਵਤ ਨੇ ਕਿਹਾ ਕਿ ਪਾਰਟੀ ਹਿਮਾਚਲ ਪ੍ਰਦੇਸ਼ 'ਚ ਮਿਲੇ ਫਤਵੇ ਨੂੰ ਸਵੀਕਾਰ ਕਰਦੀ ਹੈ। ਪਾਰਟੀ ਹਾਰ ਦੇ ਕਾਰਨਾਂ ਦੀ ਸਮੀਖਿਆ ਕਰੇਗੀ। ਸੂਬੇ ਲਈ ਆਪਣੀ 'ਚੋਣ ਗਾਰੰਟੀ' ਵਿਚ 'ਆਪ' ਨੇ ਬੇਰੁਜ਼ਗਾਰ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਅਤੇ ਬਜ਼ੁਰਗਾਂ ਨੂੰ ਮੁਫ਼ਤ ਤੀਰਥ ਯਾਤਰਾਵਾਂ ਦਾ ਵਾਅਦਾ ਕੀਤਾ ਸੀ। ਇਸ ਵਿਚ ਸਿਹਤ ਅਤੇ ਸਿੱਖਿਆ ਸਹੂਲਤਾਂ ਵਿਚ ਸੁਧਾਰ ਕਰਨ ਅਤੇ ਹਿਮਾਚਲ ਨੂੰ ਭ੍ਰਿਸ਼ਟਾਚਾਰ ਮੁਕਤ ਸੂਬਾ ਬਣਾਉਣ ਦਾ ਵਾਅਦਾ ਵੀ ਕੀਤਾ ਗਿਆ।
ਚੋਣ ਪ੍ਰਚਾਰ ਦੇ ਸ਼ੁਰੂਆਤੀ ਪੜਾਅ ਵਿਚ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਸੂਬੇ ਵਿਚ ਕੁਝ ਰੋਡ ਸ਼ੋਅ ਕੀਤੇ ਪਰ ਚੋਣ ਪ੍ਰਚਾਰ ਦੇ ਆਖ਼ਰੀ ਪੜਾਅ 'ਤੇ ਜਦੋਂ ਭਾਜਪਾ ਅਤੇ ਕਾਂਗਰਸ ਵੱਲੋਂ ਸੂਬੇ ਭਰ 'ਚ ਰੈਲੀਆਂ ਕੀਤੀਆਂ ਜਾ ਰਹੀਆਂ ਸਨ ਤਾਂ 'ਆਪ' ਦੀ ਗੈਰ-ਮੌਜੂਦਗੀ ਸਪੱਸ਼ਟ ਸੀ।