
ਕਿਹਾ, ਧਾਰਾ 370 ਨੂੰ ਬੇਅਸਰ ਬਣਾਏ ਜਾਣ ਦੌਰਾਨ ਮਹਾਗਠਬੰਧਨ ਵਾਲੀਆਂ ਪਾਰਟੀਆਂ ਚੁੱਪ ਸਨ
ਰਾਜੌਰੀ/ਜੰਮੂ, 10 ਜੂਨ: ਨੈਸ਼ਨਲ ਕਾਨਫ਼ਰੰਸ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਨੇ ਸਨਿਚਰਵਾਰ ਨੂੰ ਇਹ ਕਹਿੰਦਿਆਂ ਅਗਲੇ ਸਾਲ ਦੀਆਂ ਆਮ ਚੋਣਾਂ ’ਚ ਭਾਜਪਾ ਵਿਰੁਧ ਮਹਾਗਠਬੰਧਨ ਤੋਂ ਅਪਣੀ ਪਾਰਟੀ ਦੇ ਦੂਰ ਰਹਿਣ ਦਾ ਸੰਕੇਤ ਦਿਤਾ ਕਿ ਜ਼ਿਆਦਾਤਰ ਅਜਿਹੀਆਂ ਪਾਰਟੀਆਂ ਧਾਰਾ 370 ਨੂੰ ਬੇਅਸਰ ਬਣਾਏ ਜਾਣ ਦੌਰਾਨ ਚੁੱਪ ਸਨ।
ਉਨ੍ਹਾਂ ਇਹ ਵੀ ਕਿਹਾ ਕਿ ਜੰਮੂ-ਕਸ਼ਮੀਰ ਵਿਧਾਨ ਸਭਾ ਚੋਣਾਂ ਦਾ ਬਿਗਲ ਫੂਕੇ ਜਾਣ ਤੋਂ ਪਹਿਲਾਂ ਚੋਣਾਂ ਤੋਂ ਪਹਿਲਾਂ ਹੋਣ ਵਾਲੇ ਗਠਜੋੜ ਦੀ ਗੱਲਬਾਤ ਜਲਦਬਾਜ਼ੀ ਹੋਵੇਗੀ।
ਅਬਦੁੱਲਾ ਨੇ ਸਰਹੱਦੀ ਰਾਜੌਰੀ ਜ਼ਿਲ੍ਹੇ ’ਚ ਪੁੱਜਣ ’ਤੇ ਪੱਤਰਕਾਰਾਂ ਨੂੰ ਕਿਹਾ, ‘‘ਅਸੀਂ ਜੰਮੂ-ਕਸ਼ਮੀਰ ਦੇ ਬਾਹਰ ਕੀ (ਯੋਗਦਾਨ) ਕਰ ਸਕਦੇ ਹਾਂ? ਸਾਡੇ ਇੱਥੇ ਕੁਲ ਪੰਜ (ਲੋਕ ਸਭਾ) ਸੀਟਾਂ ਹਨ ਅਤੇ ਇਨ੍ਹਾਂ ਪੰਜ ਸੀਟਾਂ ਤੋਂ ਕਿਹੜਾ ਤੂਫ਼ਾਨ ਆ ਸਕਦੈ? ਅਸੀਂ ਇਨ੍ਹਾਂ ਸੀਟਾਂ ’ਤੇ ਭਾਜਪਾ ਦਾ ਮੁਕਾਬਲਾ ਕਰਨਾ ਹੈ, ਜੰਮੂ-ਕਸ਼ਮੀਰ ਤੋਂ ਬਾਹਰ ਜੋ ਹੋ ਰਿਹਾ ਹੈ ਉਹ ਦੂਜਾ ਸਵਾਲ ਹੈ।’’
2023 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਭਾਜਪਾ ਵਿਰੁਧ ਹੋਰ ਪਾਰਟੀਆਂ ਨਾਲ ਨੈਸ਼ਨਲ ਕਾਨਫ਼ਰੰਸ ਦੇ ਹੱਥ ਮਿਲਾਉਣ ਦੀ ਸੰਭਾਨਾ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ, ‘‘ਮਜਬੂਰੀ ਛੱਡੋ। ਮੈਨੂੰ ਅਜਿਹੇ ਗਠਜੋੜ ਨਾਲ ਪਾਰਟੀ ਅਤੇ ਜੰਮੂ-ਕਸ਼ਮੀਰ ਲਈ ਕੋਈ ਫ਼ਾਇਦਾ ਨਹੀਂ ਦਿਸਦਾ। ਮੈਂ ਵਾਰ-ਵਾਰ ਕਹਿ ਰਿਹਾ ਹਾਂ ਕਿ ਜਦੋਂ ਉਨ੍ਹਾਂ ਨੂੰ ਸਾਡੀ ਜ਼ਰੂਰਤ ਹੁੰਦੀ ਹੈ, ਉਹ ਸਾਡਾ ਦਰਵਾਜ਼ਾ ਖੜਕਾਉਂਦੇ ਹਨ। ਜਦੋਂ (ਦਿੱਲੀ ਦੇ ਮੁੱਖ ਮੰਤਰੀ ਅਰਵਿੰਦ) ਕੇਜਰੀਵਾਲ ਮੁਸੀਬਤ ’ਚ ਹਨ, ਤਾਂ ਸਾਡੀ ਹਮਾਇਤ ਦੀ ਜ਼ਰੂਰਤ ਹੈ। ਪਰ 2019 ’ਚ ਜਦੋਂ ਸਾਡੇ ਨਾਲ ਬਹੁਤ ਵੱਡਾ ਧੋਖਾ ਹੋਇਆ ਤਾਂ ਇਹ ਆਗੂ ਕਿੱਥੇ ਸਨ?’’
ਉਹ ਕੇਂਦਰ ਸਰਕਾਰ ਵਲੋਂ ਧਾਰਾ 370 ਨੂੰ ਬੇਅਸਰ ਕਰਨ ਅਤੇ ਜੰਮੂ-ਕਸ਼ਮੀਰ ਨੂੰ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ’ਚ ਵੰਡੇ ਜਾਣ ਦਾ ਜ਼ਿਕਰ ਕਰ ਰਹੇ ਸਨ। (ਪੀਟੀਆਈ)