
ਉਨ੍ਹਾਂ ਭਰੋਸਾ ਜਤਾਇਆ ਕਿ ਐਨ.ਡੀ.ਏ. ਨੂੰ ਠੋਸ ਫਤਵਾ ਮਿਲੇਗਾ ਅਤੇ ਸਰਕਾਰ ਬਣੇਗੀ
ਚੇਨਈ : ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਸ਼ੁਕਰਵਾਰ ਨੂੰ ਐਲਾਨ ਕੀਤਾ ਕਿ 2026 ਦੀਆਂ ਤਾਮਿਲਨਾਡੂ ਵਿਧਾਨ ਸਭਾ ਚੋਣਾਂ ਏ.ਆਈ.ਏ.ਡੀ.ਐਮ.ਕੇ. ਮੁਖੀ ਐਡੱਪਾਡੀ ਕੇ. ਪਲਾਨੀਸਵਾਮੀ ਦੀ ਅਗਵਾਈ ਹੇਠ ਲੜੀਆਂ ਜਾਣਗੀਆਂ। ਵੱਖ ਹੋਣ ਦੇ ਲਗਭਗ ਦੋ ਸਾਲ ਬਾਅਦ ਪਾਰਟੀਆਂ ਦੇ ਗਠਜੋੜ ਨੂੰ ਦੁਬਾਰਾ ਬਣਾਉਣ ’ਤੇ ਸ਼ਾਹ ਨੇ ਕਿਹਾ ਕਿ ਕੇਂਦਰ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰਾਜ ਪੱਧਰ ’ਤੇ ਪਲਾਨੀਸਵਾਮੀ ਦੀ ਅਗਵਾਈ ਹੋਵੇਗੀ।
ਸ਼ਾਹ ਨੇ ਪਲਾਨੀਸਵਾਮੀ ਅਤੇ ਭਾਜਪਾ ਦੇ ਸਾਬਕਾ ਤਮਿਲਨਾਡੂ ਮੁਖੀ ਕੇ ਅੰਨਾਮਲਾਈ ਦੇ ਨਾਲ ਇਕ ਪ੍ਰੈਸ ਕਾਨਫਰੰਸ ’ਚ ਕਿਹਾ, ‘‘ਏ.ਆਈ.ਏ.ਡੀ.ਐਮ.ਕੇ. ਅਤੇ ਭਾਜਪਾ ਨੇ ਅਗਲੇ ਸਾਲ ਹੋਣ ਵਾਲੀਆਂ ਚੋਣਾਂ ਲੜਨ ਦਾ ਫੈਸਲਾ ਕੀਤਾ ਹੈ। 1998 ਤੋਂ ਏ.ਆਈ.ਏ.ਡੀ.ਐਮ.ਕੇ. ਵੱਖ-ਵੱਖ ਸਮੇਂ ’ਤੇ ਭਾਜਪਾ ਗਠਜੋੜ ਦਾ ਹਿੱਸਾ ਰਹੀ ਹੈ। ਪ੍ਰਧਾਨ ਮੰਤਰੀ ਮੋਦੀ ਅਤੇ ਮਰਹੂਮ ਮੁੱਖ ਮੰਤਰੀ ਜੇ ਜੈਲਲਿਤਾ ਨੇ ਕੇਂਦਰ-ਰਾਜ ਸਬੰਧਾਂ ਲਈ ਕੰਮ ਕੀਤਾ ਸੀ।’’
ਉਨ੍ਹਾਂ ਕਿਹਾ, ‘‘ਜੇਕਰ ਐਨ.ਡੀ.ਏ. ਜਿੱਤਦੀ ਹੈ ਤਾਂ ਅਸੀਂ ਐਡੱਪਾਡੀ ਪਲਾਨੀਸਵਾਮੀ ਦੀ ਅਗਵਾਈ ’ਚ ਮਿਲ ਕੇ ਸਰਕਾਰ ਬਣਾਵਾਂਗੇ।’’ ਉਨ੍ਹਾਂ ਭਰੋਸਾ ਜਤਾਇਆ ਕਿ ਐਨ.ਡੀ.ਏ. ਨੂੰ ਠੋਸ ਫਤਵਾ ਮਿਲੇਗਾ ਅਤੇ ਸਰਕਾਰ ਬਣੇਗੀ।’’ ਕੁੱਝ ਮੁੱਦਿਆਂ ’ਤੇ ਏ.ਆਈ.ਏ.ਡੀ.ਐਮ.ਕੇ. ਦੇ ਵੱਖਰੇ ਸਟੈਂਡ ’ਤੇ ਸ਼ਾਹ ਨੇ ਕਿਹਾ ਕਿ ਉਹ ਬੈਠ ਕੇ ਵਿਚਾਰ-ਵਟਾਂਦਰਾ ਕਰਨਗੇ। ਲੋੜ ਪੈਣ ’ਤੇ ਘੱਟੋ-ਘੱਟ ਸਾਂਝਾ ਪ੍ਰੋਗਰਾਮ ਹੋਵੇਗਾ।