
ਅਗਲੇ ਸਿਆਸੀ ਕਦਮ ਫੈਸਲਾ ਇਕ-ਦੋ ਦਿਨਾਂ ’ਚ ਕਰਨ ਦਾ ਐਲਾਨ ਕੀਤਾ, ਭਾਜਪਾ ’ਚ ਸ਼ਾਮਲ ਹੋਣ ਦੇ ਕਿਆਸੇ
ਮੁੰਬਈ: ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਸੋਮਵਾਰ ਨੂੰ ਕਾਂਗਰਸ ਤੋਂ ਅਸਤੀਫਾ ਦੇ ਦਿਤਾ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਉਹ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋ ਸਕਦੇ ਹਨ।
ਸੂਬਾ ਕਾਂਗਰਸ ਪ੍ਰਧਾਨ ਨਾਨਾ ਪਟੋਲੇ ਨੂੰ ਲਿਖੀ ਚਿੱਠੀ ’ਚ ਚਵਾਨ (65) ਨੇ ਕਿਹਾ ਕਿ ਉਹ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਰਹੇ ਹਨ। ਉਨ੍ਹਾਂ ਨੇ ਵਿਧਾਨ ਸਭਾ ਸਪੀਕਰ ਰਾਹੁਲ ਨਾਰਵੇਕਰ ਨੂੰ ਵਿਧਾਇਕ ਵਜੋਂ ਅਪਣਾ ਅਸਤੀਫਾ ਵੀ ਸੌਂਪਿਆ। ਚਵਾਨ ਦਾ ਅਸਤੀਫਾ ਮਹਾਰਾਸ਼ਟਰ ਕਾਂਗਰਸ ਦੇ ਸੀਨੀਅਰ ਨੇਤਾਵਾਂ ਬਾਬਾ ਸਿੱਦੀਕੀ ਅਤੇ ਮਿਲਿੰਦ ਦੇਵੜਾ ਦੇ ਪਾਰਟੀ ਛੱਡਣ ਤੋਂ ਕੁੱਝ ਦਿਨ ਬਾਅਦ ਆਇਆ ਹੈ।
ਚਵਾਨ ਦੇ ਭਾਜਪਾ ’ਚ ਸ਼ਾਮਲ ਹੋਣ ਦੀਆਂ ਕਿਆਸਅਰਾਈਆਂ ਦਰਮਿਆਨ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਪੱਤਰਕਾਰਾਂ ਨੂੰ ਕਿਹਾ, ‘‘ਅੱਗੇ-ਅੱਗੇ ਵੇਖੋ ਹੁੰਦਾ ਹੈ ਕੀ।’’ ਹਾਲਾਂਕਿ ਅਸਤੀਫ਼ਾ ਦੇਣ ਤੋਂ ਬਾਅਦ ਅਸ਼ੋਕ ਚਵਾਨ ਨੇ ਕਿਹਾ ਕਿ ਉਨ੍ਹਾਂ ਨੇ ਸੱਤਾਧਾਰੀ ਭਾਜਪਾ ’ਚ ਸ਼ਾਮਲ ਹੋਣ ਬਾਰੇ ਅਜੇ ਕੋਈ ਫੈਸਲਾ ਨਹੀਂ ਲਿਆ ਹੈ ਅਤੇ ਉਹ ਇਕ-ਦੋ ਦਿਨਾਂ ’ਚ ਅਪਣੇ ਅਗਲੇ ਸਿਆਸੀ ਕਦਮ ’ਤੇ ਫੈਸਲਾ ਲੈਣਗੇ। ਉਨ੍ਹਾਂ ਕਿਹਾ, ‘‘ਕਾਂਗਰਸ ਪਾਰਟੀ ’ਚ ਜੋ ਕੁੱਝ ਵੀ ਵਾਪਰਦਾ ਹੈ, ਉਸ ’ਤੇ ਮੈਂ ਜਨਤਕ ਮੰਚ ’ਤੇ ਚਰਚਾ ਨਹੀਂ ਕਰਾਂਗਾ। ਮੈਂ ਸਪੀਕਰ ਨੂੰ ਅਪਣਾ ਅਸਤੀਫਾ ਸੌਂਪ ਦਿਤਾ ਹੈ ਅਤੇ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਵੀ ਅਸਤੀਫਾ ਦੇ ਦਿਤਾ ਹੈ।’’
ਉਨ੍ਹਾਂ ਕਿਹਾ, ‘‘ਮੈਂ ਅਜਿਹਾ ਵਿਅਕਤੀ ਨਹੀਂ ਹਾਂ ਜੋ ਪਾਰਟੀ ਦੇ ਅੰਦਰੂਨੀ ਮਾਮਲਿਆਂ ’ਤੇ ਜਨਤਕ ਤੌਰ ’ਤੇ ਚਰਚਾ ਕਰਦਾ ਹੈ। ਮੈਂ ਅਪਣੇ ਫੈਸਲੇ ਬਾਰੇ ਕਿਸੇ ਵੀ ਕਾਂਗਰਸੀ ਵਿਧਾਇਕ ਨਾਲ ਗੱਲ ਨਹੀਂ ਕੀਤੀ ਹੈ। ਮੇਰਾ ਅਜਿਹਾ ਕੋਈ ਇਰਾਦਾ ਨਹੀਂ ਹੈ (ਉਨ੍ਹਾਂ ਨੂੰ ਪ੍ਰਭਾਵਤ ਕਰਨ ਦਾ)।’’ ਉਨ੍ਹਾਂ ਇਹ ਵੀ ਕਿਹਾ ਕਿ ਕਾਂਗਰਸ ਛੱਡਣ ਦਾ ਉਨ੍ਹਾਂ ਦਾ ਫੈਸਲਾ ਨਿੱਜੀ ਸੀ ਅਤੇ ਉਹ ਇਸ ਦਾ ਕੋਈ ਕਾਰਨ ਨਹੀਂ ਦਸਣਾ ਚਾਹੁੰਦੇ।
ਚਵਾਨ ਨੇ ਉਨ੍ਹਾਂ ਦਾਅਵਿਆਂ ਦਾ ਵੀ ਖੰਡਨ ਕੀਤਾ ਕਿ ਸੰਸਦ ’ਚ ਪੇਸ਼ ਕੀਤੇ ਗਏ ਵ੍ਹਾਈਟ ਪੇਪਰ ਨੇ ਉਨ੍ਹਾਂ ਨੂੰ ਕਾਂਗਰਸ ਤੋਂ ਅਸਤੀਫਾ ਦੇਣ ਲਈ ਪ੍ਰੇਰਿਤ ਕੀਤਾ।
ਚਵਾਨ ਮਰਾਠਵਾੜਾ ਖੇਤਰ ਦੇ ਨਾਂਦੇੜ ਖੇਤਰ ਦੇ ਰਹਿਣ ਵਾਲੇ ਹਨ। ਉਨ੍ਹਾਂ ਦੇ ਪਿਤਾ ਮਰਹੂਮ ਸ਼ੰਕਰਰਾਓ ਚਵਾਨ ਵੀ ਮਹਾਰਾਸ਼ਟਰ ਦੇ ਮੁੱਖ ਮੰਤਰੀ ਸਨ। ਅਸ਼ੋਕ ਚਵਾਨ ਨੇ ਮੁੰਬਈ ’ਚ ਆਦਰਸ਼ ਹਾਊਸਿੰਗ ਘਪਲੇ ’ਚ ਕਥਿਤ ਸ਼ਮੂਲੀਅਤ ਨੂੰ ਲੈ ਕੇ 2010 ’ਚ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ ਸੀ। ਉਹ 2014 ਤੋਂ 2019 ਤਕ ਸੂਬਾ ਕਾਂਗਰਸ ਦੇ ਪ੍ਰਧਾਨ ਵੀ ਰਹੇ।
ਜਾਂਚ ਏਜੰਸੀਆਂ ਦਾ ਦਬਾਅ ਚਵਾਨ ਦੇ ਅਸਤੀਫੇ ਦਾ ਕਾਰਨ ਹੈ : ਕਾਂਗਰਸ
ਦੂਜੇ ਪਾਸੇ ਨਵੀਂ ਦਿੱਲੀ ’ਚ ਕਾਂਗਰਸ ਨੇ ਕਿਹਾ ਕਿ ਇਹ ਕਦਮ ਉਹ ਲੋਕ ਚੁੱਕ ਰਹੇ ਹਨ ਜਿਨ੍ਹਾਂ ’ਤੇ ਜਾਂਚ ਏਜੰਸੀਆਂ ਦਾ ਦਬਾਅ ਹੈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਇਹ ਵੀ ਕਿਹਾ ਕਿ ਜਿਹੜੇ ਨੇਤਾ ਕਿਸੇ ਨਾ ਕਿਸੇ ਕਾਰਨ ਅਸੁਰੱਖਿਅਤ ਮਹਿਸੂਸ ਕਰਦੇ ਹਨ, ਉਨ੍ਹਾਂ ਲਈ ਭਾਜਪਾ ਦੀ ਵਾਸ਼ਿੰਗ ਮਸ਼ੀਨ ਵਿਚਾਰਧਾਰਕ ਵਚਨਬੱਧਤਾ ਨਾਲੋਂ ਵਧੇਰੇ ਆਕਰਸ਼ਕ ਹੋਵੇਗੀ।