
ਕਾਂਗਰਸ ਆਗੂ ਸ਼ਸ਼ੀ ਥਰੂਰ ਨੇ PM ਮੋਦੀ ਦੀ ਤਰੀਫ਼ ਕਰਦਿਆਂ ਕਿਹਾ ਕਿ UP ਵਿਧਾਨ ਸਭਾ ਚੋਣਾਂ ਵਿਚ ਮਿਲੀ ਜਿੱਤ ਦਾ ਸਿਹਰਾ ਨਰਿੰਦਰ ਮੋਦੀ ਨੂੰ ਜਾਂਦਾ ਹੈ।
ਜੈਪੁਰ: ਕਾਂਗਰਸ ਆਗੂ ਸ਼ਸ਼ੀ ਥਰੂਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਰੀਫ਼ ਕਰਦਿਆਂ ਕਿਹਾ ਕਿ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਵਿਚ ਮਿਲੀ ਜਿੱਤ ਦਾ ਸਿਹਰਾ ਨਰਿੰਦਰ ਮੋਦੀ ਨੂੰ ਜਾਂਦਾ ਹੈ। ਜੈਪੁਰ ਲਿਟਰੇਚਰ ਫੈਸਟੀਵਲ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਯੂਪੀ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ’ਤੇ ਟਿੱਪਣੀ ਕਰਦਿਆਂ ਕਿਹਾ ਕਿ ਉਹਨਾਂ ਨੂੰ ਉਮੀਦ ਨਹੀਂ ਸੀ ਕਿ ਭਾਜਪਾ ਇੰਨੀ ਵੱਡੀ ਜਿੱਤ ਪ੍ਰਾਪਤ ਕਰੇਗੀ। ਥਰੂਰ ਨੇ ਕਿਹਾ ਕਿ “ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਬਰਦਸਤ ਜੋਸ਼ ਅਤੇ ਗਤੀਸ਼ੀਲਤਾ ਵਾਲੇ ਵਿਅਕਤੀ ਹਨ। ਉਹਨਾਂ ਵਿਚ ਕੁਝ ਚੀਜਾਂ ਬਹੁਤ ਹੀ ਪ੍ਰਭਾਵਸ਼ਾਲੀ ਹਨ। ਸਾਨੂੰ ਉਮੀਦ ਨਹੀਂ ਸੀ ਕਿ ਉਹ ਇੰਨੇ ਵੱਡੇ ਅੰਤਰ ਨਾਲ ਜਿੱਤਣਗੇ, ਫਿਰ ਵੀ ਉਹਨਾਂ ਨੇ ਕਰ ਦਿਖਾਇਆ।
Shashi tharoor
ਯੂਪੀ ਚੋਣਾਂ ਦੇ ਐਗਜ਼ਿਟ ਪੋਲ ਸਬੰਧੀ ਸ਼ਸ਼ੀ ਥਰੂਰ ਨੇ ਕਿਹਾ ਹੈ ਕਿ “ਜਦੋਂ ਤਕ ਐਗਜ਼ਿਟ ਪੋਲ ਨਹੀਂ ਆਏ ਸਨ, ਮੇਰੇ ਦਿਮਾਗ ਵਿਚ ਕੋਈ ਸਵਾਲ ਨਹੀਂ ਸੀ, ਜ਼ਿਆਦਾਤਰ ਲੋਕ ਬਹੁਤ ਕਰੀਬ ਦੀ ਲੜਾਈ ਦੀ ਉਮੀਦ ਕਰਦੇ ਸਨ ਪਰ ਕੁਝ ਲੋਕ ਕਹਿ ਰਹੇ ਸਨ ਕਿ ਸਮਾਜਵਾਦੀ ਪਾਰਟੀ ਅੱਗੇ ਹੈ। ਕਈ ਲੋਕਾਂ ਨੂੰ ਉਮੀਦ ਨਹੀਂ ਸੀ ਕਿ ਭਾਜਪਾ ਇੰਨੇ ਵੱਡੇ ਬਹੁਮਤ ਨਾਲ ਸੱਤਾ ਵਿਚ ਆਉਣ ਵਾਲੀ ਹੈ।”
Narendra Modi
ਉਹਨਾਂ ਕਿਹਾ ਕਿ ਸਮਾਜਵਾਦੀ ਪਾਰਟੀ ਦੀਆਂ ਸੀਟਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਇਸ ਲਈ ਉਹ ਇਕ ਚੰਗੀ ਵਿਰੋਧੀ ਪਾਰਟੀ ਸਾਬਤ ਹੋਵੇਗੀ। ਸ਼ਸ਼ੀ ਥਰੂਰ ਨੇ ਕਿਹਾ ਹੈ ਕਿ ਇਕ ਦਿਨ ਵੋਟਰ ਭਾਰਤੀ ਜਨਤਾ ਪਾਰਟੀ ਨੂੰ ਹੈਰਾਨ ਕਰ ਦੇਣਗੇ ਪਰ ਅੱਜ ਲੋਕਾਂ ਨੇ ਉਹਨਾਂ ਨੂੰ ਉਹ ਦਿੱਤਾ ਹੈ ਜੋ ਉਹ ਚਾਹੁੰਦੇ ਸਨ।
Priyanka Gandhi Vadra
ਪ੍ਰਧਾਨ ਮੰਤਰੀ ਦੀ ਤਾਰੀਫ਼ ਤੋਂ ਬਾਅਦ ਕਾਂਗਰਸ ਨੇਤਾ ਨੇ ਉਹਨਾਂ ਦੀ ਅਲੋਚਨਾ ਵੀ ਕੀਤੀ। ਉਹਨਾਂ ਕਿਹਾ, “ਉਹਨਾਂ ਨੇ ਸਮਾਜ ਵਿਚ ਅਜਿਹੀਆਂ ਤਾਕਤਾਂ ਨੂੰ ਉਤਾਰਿਆ ਹੈ ਜੋ ਸਾਡੇ ਦੇਸ਼ ਨੂੰ ਫਿਰਕੂ ਅਤੇ ਧਰਮ ਦੇ ਆਧਾਰ ਤੇ ਵੰਡ ਰਹੀਆਂ ਹਨ, ਜੋ ਕਿ ਬਹੁਤ ਹੀ ਮੰਦਭਾਗਾ ਹੈ”। ਯੂਪੀ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਪ੍ਰਦਰਸ਼ਨ ਬਾਰੇ ਉਹਨਾਂ ਕਿਹਾ ਕਿ ਪ੍ਰਿਯੰਕਾ ਗਾਂਧੀ ਵਾਡਰਾ ਨੇ ਖੂਬ ਮਿਹਨਤ ਕੀਤੀ।