
ਦੋ ਦਿਨਾਂ ਦੇ ਆਰਾਮ ਤੋਂ ਬਾਅਦ ‘ਭਾਰਤ ਜੋੜੋ ਨਿਆਂ ਯਾਤਰਾ’ ਛੱਤੀਸਗੜ੍ਹ ਤੋਂ ਮੁੜ ਸ਼ੁਰੂ
ਰਾਏਗੜ੍ਹ: ਕਾਂਗਰਸ ਆਗੂ ਰਾਹੁਲ ਗਾਂਧੀ ਨੇ ਐਤਵਾਰ ਨੂੰ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਆਰ.ਐਸ.ਐਸ. ਨਫ਼ਰਤ ਫੈਲਾ ਰਹੇ ਹਨ ਜਦਕਿ ਪਿਆਰ ਦੇਸ਼ ਦੇ ਡੀ.ਐਨ.ਏ. ’ਚ ਹੈ। ਰਾਹੁਲ ਗਾਂਧੀ ਦੀ ਅਗਵਾਈ ਵਾਲੀ ‘ਭਾਰਤ ਜੋੜੋ ਨਿਆਂ ਯਾਤਰਾ’ ਦੋ ਦਿਨਾਂ ਦੇ ਆਰਾਮ ਤੋਂ ਬਾਅਦ ਐਤਵਾਰ ਨੂੰ ਛੱਤੀਸਗੜ੍ਹ ਦੇ ਰਾਏਗੜ੍ਹ ਜ਼ਿਲ੍ਹੇ ’ਚ ਮੁੜ ਸ਼ੁਰੂ ਹੋ ਗਈ।
ਰਾਏਗੜ੍ਹ ਦੇ ਕੇਵਦਾਬਾੜੀ ਚੌਕ ’ਚ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਆਉਣ ਵਾਲੀਆਂ ਪੀੜ੍ਹੀਆਂ ਲਈ ਅਜਿਹਾ ਭਾਰਤ ਚਾਹੁੰਦੀ ਹੈ, ਜਿੱਥੇ ਨਫ਼ਰਤ ਅਤੇ ਹਿੰਸਾ ਨਾ ਹੋਵੇ। ਉਨ੍ਹਾਂ ਕਿਹਾ, ‘‘ਇਸ ਸਮੇਂ ਦੇਸ਼ ਦੇ ਹਰ ਕੋਨੇ ’ਚ ਨਫ਼ਰਤ ਅਤੇ ਹਿੰਸਾ ਫੈਲਾਈ ਜਾ ਰਹੀ ਹੈ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਉਹ ਦੂਜਿਆਂ ਨੂੰ ਉਨ੍ਹਾਂ ਦੀ ਭਾਸ਼ਾ ਦੇ ਆਧਾਰ ’ਤੇ ਪਸੰਦ ਨਹੀਂ ਕਰਦੇ ਜਦਕਿ ਕੁੱਝ ਲੋਕ ਕਹਿੰਦੇ ਹਨ ਕਿ ਉਹ ਦੂਜੇ ਸੂਬਿਆਂ ਨਾਲ ਸਬੰਧਤ ਹੋਣ ਦੇ ਆਧਾਰ ’ਤੇ ਦੂਜਿਆਂ ਨੂੰ ਪਸੰਦ ਨਹੀਂ ਕਰਦੇ। ਅਜਿਹੇ ਵਿਚਾਰ ਦੇਸ਼ ਨੂੰ ਕਮਜ਼ੋਰ ਕਰਨਗੇ।’’
ਉਨ੍ਹਾਂ ਕਿਹਾ, ‘‘ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਆਰ.ਐਸ.ਐਸ. ਨਫ਼ਰਤ ਫੈਲਾ ਰਹੇ ਹਨ, ਜਦਕਿ ਪਿਆਰ ਇਸ ਦੇਸ਼ ਦੇ ਡੀ.ਐਨ.ਏ. ’ਚ ਹੈ। ਵੱਖ-ਵੱਖ ਧਰਮਾਂ ਅਤੇ ਵੱਖ-ਵੱਖ ਵਿਚਾਰਾਂ ਦੇ ਲੋਕ ਇਸ ਦੇਸ਼ ’ਚ ਸ਼ਾਂਤੀ ਅਤੇ ਸਦਭਾਵਨਾ ਨਾਲ ਰਹਿੰਦੇ ਹਨ।’’ ਉਨ੍ਹਾਂ ਨੇ ਹਿੰਸਾ ਪ੍ਰਭਾਵਤ ਮਨੀਪੁਰ ਦਾ ਦੌਰਾ ਨਾ ਕਰਨ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਵੀ ਆਲੋਚਨਾ ਕੀਤੀ। ਗਾਂਧੀ ਨੇ ਦਾਅਵਾ ਕੀਤਾ ਕਿ ਉੱਤਰ-ਪੂਰਬੀ ਰਾਜ ’ਚ ਗ੍ਰਹਿ ਜੰਗ ਚੱਲ ਰਿਹਾ ਹੈ ਅਤੇ ਕੇਂਦਰ ਸਰਕਾਰ ਇਸ ਨੂੰ ਕੰਟਰੋਲ ਕਰਨ ’ਚ ਅਸਮਰੱਥ ਹੈ।
ਰਾਹੁਲ ਗਾਂਧੀ ਨੇ ਦਾਅਵਾ ਕੀਤਾ ਕਿ ਮੀਡੀਆ ਅਡਾਨੀ ਅਤੇ ਅੰਬਾਨੀ ਦੇ ਬੱਚਿਆਂ ਦੇ ਵਿਆਹਾਂ ਅਤੇ ਵਿਸ਼ਵ ਕੱਪ ਕ੍ਰਿਕਟ ’ਤੇ ਧਿਆਨ ਕੇਂਦਰਿਤ ਕਰਦਾ ਹੈ ਅਤੇ ਕਿਸਾਨਾਂ ਦੀਆਂ ਮੌਤਾਂ, ਮਜ਼ਦੂਰਾਂ ਦੀਆਂ ਸਮੱਸਿਆਵਾਂ ਆਦਿ ਵਰਗੇ ਮੁੱਦਿਆਂ ਨੂੰ ਨਹੀਂ ਵਿਖਾਉਂਦਾ, ਇਸ ਲਈ ਉਨ੍ਹਾਂ ਨੇ ਲੋਕਾਂ ਨਾਲ ਸਿੱਧੇ ਤੌਰ ’ਤੇ ਜੁੜਨ ਲਈ ‘ਭਾਰਤ ਜੋੜੋ ਨਿਆਂ ਯਾਤਰਾ’ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ।
ਇਹ ਯਾਤਰਾ ਰਾਏਗੜ੍ਹ, ਸ਼ਕਤੀ, ਕੋਰਬਾ, ਸੂਰਜਪੁਰ, ਸਰਗੁਜਾ ਅਤੇ ਬਲਰਾਮਪੁਰ ਜ਼ਿਲ੍ਹਿਆਂ ਤੋਂ ਲੰਘੇਗੀ ਅਤੇ 14 ਫ਼ਰਵਰੀ ਨੂੰ ਝਾਰਖੰਡ ’ਚ ਦਾਖਲ ਹੋਵੇਗੀ ਅਤੇ ਛੱਤੀਸਗੜ੍ਹ ’ਚ 536 ਕਿਲੋਮੀਟਰ ਦੀ ਦੂਰੀ ਤੈਅ ਕਰੇਗੀ।