
ਕਿਹਾ, ਭਾਜਪਾ ਸਰਕਾਰ ਵਲੋਂ ਦਿਤਾ ਪ੍ਰਦਮਸ੍ਰੀ ਵਾਪਸ ਕਰੋ
ਚੰਡੀਗੜ੍ਹ : ਬੀਤੇ ਦਿਨੀਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਵਲੋਂ ਅਸਤੀਫ਼ਾ ਪ੍ਰਵਾਨ ਹੋਣ ਤੋਂ ਬਾਅਦ ਕੁੱਝ ਵਿਧਾਇਕਾਂ ਨੂੰ ਵੰਗਾਰ ਦਿਤੀ ਸੀ ਕਿ ਉਹ ਬੇਅਦਬੀ ਦੇ ਮੁੱਦੇ 'ਤੇ ਅਸਤੀਫ਼ਿਆਂ ਦੀ ਝੜੀ ਲਾ ਦੇਣ ਤੇ ਫੂਲਕਾ ਦੀ ਇਸ ਵੰਗਾਰ ਦਾ ਕੈਪਟਨ ਦੇ ਕੁੱਝ ਮੰਤਰੀਆਂ ਨੇ ਸਾਂਝਾ ਬਿਆਨ ਜਾਰੀ ਕਰ ਕੇ ਜਵਾਬ ਦਿਤਾ ਹੈ ਤੇ ਕਿਹਾ ਹੈ ਕਿ ਉਹ ਭਾਜਪਾ ਸਰਕਾਰ ਵਲੋਂ ਮਿਲਿਆ ਪਦਮਸ੍ਰੀ ਵਾਪਸ ਕਰਨ।
Tripat Rajinder Singh Bajwa
ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ ਤੇ ਗੁਰਪ੍ਰੀਤ ਸਿੰਘ ਕਾਂਗੜ ਨੇ ਫੂਲਕਾ ਨੂੰ ਭਾਜਪਾ ਸਰਕਾਰ ਵਲੋਂ ਦਿਤਾ ਗਿਆ ਪਦਮਸ੍ਰੀ ਸਨਮਾਨ ਵੀ ਵਾਪਸ ਕਰਨ ਦੀ ਨਸੀਹਤ ਦਿਤੀ ਹੈ। ਉਨ੍ਹਾਂ ਫੂਲਕਾ ਵਲੋਂ ਬਰਗਾੜੀ ਮੁੱਦੇ 'ਤੇ ਦਿਤਾ ਅਸਤੀਫ਼ਾ ਵੀ ਮਹਿਜ਼ 'ਸਿਆਸੀ ਸਟੰਟ' ਕਰਾਰ ਦਿਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਫੂਲਕਾ ਦੀ ਸਿਆਸੀ ਅਹਿਮੀਅਤ ਘੱਟ ਰਹੀ ਹੈ, ਇਸ ਲਈ ਉਹ ਸੁਰਖ਼ੀਆਂ 'ਚਰਚਿਤ' ਲਈ ਡਰਾਮੇਬਾਜ਼ੀ ਕਰ ਰਹੇ ਹਨ।
Sukhjinder Singh Randhawa
ਜ਼ਿਕਰਯੋਗ ਹੈ ਕਿ ਫੂਲਕਾ ਨੇ ਸਨਿਚਰਵਾਰ ਨੂੰ ਵਿਧਾਨ ਸਭਾ ਵਿਚ ਬਰਗਾੜੀ ਮੁੱਦਾ ਚੁੱਕਣ ਵਾਲੇ ਸਾਰੇ ਵਿਧਾਇਕਾਂ ਨੂੰ ਅਸਤੀਫ਼ਾ ਦੇਣ ਲਈ ਕਿਹਾ ਸੀ। ਐਤਵਾਰ ਨੂੰ ਇਥੇ ਇਕ ਸਾਂਝੇ ਬਿਆਨ ਵਿਚ ਪੰਜਾਬ ਦੇ ਕੈਬਨਿਟ ਮੰਤਰੀਆਂ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ ਅਤੇ ਗੁਰਪ੍ਰੀਤ ਸਿੰਘ ਕਾਂਗੜ ਨੇ ਵਿਧਾਇਕਾਂ ਦੇ ਅਸਤੀਫ਼ੇ ਦੀ ਨਾਸਾਮਝ ਅਤੇ ਭੜਕਾਊ ਮੰਗ ਲਈ ਫੂਲਕਾ 'ਤੇ ਨਿਸ਼ਾਨਾ ਸਾਧਿਆ ਹੈ
।Sukhbinder Singh Sarkaria
ਇਨ੍ਹਾਂ ਮੰਤਰੀਆਂ ਨੇ ਕਿਹਾ ਕਿ ਜੇ ਫੂਲਕਾ ਸੱਚਮੁੱਚ ਇਸ ਮੁੱਦੇ ਅਤੇ ਇਸ ਦੇ ਪ੍ਰਭਾਵ ਬਾਰੇ ਚਿੰਤਤ ਸਨ ਤਾਂ ਉਨ੍ਹਾਂ ਨੂੰ ਕੇਂਦਰ ਦੀ ਐਨ.ਡੀ.ਏ. ਸਰਕਾਰ ਦੁਆਰਾ ਦਿਤੇ ਪਦਮਸ੍ਰੀ ਨੂੰ ਵਾਪਸ ਕਰਨਾ ਚਾਹੀਦਾ ਸੀ ਜਿਸ ਨੇ ਕੇਂਦਰੀ ਜਾਂਚ ਬਿਊਰੋ (ਸੀ.ਬੀ.ਆਈ.) 'ਤੇ ਸੰਵੇਦਨਸ਼ੀਲ ਬਰਗਾੜੀ ਕੇਸ ਵਿਚ ਕਲੋਜ਼ਰ ਰਿਪੋਰਟ ਦਾਇਰ ਕਰਨ ਲਈ ਦਬਾਅ ਪਾਇਆ ਸੀ, ਜਿਸ ਤਹਿਤ ਹਰ ਸਿੱਖ ਦੋਸ਼ੀਆਂ ਨੂੰ ਸਖਤ ਤੋਂ ਸਖ਼ਤ ਸਜ਼ਾ ਮਿਲਣੀ ਦੇਖਣਾ ਚਾਹੁੰਦਾ ਹੈ।
H S Phoolka
ਉਨ੍ਹਾਂ ਨੇ ਕਿਹਾ ਕਿ ਫੂਲਕਾ ਵਲੋਂ ਸਦਨ ਤੋਂ ਅਸਤੀਫ਼ਾ ਦੇਣਾ ਅਤੇ ਦੂਜੇ ਵਿਧਾਇਕਾਂ ਨੂੰ ਵੀ ਅਜਿਹਾ ਕਰਨ ਲਈ ਕਹਿਣਾ, ਰਾਜ ਦੀ ਕਾਂਗਰਸ ਸਰਕਾਰ ਵਲੋਂ ਬਰਗਾੜੀ ਅਤੇ ਇਸ ਨਾਲ ਜੁੜੇ ਮਾਮਲਿਆਂ ਨੂੰ ਤਰਕਪੂਰਨ ਸਿੱਟਿਆਂ ਤਕ ਅੱਗੇ ਲਿਜਾਣ ਤੋਂ ਲੋਕਾਂ ਦਾ ਧਿਆਨ ਹਟਾਉਣ ਦਾ ਇਕ ਯਤਨ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਕਾਂਗਰਸ ਦੇ ਵਿਧਾਇਕਾਂ ਨੇ ਖੁਲ੍ਹ ਕੇ ਅਪਣੀ ਚਿੰਤਾਵਾਂ ਜ਼ਾਹਰ ਕੀਤੀਆਂ ਸਨ ਅਤੇ ਅਪਣੀ ਸਰਕਾਰ ਤੋਂ ਸਵਾਲ ਵੀ ਪੁੱਛੇ ਸਨ। ਉਨ੍ਹਾਂ ਕਿਹਾ ਕਿ ਪਾਰਟੀ ਦੁਆਰਾ ਅਪਣੇ ਵਿਧਾਇਕਾਂ ਨੂੰ ਦਿਤੀ ਅੰਦਰੂਨੀ ਆਜ਼ਾਦੀ ਅਤੇ ਕੈਪਟਨ ਅਮਰਿੰਦਰ ਸਿੰਘ ਸਰਕਾਰ ਦੁਆਰਾ ਦਿਤਾ ਸਤਿਕਾਰ ਕਿਸੇ ਤੋਂ ਲੁਕਿਆ ਹੋਇਆ ਨਹੀਂ। ਉਨ੍ਹਾਂ ਨੇ ਕਿਹਾ ਕਿ ਫੂਲਕਾ ਨੂੰ ਸਪੱਸ਼ਟ ਤੌਰ 'ਤੇ ਕਾਂਗਰਸ ਵਿਚ ਅਜਿਹੀ ਪਾਰਦਰਸ਼ਤਾ ਅਤੇ ਖੁਲ੍ਹੇਪਣ ਨੂੰ ਹਜ਼ਮ ਕਰਨਾ ਮੁਸ਼ਕਲ ਲੱਗ ਰਿਹਾ ਹੈ।