
ਸਾਬਕਾ ਕੇਂਦਰੀ ਮੰਤਰੀ ਸਾਈ ਸਰਗੁਜਰਾ ਡਿਵੀਜ਼ਨ ਦੀ ਕੁਨਕੁਰੀ ਸੀਟ ਤੋਂ ਵਿਧਾਇਕ ਦੇ ਰੂਪ ’ਚ ਚੁਣੇ ਗਏ ਹਨ
Raipur News: ਛੱਤੀਸਗੜ੍ਹ ’ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੀਨੀਅਰ ਆਦਿਵਾਸੀ ਆਗੂ ਵਿਸ਼ਣੂਦੇਵ ਸਾਈ ਸੂਬੇ ਦੇ ਅਗਲੇ ਮੁੱਖ ਮੰਤਰੀ ਹੋਣਗੇ। ਭਾਜਪਾ ਅਹੁਦੇਦਾਰਾਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿਤੀ। ਭਾਜਪਾ ਆਗੂਆਂ ਨੇ ਕਿਹਾ ਕਿ ਐਤਵਾਰ ਨੂੰ ਇੱਥੇ ਪਾਰਟੀ ਅਬਜ਼ਰਵਰਾਂ ਦੀ ਮੌਜੂਦਗੀ ’ਚ ਪਾਰਟੀ ਦੇ ਨਵੇਂ ਬਣੇ ਵਿਧਾਇਕਾਂ ਦੀ ਪਾਰਟੀ ਨੇ ਸਾਈ ਨੂੰ ਅਪਣਾ ਆਗੂ ਚੁਣਿਆ। ਉਨ੍ਹਾਂ ਕਿਹਾ ਕਿ ਸੂਬੇ ਦੇ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਨੇ ਸਾਈ ਦੇ ਨਾਂ ਦੀ ਪੇਸ਼ਕਸ਼ ਕੀਤੀ ਅਤੇ ਸੂਬਾ ਪ੍ਰਧਾਨ ਅਰੁਣ ਸਾਵ ਅਤੇ ਸੀਨੀਅਰ ਆਗੂ ਬ੍ਰਿਜਮੋਹਨ ਅਗਰਵਾਲ ਨੇ ਉਨ੍ਹਾਂ ਦਾ ਸਮਰਥਨ ਕੀਤਾ।
ਸਾਬਕਾ ਕੇਂਦਰੀ ਮੰਤਰੀ ਸਾਈ ਸਰਗੁਜਰਾ ਡਿਵੀਜ਼ਨ ਦੀ ਕੁਨਕੁਰੀ ਸੀਟ ਤੋਂ ਵਿਧਾਇਕ ਦੇ ਰੂਪ ’ਚ ਚੁਣੇ ਗਏ ਹਨ, ਜਿੱਥੇ ਭਾਜਪਾ ਨੇ ਡਿਵੀਜ਼ਨ ਦੀਆਂ ਸਾਰੀਆਂ 14 ਸੀਟਾਂ ਜਿੱਤੀਆਂ। ਮੁੱਖ ਮੰਤਰੀ ਚੁਣੇ ਜਾਣ ਤੋਂ ਬਾਅਦ ਸਾਈ ਨੇ ਪੱਤਰਕਾਰਾਂ ਨੂੰ ਕਿਹਾ, ‘‘ਇਕ ਮੁੱਖ ਮੰਤਰੀ ਦੇ ਰੂਪ ’ਚ ਮੈਂ ਸਰਕਾਰ ਰਾਹੀਂ ਮੋਦੀ ਦੀ ਗਾਰੰਟੀ (ਭਾਜਪਾ ਦੇ ਚੋਣ ਵਾਅਦੇ) ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਾਂਗਾ।’’ ਉਨ੍ਹਾਂ ਕਿਹਾ ਕਿ ਸੂਬੇ ’ਚ (ਪ੍ਰਧਾਨ ਮੰਤਰੀ ਆਵਾਸ ਯੋਜਨਾ ਹੇਠ) 18 ਲੱਖ ਘਰਾਂ ਨੂੰ ਮਨਜ਼ੂਰੀ ਉਨ੍ਹਾਂ ਦੀ ਸਰਕਾਰ ਦਾ ਪਹਿਲਾ ਕੰਮ ਹੋਵੇਗਾ।
ਚੋਣਾਂ ’ਚ ਜਾਣ ਦੌਰਾਨ ਭਾਜਪਾ ਨੇ ਕਿਸਾਨਾਂ ਤੋਂ 3100 ਰੁਪਏ ਪ੍ਰਤੀ ਕੁਇੰਟਲ ਦੀ ਦਰ ਨਾਲ ਪ੍ਰਤੀ ਏਕੜ 21 ਕੁਇੰਟਲ ਝੋਨਾ ਖ਼ਰੀਦਣ ਅਤੇ ਔਰਤਾਂ ਨੂੰ ਹਰ ਸਾਲ 12 ਹਜ਼ਾਰ ਰੁਪਏ ਦੇਣ ਸਮੇਤ ਕਈ ਵਾਅਦੇ ਕੀਤੇ ਹਨ। ਭਾਜਪਾ ਆਗੂਆਂ ਨੇ ਕਿਹਾ ਕਿ ਭਾਜਪਾ ਦੇ ਨਵੇਂ ਚੁਣੇ ਵਿਧਾਇਕਾਂ ਦੀ ਅੱਜ ਦੁਪਹਿਰ ਇੱਥੇ ਬੈਠਕ ਹੋਈ, ਜਿਸ ’ਚ ਪਾਰਟੀ ਦੀ ਕੇਂਦਰੀ ਲੀਡਰਸ਼ਿਪ ਵਲੋਂ ਨਿਯੁਕਤ ਆਬਜ਼ਰਵਰ, ਕੇਂਦਰੀ ਮੰਤਰੀ ਅਰਜੁਨ ਮੁੰਡਾ, ਸਰਬਾਨੰਦ ਸੋਨੋਵਾਲ ਅਤੇ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਦੁਸ਼ਯੰਤ ਕੁਮਾਰ ਗੌਤਮ ਮੌਜੂਦ ਸਨ।
ਉਨ੍ਹਾਂ ਕਿਹਾ ਕਿ ਭਾਜਪਾ ਦੇ ਸੂਬਾ ਦਫ਼ਤਰ ਕੁਸ਼ਾਭਾਊ ਠਾਕਰੇ ਕੰਪਲੈਕਸ ’ਚ ਹੋਈ ਇਸ ਮੀਟਿੰਗ ’ਚ ਸੂਬਾ ਇੰਚਾਰਜ ਓਮ ਮਾਥੁਰ, ਕੇਂਦਰੀ ਮੰਤਰੀ ਅਤੇ ਚੋਣ ਸਹਿ-ਇੰਚਾਰਜ ਡਾ. ਮਨਸੁਖ ਮਾਂਡਵੀਆ, ਭਾਜਪਾ ਸੰਗਠਨ ਦੇ ਸਹਿ-ਇੰਚਾਰਜ ਨਿਤਿਨ ਨਬੀਨ, ਭਾਜਪਾ ਦੇ ਸੂਬਾ ਪ੍ਰਧਾਨ ਅਰੁਣ ਸਾਓ, ਭਾਜਪਾ ਦੇ ਰਾਸ਼ਟਰੀ ਉਪ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਡਾ. ਰਮਨ ਸਿੰਘ ਵੀ ਮੌਜੂਦ ਸਨ। ਪਾਰਟੀ ਅਧਿਕਾਰੀਆਂ ਨੇ ਦਸਿਆ ਕਿ ਬੈਠਕ ’ਚ ਸਾਈ ਨੂੰ ਸਰਬਸੰਮਤੀ ਨਾਲ ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ। ਉਹ ਸੂਬੇ ਦੇ ਅਗਲੇ ਮੁੱਖ ਮੰਤਰੀ ਹੋਣਗੇ।
ਮੁੱਖ ਮੰਤਰੀ ਅਹੁਦੇ ਲਈ ਸਾਈ ਦੇ ਨਾਂ ਦਾ ਐਲਾਨ ਹੋਣ ਤੋਂ ਬਾਅਦ ਪਾਰਟੀ ਦੇ ਸੀਨੀਅਰ ਨੇਤਾਵਾਂ ਨੇ ਉਨ੍ਹਾਂ ਦਾ ਸਵਾਗਤ ਕੀਤਾ। ਹਾਲ ਹੀ ’ਚ ਹੋਈਆਂ ਛੱਤੀਸਗੜ੍ਹ ਵਿਧਾਨ ਸਭਾ ਚੋਣਾਂ ’ਚ ਭਾਜਪਾ ਨੇ 90 ’ਚੋਂ 54 ਸੀਟਾਂ ਜਿੱਤੀਆਂ ਸਨ। ਪਿਛਲੀਆਂ ਚੋਣਾਂ 2018 ’ਚ 68 ਸੀਟਾਂ ਜਿੱਤਣ ਵਾਲੀ ਕਾਂਗਰਸ ਇਸ ਵਾਰ 35 ਸੀਟਾਂ ’ਤੇ ਸਿਮਟ ਗਈ ਹੈ। ਗੋਂਡਵਾਨਾ ਗਣਤੰਤਰ ਪਾਰਟੀ (ਜੀ.ਜੀ.ਪੀ.) ਸੂਬੇ ‘ਚ ਇਕ ਸੀਟ ਜਿੱਤਣ ’ਚ ਸਫਲ ਰਹੀ।
(For more news apart from Former Union Minister Sai has been elected as MLA from Kunkuri seat of Sargujara division, stay tuned to Rozana Spokesman)