
ਕਿਹਾ, ਕੋਲਕਾਤਾ ’ਚ ਵਿਦੇਸ਼ੀਆਂ ਦੀਆਂ ਮੂਰਤੀਆਂ ਹਟਾਵਾਂਗੇ
ਕੋਲਕਾਤਾ: ਪਛਮੀ ਬੰਗਾਲ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਗੂ ਦਿਲੀਪ ਘੋਸ਼ ਨੇ ਐਤਵਾਰ ਨੂੰ ਕਿਹਾ ਕਿ ਇੰਡੀਆ ਦਾ ਨਾਂ ਬਦਲ ਕੇ ਭਾਰਤ ਕੀਤਾ ਜਾਵੇਗਾ ਅਤੇ ਕੋਲਕਾਤਾ ’ਚ ਵਿਦੇਸ਼ੀਆਂ ਦੀਆਂ ਮੂਰਤੀਆਂ ਵੀ ਹਟਾਈਆਂ ਜਾਣਗੀਆਂ।
ਮੇਦਿਨੀਪੁਰ ’ਚ ਸੰਸਦ ਮੈਂਬਰ ਘੋਸ਼ ਨੇ ਕਿਹਾ ਕਿ ਜੋ ਲੋਕ ਨਾਂ ਬਦਲਣ ਵਿਰੁਧ ਹਨ ਉਹ ਦੇਸ਼ ਛੱਡ ਕੇ ਜਾ ਸਕਦੇ ਹਨ।
ਖੜਗਪੁਰ ਸ਼ਹਿਰ ’ਚ ‘ਚਾਹ ’ਤੇ ਚਰਚਾ’ ਪ੍ਰੋਗਰਾਮ ’ਚ ਭਾਜਪਾ ਦੇ ਸਾਬਕਾ ਕੌਮੀ ਮੀਤ ਪ੍ਰਧਾਨ ਘੋਸ਼ ਨੇ ਕਿਹਾ, ‘‘ਜਦੋਂ ਪਛਮੀ ਬੰਗਾਲ ’ਚ ਸਾਡੀ ਪਾਰਟੀ ਸੱਤਾ ’ਚ ਆਵੇਗੀ, ਤਾਂ ਅਸੀਂ ਕੋਲਕਾਤਾ ’ਚ ਵਿਦੇਸ਼ੀਆਂ ਦੀਆਂ ਸਾਰੀਆਂ ਮੂਰਤੀਆਂ ਹਟਾ ਦੇਵਾਂਗੇ।’’
ਉਨ੍ਹਾਂ ਕਿਹਾ, ‘‘ਇੰਡੀਆ ਦਾ ਨਾਂ ਬਦਲ ਕੇ ਭਾਰਤ ਕੀਤਾ ਜਾਵੇਗਾ। ਜੋ ਇਸ ਨੂੰ ਪਸੰਦ ਨਹੀਂ ਕਰ ਰਹੇ ਹਨ ਉਹ ਦੇਸ਼ ਛੱਡ ਕੇ ਜਾ ਸਕਦੇ ਹਨ।’’
ਸੂਬੇ ਅੰਦਰ ਭਾਜਪਾ ਦੇ ਇਕ ਹੋਰ ਸੀਨੀਅਰ ਆਗੂ ਰਾਹੁਲ ਸਿਨਹਾ ਨੇ ਕਿਹਾ ਕਿ ਇਕ ਦੇਸ਼ ਦੇ ਦੋ ਨਾਂ ਨਹੀਂ ਹੋ ਸਕਦੇ ਅਤੇ ਨਾਂ ਬਦਲਣ ਦਾ ਇਹ ਸਹੀ ਸਮਾਂ ਹੈ, ਕਿਉਂਕਿ ਦੁਨੀਆਂ ਭਰ ਦੇ ਆਗੂ ਜੀ20 ਸ਼ਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਨਵੀਂ ਦਿੱਲੀ ’ਚ ਮੌਜੂਦ ਹਨ।
ਤ੍ਰਿਣਮੂਲ ਕਾਂਗਰਸ (ਟੀ.ਐੱਮ.ਸੀ.) ਦੇ ਬੁਲਾਰੇ ਸ਼ਾਂਤਨੂ ਸੇਨ ਨੇ ਦੋਸ਼ ਲਾਇਆ ਕਿ ਭਾਜਪਾ ‘ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਉਹ ਵਿਰੋਧੀ ਗਠਜੋੜ ‘ਇੰਡੀਆ’ (ਇੰਡੀਅਨ ਨੈਸ਼ਨਲ ਡਿਵੈਲਪਮੈਂਟਲ ਇੰਕਲੂਸਿਵ ਅਲਾਇੰਸ) ਤੋਂ ਡਰੀ ਹੋਈ ਹੈ।’’
ਕਾਂਗਰਸ ਦੀ ਅਗਵਾਈ ’ਚ ਵਿਰੋਧੀ ਪਾਰਟੀਆਂ ਨੇ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਚੋਣਾਂ ’ਚ ਭਾਜਪਾ ਨੂੰ ਚੁਨੌਤੀ ਦੇਣ ਲਈ ‘ਇੰਡੀਆ’ ਗਠਜੋੜ ਬਣਾਇਆ ਹੈ।