
ਭਾਜਪਾ ਦਾ ਪੱਲਾ ਫੜਨ ਮਗਰੋਂ ਅਸ਼ੋਕ ਚਵਾਨ ਨੇ ਕਿਹਾ, ‘ਨਵੇਂ ਸਿਆਸੀ ਕਰੀਅਰ ਦੀ ਸ਼ੁਰੂਆਤ ਕੀਤੀ’
ਮੁੰਬਈ: ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਮੰਗਲਵਾਰ ਨੂੰ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋ ਗਏ। ਚਵਾਨ ਨੇ ਸੋਮਵਾਰ ਨੂੰ ਕਾਂਗਰਸ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿਤਾ ਸੀ। ਚਵਾਨ (65) ਨੂੰ ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ, ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਚੰਦਰਸ਼ੇਖਰ ਬਾਵਨਕੁਲੇ, ਪਾਰਟੀ ਦੀ ਮੁੰਬਈ ਇਕਾਈ ਦੇ ਮੁਖੀ ਆਸ਼ੀਸ਼ ਸ਼ੇਲਾਰ ਅਤੇ ਕੈਬਨਿਟ ਮੰਤਰੀ ਗਿਰੀਸ਼ ਮਹਾਜਨ ਦੀ ਮੌਜੂਦਗੀ ’ਚ ਮੁੰਬਈ ’ਚ ਪਾਰਟੀ ਦਫ਼ਤਰ ’ਚ ਭਾਜਪਾ ’ਚ ਸ਼ਾਮਲ ਕੀਤਾ ਗਿਆ।
ਭਾਜਪਾ ’ਚ ਸ਼ਾਮਲ ਹੋਣ ਤੋਂ ਪਹਿਲਾਂ ਚਵਾਨ ਨੇ ਕਿਹਾ, ‘‘ਅੱਜ ਮੇਰੀ ਜ਼ਿੰਦਗੀ ਦੇ ਨਵੇਂ ਸਿਆਸੀ ਕਰੀਅਰ ਦੀ ਸ਼ੁਰੂਆਤ ਹੈ।’’ ਇਹ ਪੁੱਛੇ ਜਾਣ ’ਤੇ ਕਿ ਕੀ ਉਨ੍ਹਾਂ ਨੂੰ ਕਾਂਗਰਸ ਦੇ ਸੀਨੀਅਰ ਨੇਤਾਵਾਂ ਸੋਨੀਆ ਗਾਂਧੀ ਅਤੇ ਰਾਹੁਲ ਗਾਂਧੀ ਦਾ ਕੋਈ ਫੋਨ ਆਇਆ ਹੈ, ਚਵਾਨ ਨੇ ਕੋਈ ਜਵਾਬ ਨਹੀਂ ਦਿਤਾ। ਕਾਂਗਰਸ ਦੇ ਸਾਬਕਾ ਐਮ.ਐਲ.ਸੀ. ਅਮਰਨਾਥ ਰਾਜੂਰਕਰ ਅਤੇ ਚਵਾਨ ਦੇ ਕਈ ਸਮਰਥਕ ਮਰਾਠਵਾੜਾ ਦੇ ਉਨ੍ਹਾਂ ਦੇ ਗ੍ਰਹਿ ਜ਼ਿਲ੍ਹੇ ਨਾਂਦੇੜ ਤੋਂ ਮੁੰਬਈ ਆਏ ਅਤੇ ਦਖਣੀ ਮੁੰਬਈ ’ਚ ਭਾਜਪਾ ਦਫ਼ਤਰ ’ਚ ਇਕੱਠੇ ਹੋਏ।
ਸਾਬਕਾ ਮੁੱਖ ਮੰਤਰੀ ਐਸ.ਬੀ. ਚਵਾਨ ਦੇ ਬੇਟੇ ਅਸ਼ੋਕ ਚਵਾਨ (65) ਨੇ ਸੋਮਵਾਰ ਨੂੰ ਜ਼ੋਰ ਦੇ ਕੇ ਕਿਹਾ ਕਿ ਕਾਂਗਰਸ ਛੱਡਣਾ ਉਨ੍ਹਾਂ ਦਾ ਅਪਣਾ ਹੈ ਅਤੇ ਉਨ੍ਹਾਂ ਨੇ ਅਪਣੇ ਫੈਸਲੇ ਦਾ ਕੋਈ ਖਾਸ ਕਾਰਨ ਨਹੀਂ ਦਸਿਆ। ਮਹਾਰਾਸ਼ਟਰ ਦੇ ਸੀਨੀਅਰ ਕਾਂਗਰਸੀ ਨੇਤਾ ਬਾਬਾ ਸਿੱਦੀਕੀ ਅਤੇ ਮਿਲਿੰਦ ਦੇਵੜਾ ਨੇ ਵੀ ਕੁੱਝ ਦਿਨ ਪਹਿਲਾਂ ਪਾਰਟੀ ਛੱਡ ਦਿਤੀ ਸੀ। ਚਵਾਨ ਮਰਾਠਵਾੜਾ ਖੇਤਰ ਦੇ ਨਾਂਦੇੜ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਉਹ 2014-19 ਦੌਰਾਨ ਪ੍ਰਦੇਸ਼ ਕਾਂਗਰਸ ਪ੍ਰਧਾਨ ਵੀ ਸਨ। ਉਹ ਭੋਕਰ ਵਿਧਾਨ ਸਭਾ ਸੀਟ ਦੀ ਨੁਮਾਇੰਦਗੀ ਕਰਦੇ ਸਨ ਅਤੇ ਨਾਂਦੇੜ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਸਨ।
ਪਤਾ ਨਹੀਂ ਮਹਾਰਾਸ਼ਟਰ ਪਹੁੰਚਣ ਤਕ ਕਿੰਨੇ ਨੇਤਾ ਕਾਂਗਰਸ ਛੱਡ ਦੇਣਗੇ: ਕੇਸ਼ਵ ਪ੍ਰਸਾਦ ਮੌਰਿਆ
ਲਖਨਊ: ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਨੇ ਮਹਾਰਾਸ਼ਟਰ ਦੇ ਸਾਬਕਾ ਮੁੱਖ ਮੰਤਰੀ ਅਸ਼ੋਕ ਚਵਾਨ ਦੇ ਕਾਂਗਰਸ ਛੱਡ ਕੇ ਭਾਜਪਾ ’ਚ ਸ਼ਾਮਲ ਹੋਣ ਦੇ ਐਲਾਨ ਨੂੰ ਲੈ ਕੇ ਮੰਗਲਵਾਰ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ’ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਉਨ੍ਹਾਂ ਦੀ ਨਿਆਂ ਯਾਤਰਾ ਮਹਾਰਾਸ਼ਟਰ ਪਹੁੰਚਣ ਤਕ ਪਤਾ ਨਹੀਂ ਕਿੰਨੇ ਹੋਰ ਇਸ ਪਾਰਟੀ (ਕਾਂਗਰਸ) ਨੂੰ ‘ਬਾਏ-ਬਾਏ’ ਕਰ ਦੇਣਗੇ। ਉਪ ਮੁੱਖ ਮੰਤਰੀ ਮੌਰਿਆ ਨੇ ਮੰਗਲਵਾਰ ਨੂੰ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਗਾਂਧੀ ਪਰਵਾਰ ਦੀ ਬੇਇਨਸਾਫੀ ਤੋਂ ਦੁਖੀ ਕਈ ਸੀਨੀਅਰ ਕਾਂਗਰਸੀ ਨੇਤਾਵਾਂ ਨੇ ਪਾਰਟੀ ਛੱਡਣ ਦਾ ਸਮਾਂ ਉਦੋਂ ਚੁਣਿਆ ਜਦੋਂ ਰਾਹੁਲ ਗਾਂਧੀ ਖੁਦ ਨਿਆਂ ਦੀ ਯਾਤਰਾ ’ਤੇ ਹਨ। ਜਦੋਂ ਤਕ ਇਹ ਯਾਤਰਾ ਮਹਾਰਾਸ਼ਟਰ ਪਹੁੰਚੇਗੀ, ਪਤਾ ਨਹੀਂ ਕਿੰਨੇ ਲੋਕ ਇਸ ਪਾਰਟੀ ਨੂੰ ਬਾਏ-ਬਾਏ ਕਰ ਦੇਣਗੇ। ਜਨ-ਜਨ ਦੀ ਇਹੀ ਪੁਕਾਰ, ਵਾਰ-ਵਾਰ ਮੋਦੀ ਸਰਕਾਰ।’’