
ਅੰਤਰਰਾਸ਼ਟਰੀ ਮੁਦਰਾ ਫੰਡ ਦੀ ਮੁਖੀ ਨੇ ਬੀਤੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਪੂਰੀ ਦੁਨੀਆਂ ‘ਤੇ ਕਰਜ਼ੇ ਦਾ ਬੋਝ ਤੇਜ਼ੀ ਨਾਲ ਵਧ ਰਿਹਾ ਹੈ।
ਨਵੀਂ ਦਿੱਲੀ: ਅੰਤਰਰਾਸ਼ਟਰੀ ਮੁਦਰਾ ਫੰਡ ਦੀ ਮੁਖੀ ਕ੍ਰਿਸਟਾਲੀਨਾ ਜਾਰਜਿਵਾ (Kristalina Georgieva) ਨੇ ਬੀਤੇ ਵੀਰਵਾਰ ਨੂੰ ਜਾਣਕਾਰੀ ਦਿੱਤੀ ਹੈ ਕਿ ਪੂਰੀ ਦੁਨੀਆਂ ‘ਤੇ ਕਰਜ਼ੇ ਦਾ ਬੋਝ ਤੇਜ਼ੀ ਨਾਲ ਵਧ ਰਿਹਾ ਹੈ। ਹਾਲੇ ਤੱਕ ਇਹ ਕਰਜ਼ਾ ਪਹਿਲਾਂ ਦੀ ਤੁਲਨਾ ਵਿਚ ਨਵੀਆਂ ਉਚਾਈਆਂ ‘ਤੇ ਪਹੁੰਚ ਚੁੱਕਾ ਹੈ। ਉਹਨਾਂ ਨੇ ਦੱਸਿਆ ਕਿ ਇਹ ਪੂਰੀ ਦੁਨੀਆਂ ਦੇ ਉਤਪਾਦਨ ਦੀ ਦੁੱਗਣੀ ਰਕਮ ਹੈ। ਆਈਐਮਐਫ ਨੇ ਅਪਣੀ ਇਕ ਰਿਪੋਰਟ ਵਿਚ ਕਿਹਾ ਹੈ ਕਿ ਪੂਰੀ ਦੁਨੀਆਂ ‘ਤੇ ਕਰੀਬ 188 ਟ੍ਰਿਲੀਅਨ ਡਾਲਰ (188 ਲੱਖ ਕਰੋੜ ਰੁਪਏ) ਦਾ ਕਰਜ਼ਾ ਹੈ। ਇਹ ਰਕਮ ਕਿੰਨੀ ਵੱਡੀ ਹੈ, ਇਸ ਦਾ ਅੰਦਾਜ਼ਾ ਸਾਰੇ ਲਗਾ ਸਕਦੇ ਹਨ।
International Monetary Fund Managing Director Kristalina Georgieva
ਦੁਨੀਆਂ ਭਰ ਵਿਚ ਸਭ ਤੋਂ ਵੱਡੀ ਅਰਥ ਵਿਵਸਥਾ ਯਾਨੀ ਅਮਰੀਕਾ ਦੇ ਜੀਡੀਪੀ ਦਾ ਅਕਾਰ 21.35 ਟ੍ਰਿਲੀਅਨ ਡਾਲਰ ਹੈ। ਭਾਰਤੀ ਅਰਥ ਵਿਵਸਥਾ 2.7 ਲੱਖ ਕਰੋੜ ਦੀ ਹੈ। ਇਸ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਪੂਰੇ ਕਰਜ਼ ਵਿਚ ਨਿੱਜੀ ਸੈਕਟਰ ਦੀ ਹਿੱਸੇਦਾਰੀ ਸਭ ਤੋਂ ਜ਼ਿਆਦਾ ਹੈ। ਇਸ ਨਾਲ ਦੁਨੀਆਂ ਭਰ ਦੀਆਂ ਅਲੱਗ-ਅਲੱਗ ਸਰਕਾਰਾਂ ਅਤੇ ਆਮ ਲੋਕਾਂ ‘ਤੇ ਆਰਥਕ ਕਮਜ਼ੋਰੀ ਦਾ ਦਬਾਅ ਵਧਦਾ ਹੈ। ਉਹਨਾਂ ਕਿਹਾ ਕਿ ਗਲੋਬਲ ਕਰਜ਼ਾ, ਜਿਸ ਵਿਚ ਨਿੱਜੀ ਅਤੇ ਸਰਕਾਰੀ ਕਰਜ਼ਾ ਵੀ ਸ਼ਾਮਲ ਹੈ, 188 ਲੱਖ ਕਰੋੜ ਰੁਪਏ ਦੇ ਪੱਧਰ ‘ਤੇ ਪਹੁੰਚ ਗਿਆ ਹੈ। ਇਹ ਪੂਰੀ ਦੁਨੀਆਂ ਦੇ ਕੁਲ ਉਤਪਾਦਨ ਦਾ 230 ਫੀਸਦੀ ਹੈ।
Loan
ਇਸ ਤੋਂ ਪਹਿਲਾਂ ਜਦੋਂ ਆਈਐਮਐਫ ਨੇ ਅੰਕੜੇ ਜਾਰੀ ਕੀਤੇ ਸਨ ਤਾਂ ਪੂਰੀ ਦੁਨੀਆਂ ‘ਤੇ 164 ਲੱਖ ਕਰੋੜ ਦਾ ਕਰਜ਼ਾ ਸੀ। ਮੌਜੂਦਾ ਸਮੇਂ ਵਿਚ ਦੁਨੀਆਂ ਭਰ ਵਿਚ ਵਿਆਜ ਦਰਾਂ ਘੱਟ ਹਨ। ਅਜਿਹੇ ਵਿਚ ਉਤਪਾਦਨ ਵਧਾਉਣ ਲਈ ਹੋਰ ਕਰਜ਼ਾ ਲਿਆ ਜਾ ਸਕਦਾ ਹੈ। ਜਾਰਜਿਵਾ ਦਾ ਕਹਿਣਾ ਹੈ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਵਿਕਾਸ ‘ਤੇ ਬੁਰਾ ਅਸਰ ਦੇਖਣ ਨੂੰ ਮਿਲ ਸਕਦਾ ਹੈ। ਦੁਨੀਆਂ ਭਰ ਵਿਚ ਕਰਜ਼ਾ ਕਾਰਪੋਰੇਟ ਦੀ ਹਿੱਸੇਦਾਰੀ ਦੋ-ਤਿਹਾਈ ਹੈ ਪਰ ਸਰਕਾਰ ਦਾ ਕਰਜ਼ਾ ਵੀ ਤੇਜ਼ੀ ਨਾਲ ਵਧ ਰਿਹਾ ਹੈ।
GDP
ਭਾਰਤ ‘ਤੇ ਕੁੱਲ ਕਰਜ਼ੇ ਦੀ ਗੱਲ ਕੀਤੀ ਜਾਵੇ ਤਾਂ ਜੂਨ ਮਹੀਨੇ ਵਿਚ ਭਾਰਤੀ ਰਿਜ਼ਰਵ ਬੈਂਕ ਨੇ ਇਕ ਰਿਪੋਰਟ ਜਾਰੀ ਕੀਤੀ ਸੀ। ਇਸ ਰਿਪੋਰਟ ਮੁਤਾਬਕ ਭਾਰਤ ‘ਤੇ ਮਾਰਚ 2019 ਤੱਕ ਕੁੱਲ ਬਾਹਰੀ ਕਰਜ਼ਾ 543 ਅਰਬ ਡਾਲਰ (ਕਰੀਬ 37,758 ਅਰਬ ਰੁਪਏ) ਸੀ। ਪਿਛਲੇ ਸਾਲ ਮੁਤਾਬਕ ਇਸ ਵਿਚ 1.37 ਅਰਬ ਡਾਲਰ ਦਾ ਵਾਧਾ ਹੋਇਆ ਹੈ। ਭਾਰਤ ਦੀ ਜੀਡੀਪੀ ਦੇ ਲਿਹਾਜ਼ ਨਾਲ ਦੇਖੀਏ ਤਾਂ ਇਹ ਜੀਡੀਪੀ ਦਾ 19.7 ਫੀਸਦੀ ਹਿੱਸਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।