
ਕਿਹਾ, ਆਵਾਜਾਈ ਦਾ ਅਧਿਕਾਰ ਕਦੇ ਵੀ ਅਚਾਨਕ ਖੋਹ ਲਿਆ ਜਾਂਦਾ ਹੈ
ਸ੍ਰੀਨਗਰ: ਪੀਪਲਜ਼ ਡੈਮੋਕ੍ਰੇਟਿਕ ਪਾਰਟੀ (ਪੀ.ਡੀ.ਪੀ.) ਦੀ ਮੁਖੀ ਮਹਿਬੂਬਾ ਮੁਫ਼ਤੀ ਨੇ ਬੁਧਵਾਰ ਨੂੰ ਦੋਸ਼ ਲਾਇਆ ਕਿ ਉਨ੍ਹਾਂ ਨੂੰ ਰਾਸ਼ਟਰਪਤੀ ਦਰੌਪਦੀ ਮੁਰਮੂ ਦੇ ਜੰਮੂ-ਕਸ਼ਮੀਰ ਦੇ ਦੌਰੇ ਦੇ ਮੱਦੇਨਜ਼ਰ ਅਪਣੇ ਘਰ ਤੋਂ ਬਾਹਰ ਨਿਕਲਣ ਤੋਂ ਰੋਕ ਦਿਤਾ ਗਿਆ।
ਰਾਸ਼ਟਰਪਤੀ ਮੁਰਮੂ ਕੇਂਦਰ ਸ਼ਾਸਤ ਪ੍ਰਦੇਸ਼ ਦੇ ਦੋ ਦਿਨਾਂ ਦੇ ਦੌਰੇ ’ਤੇ ਬੁਧਵਾਰ ਨੂੰ ਸ੍ਰੀਨਗਰ ਪੁੱਜੇ ਅਤੇ ਇਸ ਦੌਰਾਨ ਉਹ ਕਸ਼ਮੀਰ ਯੂਨੀਵਰਸਿਟੀ ਦੀ ਕਨਵੋਕੇਸ਼ਨ ’ਚ ਹਿੱਸਾ ਲੈਣਗੇ। ਤਤਕਾਲੀ ਜੰਮੂ-ਕਸ਼ਮੀਰ ਸੂਬੇ ਦੀ ਸਾਬਕਾ ਮੁੱਖ ਮੰਤਰੀ ਮਹਿਬੂਬਾ ਨੇ ਦੋਸ਼ ਲਾਇਆ ਕਿ ਉਨ੍ਹਾਂ ਨੂੰ ਮੁਰਮੂ ਦੇ ਦੌਰੇ ਕਾਰਨ ਸ਼ਹਿਰ ਦੇ ਬਾਹਰੀ ਖਿੰਬਰ ਇਲਾਕੇ ’ਚ ਅਪਣੇ ਘਰ ਤੋਂ ਬਾਹਰ ਨਾ ਨਿਕਲਣ ਦਿਤਾ ਗਿਆ।
ਮਹਿਬੂਬਾ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ, ‘‘ਇਹ ਜਾਣ ਕੇ ਹੈਰਾਨ ਹਾਂ ਕਿ ਮੈਂ ਅਪਣੀ ਪਾਰਟੀ ਦਫ਼ਤਰ ਜਾਣ ਲਈ ਘਰ ਤੋਂ ਬਾਹਰ ਤਕ ਨਹੀਂ ਨਿਕਲ ਸਕਦੀ ਕਿਉਂਕਿ ਮਾਣਯੋਗ ਰਾਸ਼ਟਰਪਤੀ ਅੱਜ ਸ੍ਰੀਨਗਰ ਦਾ ਦੌਰਾ ਕਰ ਰਹੇ ਹਨ। ਆਵਾਜਾਈ ਦਾ ਅਧਿਕਾਰ ਕਦੇ ਵੀ ਅਚਾਨਕ ਖੋਹ ਲਿਆ ਜਾਂਦਾ ਹੈ।’’
ਰਾਸ਼ਟਰਪਤੀ ਦੇ ਇਸ ਦੌਰੇ ਦੇ ਮੱਦੇਨਜ਼ਰ ਸ੍ਰੀਨਗਰ ਅਤੇ ਨੇੜਲੇ ਇਲਾਕਿਆਂ ’ਚ ਸੁਰਖਿਆ ਵਧਾ ਦਿਤੀ ਗਈ ਹੈ। ਪੁਲਿਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ ਸਮੇਤ ਸੁਰਖਿਆ ਬਲਾਂ ਨੂੰ ਕਸ਼ਮੀਰ ਯੂਨੀਵਰਸਿਟੀ ਅਤੇ ਉਸ ਦੇ ਨੇੜੇ ਤੈਨਾਤ ਕੀਤਾ ਗਿਆ। ਸ਼ਹਿਰ ’ਚ ਨਿਗਰਾਨੀ ਲਈ ਡਰੋਨ ਅਤੇ ਸੀ.ਸੀ.ਟੀ.ਵੀ. ਕੈਮਰਿਆਂ ਵਰਗੇ ਆਧੁਨਿਕ ਉਪਕਰਨਾਂ ਦਾ ਪ੍ਰਯੋਗ ਕੀਤਾ ਜਾ ਰਿਹਾ ਹੈ।