
ਕਬਾਇਲੀ ਪਰਿਵਾਰ ਦਾ ਇੱਕ ਮੈਂਬਰ ਸ਼ੱਕੀ ਹਾਲਾਤਾਂ 'ਚ ਮ੍ਰਿਤਕ ਪਾਇਆ ਗਿਆ ਸੀ
ਵਾਇਨਾਡ - ਸੀਨੀਅਰ ਕਾਂਗਰਸੀ ਆਗੂ ਅਤੇ ਵਾਇਨਾਡ ਤੋਂ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਇੱਕ ਕਬਾਇਲੀ ਵਿਅਕਤੀ ਦੇ ਘਰ ਦਾ ਦੌਰਾ ਕੀਤਾ ਜੋ ਹਾਲ ਹੀ ਵਿੱਚ ਕੋਝੀਕੋਡ ਮੈਡੀਕਲ ਕਾਲਜ ਨੇੜੇ ਮ੍ਰਿਤਕ ਪਾਇਆ ਗਿਆ ਸੀ।
ਵਿਸ਼ਵਨਾਥਨ (46) 11 ਫਰਵਰੀ ਨੂੰ ਕੋਝੀਕੋਡ ਦੇ ਮੈਡੀਕਲ ਕਾਲਜ ਹਸਪਤਾਲ ਦੇ ਨੇੜੇ ਲਟਕਦਾ ਪਾਇਆ ਗਿਆ ਸੀ, ਜਿੱਥੇ ਉਸ ਦੀ ਪਤਨੀ ਨੂੰ ਜਣੇਪੇ ਲਈ ਦਾਖਲ ਕਰਵਾਇਆ ਗਿਆ ਸੀ।
ਗਾਂਧੀ ਐਤਵਾਰ ਰਾਤ ਕੋਝੀਕੋਡ ਪਹੁੰਚੇ ਅਤੇ ਪਾਰਟੀ ਨੇਤਾਵਾਂ ਦੇ ਨਾਲ ਅੱਜ ਸਵੇਰੇ ਵਾਇਨਾਡ ਜ਼ਿਲੇ 'ਚ ਵਿਸ਼ਵਨਾਥਨ ਦੇ ਘਰ ਗਏ।
ਲੋਕ ਸਭਾ ਵਿੱਚ ਵਾਇਨਾਡ ਹਲਕੇ ਦੀ ਨੁਮਾਇੰਦਗੀ ਕਰਨ ਵਾਲੇ ਰਾਹੁਲ ਗਾਂਧੀ ਨੇ ਪਰਿਵਾਰ ਨਾਲ ਕੁਝ ਸਮਾਂ ਬਿਤਾਇਆ, ਉਨ੍ਹਾਂ ਦੇ ਦੁੱਖ-ਦਰਦ ਸੁਣੇ ਅਤੇ ਉਨ੍ਹਾਂ ਨੂੰ ਹੌਸਲਾ ਦਿੱਤਾ।
ਕੋਝੀਕੋਡ ਮੈਡੀਕਲ ਕਾਲਜ ਪੁਲਿਸ ਨੇ ਕਿਹਾ ਹੈ ਕਿ ਉਸ ਨੇ ਇੱਕ ਮਾਮਲਾ ਪਹਿਲਾਂ ਹੀ ਦਰਜ ਕਰ ਲਿਆ ਸੀ, ਜਦੋਂ ਰਿਸ਼ਤੇਦਾਰਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਕਤ ਵਿਅਕਤੀ ਹਸਪਤਾਲ ਤੋਂ ਲਾਪਤਾ ਹੈ। ਹਾਲਾਂਕਿ ਬਾਅਦ 'ਚ 11 ਫਰਵਰੀ ਨੂੰ ਵਿਸ਼ਵਨਾਥਨ ਫ਼ਾਂਸੀ 'ਤੇ ਲਟਕਦਾ ਪਾਇਆ ਗਿਆ ਸੀ।
ਪਰਿਵਾਰ ਦਾ ਦੋਸ਼ ਹੈ ਕਿ 9 ਫਰਵਰੀ ਨੂੰ ਕੁਝ ਲੋਕਾਂ ਨੇ ਵਿਸ਼ਵਨਾਥਨ ਨੂੰ ਪਰੇਸ਼ਾਨ ਕੀਤਾ ਸੀ, ਜਿਸ ਤੋਂ ਬਾਅਦ ਉਹ ਲਾਪਤਾ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਸੀ ਕਿ ਕੁਝ ਲੋਕਾਂ ਨੇ ਵਿਸ਼ਵਨਾਥਨ 'ਤੇ ਚੋਰੀ ਦਾ ਦੋਸ਼ ਲਗਾਇਆ ਅਤੇ 9 ਫਰਵਰੀ ਨੂੰ ਉਸ ਦੀ ਕੁੱਟਮਾਰ ਕੀਤੀ ਸੀ।
ਕੰਨਿਆਕੁਮਾਰੀ ਤੋਂ ਕਸ਼ਮੀਰ ਤੱਕ 4,000 ਕਿਲੋਮੀਟਰ ਤੋਂ ਵੱਧ ਦੀ ਭਾਰਤ ਜੋੜੋ ਯਾਤਰਾ 30 ਜਨਵਰੀ ਨੂੰ ਸਫ਼ਲਤਾਪੂਰਵਕ ਪੂਰੀ ਕਰਨ ਤੋਂ ਬਾਅਦ ਗਾਂਧੀ ਦਾ ਆਪਣੇ ਹਲਕੇ ਦਾ ਇਹ ਪਹਿਲਾ ਦੌਰਾ ਹੈ।
ਐਤਵਾਰ ਨੂੰ ਕੋਝੀਕੋਡ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਬਾਹਰ ਪਾਰਟੀ ਆਗੂਆਂ ਤੇ ਵਰਕਰਾਂ ਨੇ ਗਾਂਧੀ ਦਾ ਨਿੱਘਾ ਸਵਾਗਤ ਕੀਤਾ।