
ਤ੍ਰਿਣਮੂਲ ਨੇ ਰਾਜਪਾਲ ’ਤੇ ਭਾਜਪਾ ਵਲੋਂ ਕੰਮ ਕਰਨ ਦਾ ਦੋਸ਼ ਲਗਾਇਆ, ਭਾਜਪਾ ਨੇ ਵੀ ਕੀਤਾ ਮੋੜਵਾਂ ਵਾਰ
ਕੋਲਕਾਤਾ: ਪਛਮੀ ਬੰਗਾਲ ਦੇ ਰਾਜਪਾਲ ਸੀ.ਵੀ. ਆਨੰਦ ਬੋਸ ਵਲੋਂ ਕੇਂਦਰ ਅਤੇ ਸੂਬਾ ਸਰਕਾਰ ਨੂੰ ਅੱਧੀ ਰਾਤ ਨੂੰ ਦੋ ਮੋਹਰਬੰਦ ਚਿੱਠੀਆਂ ਭੇਜਣ ਤੋਂ ਬਾਅਦ, ਸੱਤਾਧਾਰੀ ਤ੍ਰਿਣਮੂਲ ਕਾਂਗਰਸ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਉਹ ‘ਭਾਜਪਾ ਦੀ ਤਰਫੋਂ ਜਾਣਬੁੱਝ ਕੇ ਟਕਰਾਅ ਵਾਲਾ ਰੁਖ ਅਪਣਾ ਰਹੇ ਹਨ।’
ਦੂਜੇ ਪਾਸੇ, ਭਾਜਪਾ ਨੇ ਸੱਤਾਧਾਰੀ ਪਾਰਟੀ ’ਤੇ ‘‘ਸੂਬੇ ਦੀ ਸਿੱਖਿਆ ਪ੍ਰਣਾਲੀ ਵਿਚਲੀਆਂ ਬੁਰਾਈਆਂ ਨੂੰ ਠੀਕ ਕਰਨ ਦੀਆਂ ਕੋਸ਼ਿਸ਼ਾਂ ਲਈ ਰਾਜਪਾਲ ਨੂੰ ਨਿਸ਼ਾਨਾ ਬਣਾ ਕੇ ਉਨ੍ਹਾਂ ਦੀ ਬੇਇੱਜ਼ਤੀ ਕਰਨ’’ ਦਾ ਦੋਸ਼ ਲਗਾਇਆ।
ਤ੍ਰਿਣਮੂਲ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਾਂਤਨੂ ਸੇਨ ਨੇ ਕਿਹਾ ਕਿ ਅੱਧੀ ਰਾਤ ਨੂੰ ਗੁਪਤ ਚਿੱਠੀ ਭੇਜਣ ਦੇ ਰਾਜਪਾਲ ਦੇ ਨਵਾਂ ਕਦਮ ‘‘ਇਨਾਮ ਵਜੋਂ ਨਵੀਂ ਦਿੱਲੀ ’ਚ ਸ਼ਾਨਦਾਰ ਨਿਯੁਕਤੀ ਦੀ ਇੱਛਾ ਰਖਦਿਆਂ ਕਰਕੇ ਭਾਜਪਾ ਨੂੰ ਖੁਸ਼ ਕਰਨ’’ ਦੇ ਇਰਾਦੇ ਨਾਲ ਚੁਕਿਆ ਗਿਆ ਹੈ।
ਸੇਨ ਨੇ ਕਿਹਾ, ‘‘ਰਾਜਪਾਲ ਸਾਰੇ ਨਿਯਮਾਂ, ਕਾਨੂੰਨਾਂ ਅਤੇ ਸੰਵਿਧਾਨਕ ਵਿਵਸਥਾਵਾਂ ਦੀ ਉਲੰਘਣਾ ਕਰ ਕੇ ਸੂਬੇ ਦੇ ਉੱਚ ਸਿੱਖਿਆ ਖੇਤਰ ਨੂੰ ਬਰਬਾਦ ਕਰ ਰਹੇ ਹਨ। ਸੂਬਾ ਸਰਕਾਰ ਵਲੋਂ ਉਨ੍ਹਾਂ ਦੀ ਕਾਰਵਾਈ ’ਚ ਬੇਨਿਯਮੀਆਂ ਵਲ ਇਸ਼ਾਰਾ ਕਰਨ ਦੇ ਬਾਵਜੂਦ, ਉਹ ਬੇਫਿਕਰ ਦਿਸ ਰਹੇ ਹਨ ਅਤੇ ਭਾਜਪਾ ਦੇ ਸਮਰਥਨ ਕਾਰਨ ਟਕਰਾਅ ਵਾਲਾ ਰੁਖ ਅਪਣਾ ਰਹੇ ਹਨ।’’
ਦੂਜੇ ਪਾਸੇ ਤ੍ਰਿਣਮੂਲ ਕਾਂਗਰਸ ਦੇ ਦੋਸ਼ਾਂ ਦਾ ਜਵਾਬ ਦਿੰਦੇ ਹੋਏ ਭਾਜਪਾ ਦੇ ਸੂਬਾ ਪ੍ਰਧਾਨ ਸੁਕਾਂਤ ਮਜੂਮਦਾਰ ਨੇ ਕਿਹਾ, ‘‘ਰਾਜਪਾਲ ਪਿਛਲੇ ਦਹਾਕੇ ’ਚ ਉੱਚ ਸਿੱਖਿਆ ਦੇ ਖੇਤਰ ’ਚ ਤ੍ਰਿਣਮੂਲ ਕਾਂਗਰਸ ਵਲੋਂ ਫੈਲਾਈ ਗਈ ਗੜਬੜੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਸੂਬੇ ਦੀਆਂ ਯੂਨੀਵਰਸਿਟੀਆਂ ਦੇ ਕੈਂਪਸ ’ਚ ਸਿਆਸੀਕਰਨ, ਡਰ ਅਤੇ ਡਰਾਉਣ ਦੇ ਦੌਰ ਨੂੰ ਖਤਮ ਕਰਨ ਲਈ ਓਵਰਟਾਈਮ ਕੰਮ ਕਰ ਰਹੇ ਹਨ।’’
ਮਜੂਮਦਾਰ ਨੇ ਪੱਤਰਕਾਰਾਂ ਨੂੰ ਕਿਹਾ, ‘‘ਸੱਤਾਧਾਰੀ ਪਾਰਟੀ ਅਸ਼ੋਭਨੀਕ ਤਰੀਕੇ ਨਾਲ ਰਾਜਪਾਲ ਦਾ ਅਪਮਾਨ ਕਰ ਰਹੀ ਹੈ ਕਿਉਂਕਿ ਉਨ੍ਹਾਂ ਨੂੰ ਸਿੱਖਿਆ ਖੇਤਰ ’ਚ ਸੁਧਾਰ ਦੀ ਰਾਜਪਾਲ ਦੀ ਪਹਿਲਕਦਮੀ ਪਸੰਦ ਨਹੀਂ ਹੈ। ਉਸ ਨੂੰ ਉਨ੍ਹਾਂ ਵਿਦਿਆਰਥੀਆਂ ਦੇ ਭਵਿੱਖ ਦੀ ਕੋਈ ਚਿੰਤਾ ਨਹੀਂ ਹੈ ਜੋ ਸੂਬੇ ਦੀਆਂ ਕਈ ਯੂਨੀਵਰਸਿਟੀਆਂ ’ਚ ਹਫੜਾ-ਦਫੜੀ ਦੀ ਸਥਿਤੀ ਕਾਰਨ ਦੁਖੀ ਹਨ।’’
ਸੂਬੇ ਦੇ ਸਿੱਖਿਆ ਮੰਤਰੀ ਬ੍ਰਤਿਆ ਬਾਸੂ ਵਲੋਂ ਰਾਜਪਾਲ ’ਤੇ ਉੱਚ ਸਿੱਖਿਆ ਪ੍ਰਣਾਲੀ ਨੂੰ ‘ਨਸ਼ਟ’ ਕਰਨ ਅਤੇ ਯੂਨੀਵਰਸਿਟੀਆਂ ’ਚ ‘ਕਠਪੁਤਲੀ ਰਾਜ’ ਚਲਾਉਣ ਦੇ ਦੋਸ਼ ਲਾਏ ਜਾਣ ਤੋਂ ਬਾਅਦ ਬੋਸ ਨੇ ਇਹ ਚਿੱਠੀ ਲਿਖੀ ਹੈ।
ਬੀਤੀ ਅੱਧੀ ਰਾਤ ਦੇ ਕਰੀਬ, ਰਾਜ ਭਵਨ ਦੇ ਇਕ ਅਧਿਕਾਰੀ ਨੇ ਕਿਹਾ ਕਿ ਬੋਸ ਨੇ ‘ਦੋ ਗੁਪਤ ਮੋਹਰਬੰਦ ਚਿੱਠੀਆਂ ’ਤੇ ਦਸਤਖਤ ਕੀਤੇ ਹਨ’, ਇਕ ਸੂਬਾ ਸਕੱਤਰੇਤ, ਨਬੰਨਾ ਲਈ ਅਤੇ ਦੂਜਾ ਕੇਂਦਰ ਲਈ।
ਚਿੱਠੀਆਂ ਦੀ ਸਮੱਗਰੀ ’ਤੇ ਅਧਿਕਾਰੀ ਨੇ ਕਿਹਾ, ‘‘ਇਸ ਦਾ ਪ੍ਰਗਟਾਵਾ ਬਾਅਦ ’ਚ ਕੀਤਾ ਜਾਵੇਗਾ।’’ ਉਨ੍ਹਾਂ ਇਹ ਇਸ਼ਾਰਾ ਕੀਤਾ ਕਿ ਇਹ ਵਿਸ਼ਾ ਰਾਜਪਾਲ ਅਤੇ ਸੂਬਾ ਸਰਕਾਰ ਵਿਚਕਾਰ ਹਾਲ ਹੀ ’ਚ ਹੋਈ ਸ਼ਬਦੀ ਜੰਗ ਦਾ ਹੋ ਸਕਦਾ ਹੈ।