
ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਕਾਫ਼ੀ ਵਿਵਾਦ ਮਚਿਆ ਹੋਇਆ ਹੈ।
ਨਵੀਂ ਦਿੱਲੀ: ਜੰਮੂ-ਕਸ਼ਮੀਰ ਵਿਚੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਕਾਫ਼ੀ ਵਿਵਾਦ ਮਚਿਆ ਹੋਇਆ ਹੈ। ਇਸ ਮਾਮਲੇ ਵਿਚ ਜਿੱਥੇ ਕੁੱਝ ਪਾਰਟੀਆਂ ਵੱਲੋਂ ਭਾਜਪਾ ਦਾ ਸਮਰਥਨ ਕੀਤਾ ਜਾ ਰਿਹਾ ਹੈ ਤਾਂ ਉਥੇ ਹੀ ਕੁੱਝ ਪਾਰਟੀਆਂ ਨੇ ਭਾਜਪਾ ਦਾ ਸਾਥ ਨਹੀਂ ਦਿੱਤਾ, ਜਿਨ੍ਹਾਂ ਵਿਚ ਜੇਡੀਯੂ ਦਾ ਨਾਮ ਵੀ ਸ਼ਾਮਲ ਹੈ। ਇਸੇ ਦੌਰਾਨ ਜੇਡੀਯੂ ਦੇ ਕੁੱਝ ਨੇਤਾ ਅਜਿਹੇ ਵੀ ਨੇ ਜਿਨ੍ਹਾਂ ਨੂੰ ਧਾਰਾ 370 ਨੂੰ ਲੈ ਕੇ ਸਵਾਲ ਪੁੱਛਣ ਵਾਲੇ ਪੱਤਰਕਾਰ ਚੰਗੇ ਨਹੀਂ ਲਗਦੇ।
Jammu Kashmir
ਅਜਿਹਾ ਹੀ ਇਕ ਮਾਮਲਾ ਪਾਰਟੀ ਦਫ਼ਤਰ 'ਚ ਸਾਹਮਣੇ ਆਇਆ ਜਦੋਂ ਪਾਰਟੀ ਦੇ ਜਨਰਲ ਸਕੱਤਰ ਆਰਸੀਪੀ ਸਿੰਘ ਨੂੰ ਇਕ ਪੱਤਰਕਾਰ ਨੇ ਧਾਰਾ 370 ਨੂੰ ਲੈ ਕੇ ਸਵਾਲ ਪੁੱਛ ਲਿਆ ਅਤੇ ਨੇਤਾ ਜੀ ਪੱਤਰਕਾਰ 'ਤੇ ਇੰਝ ਭੜਕ ਉਠੇ ਜਿਵੇਂ ਪੱਤਰਕਾਰ ਨੇ ਸਵਾਲ ਪੁੱਛ ਕੇ ਕੋਈ ਬਜ਼ਰ ਗੁਨਾਹ ਕਰ ਲਿਆ ਹੋਵੇ। ਦਰਅਸਲ ਧਾਰਾ 370 ਦੇ ਫ਼ੈਸਲੇ ਮਗਰੋਂ ਜੇਡੀਯੂ ਨੇ ਸੰਸਦ ਵਿਚੋਂ ਬਾਈਕਾਟ ਕਰ ਦਿੱਤਾ ਸੀ ਪਰ ਇਸ ਦੇ ਬਾਵਜੂਦ ਪਾਰਟੀ ਦੇ ਕੁੱਝ ਨੇਤਾ ਇਸ ਮਾਮਲੇ ਨੂੰ ਲੈ ਕੇ ਵੱਖੋ-ਵੱਖਰੇ ਰਾਗ਼ ਅਲਾਪ ਰਹੇ ਹਨ। ਇਹੀ ਵਜ੍ਹਾ ਹੈ ਕਿ ਜੇਡੀਯੂ ਦੇ ਕੁੱਝ ਨੇਤਾਵਾਂ ਨੂੰ ਧਾਰਾ 370 'ਤੇ ਸਵਾਲ ਪੁੱਛਣ ਵਾਲੇ ਪੱਤਰਕਾਰ ਚੰਗੇ ਨਹੀਂ ਲਗਦੇ।
Article 370
ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਨੇ ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਦਰਜਾ ਦੇਣ ਵਾਲੀ ਧਾਰਾ 370 ਨੂੰ ਹਟਾ ਦਿੱਤਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਦੋ ਵੱਖ ਵੱਖ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿਚ ਵੰਡ ਦਿੱਤਾ ਹੈ। ਇਸ ਦੌਰਾਨ ਕਈ ਵਿਰੋਧੀ ਧਿਰਾਂ ਵੱਲੋਂ ਜੰਮੂ-ਕਸ਼ਮੀਰ ਤੋਂ ਧਾਰਾ 370 ਨੂੰ ਹਟਾਉਣ ਦਾ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।