ਗਿਆਨਵਾਪੀ ਮੁੱਦਾ ਲੰਮੇ ਸਮੇਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਦਾ ਕੇਂਦਰ ਰਿਹਾ ਹੈ
ਗੋਰਖਪੁਰ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਨਿਚਰਵਾਰ ਨੂੰ ਕਿਹਾ ਕਿ ਗਿਆਨਵਾਪੀ ਨੂੰ ‘ਮਸਜਿਦ’ ਕਹਿਣਾ ਮੰਦਭਾਗਾ ਹੈ ਅਤੇ ਗਿਆਨਵਾਪੀ ਖੁਦ ਭਗਵਾਨ ਵਿਸ਼ਵਨਾਥ ਦਾ ਸੱਚਾ ਰੂਪ ਹੈ।
ਯੋਗੀ ਆਦਿੱਤਿਆਨਾਥ ਨੇ ਸਨਿਚਰਵਾਰ ਨੂੰ ਦੀਨ ਦਿਆਲ ਉਪਾਧਿਆਏ ਗੋਰਖਪੁਰ ਯੂਨੀਵਰਸਿਟੀ ਵਿਖੇ ‘ਸਦਭਾਵਨਾਪੂਰਨ ਸਮਾਜ ਦੇ ਨਿਰਮਾਣ ਵਿਚ ਨਾਥ ਪੰਥ ਦਾ ਯੋਗਦਾਨ’ ਵਿਸ਼ੇ ’ਤੇ ਇਕ ਕੌਮਾਂਤਰੀ ਸੈਮੀਨਾਰ ਦੇ ਉਦਘਾਟਨੀ ਸੈਸ਼ਨ ਨੂੰ ਸੰਬੋਧਨ ਕਰਦਿਆਂ ਇਹ ਟਿਪਣੀ ਕੀਤੀ, ਜਿੱਥੇ ਉਨ੍ਹਾਂ ਨੇ ਕਾਸ਼ੀ ਅਤੇ ਗਿਆਨਵਾਪੀ ਦੇ ਪੂਜਨੀਕ ਸਥਾਨ ਦੀ ਅਧਿਆਤਮਿਕ ਮਹੱਤਤਾ ’ਤੇ ਵੀ ਚਾਨਣਾ ਪਾਇਆ।
ਉਨ੍ਹਾਂ ਕਿਹਾ, ‘‘ਇਹ ਮੰਦਭਾਗਾ ਹੈ ਕਿ ਕੁੱਝ ਲੋਕ ਗਿਆਨਵਾਪੀ ਨੂੰ ਮਸਜਿਦ ਕਹਿੰਦੇ ਹਨ, ਜਦਕਿ ਇਹ ਖੁਦ ਭਗਵਾਨ ਵਿਸ਼ਵਨਾਥ ਦਾ ਰੂਪ ਹੈ।’’ ਮੁੱਖ ਮੰਤਰੀ ਨੇ ਮਹਾਨ ਰਿਸ਼ੀ ਆਦਿ ਸ਼ੰਕਰ ਦਾ ਵੀ ਵਿਸਥਾਰ ਪੂਰਵਕ ਜ਼ਿਕਰ ਕੀਤਾ ਅਤੇ ਸ਼ੰਕਰ ਦੀ ਕਾਸ਼ੀ ’ਚ ਭਗਵਾਨ ਵਿਸ਼ਵਨਾਥ ਨਾਲ ਮੁਲਾਕਾਤ ਬਾਰੇ ਇਕ ਕਿੱਸਾ ਸੁਣਾਇਆ। ਇਸ ਕਹਾਣੀ ਨੂੰ ਸੁਣਾਉਂਦੇ ਹੋਏ ਮੁੱਖ ਮੰਤਰੀ ਨੇ ਗਿਆਨਵਾਪੀ ਨੂੰ ਖੁਦ ਪ੍ਰਮਾਤਮਾ ਦਾ ਸਿੱਧਾ ਰੂਪ ਦਸਿਆ। ਉਨ੍ਹਾਂ ਕਿਹਾ, ‘‘ਬਦਕਿਸਮਤੀ ਨਾਲ ਅੱਜ ਲੋਕ ਗਿਆਨਵਾਪੀ ਨੂੰ ਮਸਜਿਦ ਕਹਿੰਦੇ ਹਨ ਪਰ ਗਿਆਨਵਾਪੀ ਸਾਕਸ਼ਤ ਵਿਸ਼ਵਨਾਥ ਹੈ।’’
ਗਿਆਨਵਾਪੀ ਮੁੱਦਾ ਲੰਮੇ ਸਮੇਂ ਤੋਂ ਚੱਲ ਰਹੀ ਕਾਨੂੰਨੀ ਲੜਾਈ ਦਾ ਕੇਂਦਰ ਰਿਹਾ ਹੈ, ਹਿੰਦੂ ਪੱਖ ਨੇ ਦਲੀਲ ਦਿਤੀ ਹੈ ਕਿ ਗਿਆਨਵਾਪੀ ਮਸਜਿਦ ਕਥਿਤ ਤੌਰ ’ਤੇ ਪਹਿਲਾਂ ਤੋਂ ਮੌਜੂਦ ਮੰਦਰ ਦੇ ਅਵਸ਼ੇਸ਼ਾਂ ’ਤੇ ਬਣਾਈ ਗਈ ਸੀ, ਜਦਕਿ ਮੁਸਲਿਮ ਪੱਖ ਨੇ ਇਸ ਦਾਅਵੇ ਦਾ ਵਿਰੋਧ ਕੀਤਾ ਹੈ।
ਵਿਰੋਧੀ ਸਮਾਜਵਾਦੀ ਪਾਰਟੀ (ਸਪਾ) ਨੇ ਇਸ ਮੁੱਦੇ ’ਤੇ ਮੁੱਖ ਮੰਤਰੀ ’ਤੇ ਨਿਸ਼ਾਨਾ ਸਾਧਿਆ, ਜਦਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਅਯੁੱਧਿਆ ਦੇ ਕੁੱਝ ਸੰਤਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ।
ਮੁੱਖ ਮੰਤਰੀ ਦੇ ਬਿਆਨ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਸਮਾਜਵਾਦੀ ਪਾਰਟੀ ਦੇ ਬੁਲਾਰੇ ਅੱਬਾਸ ਹੈਦਰ ਨੇ ਕਿਹਾ, ‘‘ਅਜਿਹਾ ਲਗਦਾ ਹੈ ਕਿ ਉਹ (ਯੋਗੀ ਆਦਿੱਤਿਆਨਾਥ) ਅਦਾਲਤ ਦਾ ਸਨਮਾਨ ਨਹੀਂ ਕਰਦੇ। ਇਹ ਮਾਮਲਾ ਅਦਾਲਤ ’ਚ ਵਿਚਾਰ ਅਧੀਨ ਹੈ। ਇਹ ਮੰਦਭਾਗਾ ਹੈ ਕਿ ਮੁੱਖ ਮੰਤਰੀ ਨੇ ਸੰਵਿਧਾਨ ਤਹਿਤ ਸਹੁੰ ਚੁਕੀ ਹੈ ਪਰ ਉਹ ਅਦਾਲਤ ਪ੍ਰਤੀ ਬਣਦਾ ਸਤਿਕਾਰ ਨਹੀਂ ਵਿਖਾ ਰਹੇ। ਅਪਣੇ ਸਿਆਸੀ ਹਿੱਤਾਂ ਲਈ ਉਹ ਸਮਾਜ ਨੂੰ ਵੰਡ ਰਹੇ ਹਨ।’’ ਹੈਦਰ ਨੇ ਕਿਹਾ ਕਿ ਲੋਕਾਂ ਵਲੋਂ ਭਾਜਪਾ ਨੂੰ ਦਿਤਾ ਗਿਆ ਫਤਵਾ ਇਹ ਵੀ ਦਰਸਾਉਂਦਾ ਹੈ ਕਿ ਉਨ੍ਹਾਂ ਨੇ ਲੋਕਾਂ ਨਾਲ ਜੁੜੇ ਮੁੱਦਿਆਂ ’ਤੇ ਨਹੀਂ ਬੋਲਿਆ।
ਜਦਕਿ ਭਾਜਪਾ ਦੀ ਯੂ.ਪੀ. ਇਕਾਈ ਦੇ ਬੁਲਾਰੇ ਮਨੀਸ਼ ਸ਼ੁਕਲਾ ਨੇ ਕਿਹਾ, ‘‘ਇਤਿਹਾਸਕ, ਪੁਰਾਤੱਤਵ ਅਤੇ ਅਧਿਆਤਮਿਕ ਸਬੂਤ ਸਪੱਸ਼ਟ ਤੌਰ ’ਤੇ ਸੰਕੇਤ ਦਿੰਦੇ ਹਨ ਕਿ ਗਿਆਨਵਾਪੀ ਇਕ ਮੰਦਰ ਹੈ।’’
ਮੁੱਖ ਮੰਤਰੀ ਦੀ ਗੱਲ ਦੀ ਹਮਾਇਤ ਕਰਦਿਆਂ ਅਯੋਧਿਆ ਦੇ ਹਨੂੰਮਾਨਗੜ੍ਹੀ ਮੰਦਰ ਦੇ ਮਹੰਤ ਰਾਜੂ ਦਾਸ ਨੇ ਕਿਹਾ, ‘‘ਇਹ ਸਿਰਫ ਬਦਕਿਸਮਤ ਲੋਕ ਹਨ ਜੋ ਗਿਆਨਵਾਪੀ ਨੂੰ ਮਸਜਿਦ ਕਹਿ ਰਹੇ ਹਨ। ਇਹ ਖੁਦ ਵਿਸ਼ਵਨਾਥ ਹੈ, ਅਤੇ ਕਾਸ਼ੀ ਵਿਸ਼ਵਨਾਥ ਦਾ ਮੰਦਰ ਹੈ। ਜੇ ਕੋਈ ਨੇਤਰਹੀਣ ਵਿਅਕਤੀ ਢਾਂਚੇ ’ਤੇ ਹੱਥ ਰੱਖਦਾ ਹੈ, ਤਾਂ ਵੀ ਉਹ ‘ਸਨਾਤਨ’ ਦੇ ਸਾਰੇ ਚਿੰਨ੍ਹਾਂ ਨੂੰ ਮਹਿਸੂਸ ਕਰੇਗਾ। ਅਸੀਂ ਲਗਾਤਾਰ ਕਹਿੰਦੇ ਆ ਰਹੇ ਹਾਂ ਕਿ ਇਹ ਮੰਦਰ ਹੈ, ਸਿਰਫ ਮੂਰਖ ਹੀ ਇਸ ਨੂੰ ਮਸਜਿਦ ਕਹਿੰਦੇ ਹਨ।’’
ਇਹ ਦੋ ਰੋਜ਼ਾ ਸੈਮੀਨਾਰ ਹਿੰਦੁਸਤਾਨੀ ਅਕੈਡਮੀ, ਪ੍ਰਯਾਗਰਾਜ ਦੇ ਸਹਿਯੋਗ ਨਾਲ ਕਰਵਾਇਆ ਗਿਆ ਹੈ।
ਸੱਚੇ ਹਿੰਦੂ ਕਿਸੇ ਇਕ ਪੂਜਾ ਦੇ ਤਰੀਕੇ ’ਤੇ ਲਕੀਰ ਦੇ ਫਕੀਰ ਨਹੀਂ ਹੁੰਦੇ : ਯੋਗੀ ਆਦਿੱਤਿਆਨਾਥ
ਗੋਰਖਪੁਰ : ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਸਨਿਚਰਵਾਰ ਨੂੰ ਕਿਹਾ ਕਿ ਪੂਜਾ ਪ੍ਰਣਾਲੀ ਧਰਮ ਦਾ ਹਿੱਸਾ ਹੋ ਸਕਦੀ ਹੈ ਪਰ ਸੰਪੂਰਨ ਧਰਮ ਨਹੀਂ, ਇਸ ਲਈ ਇਕ ਸੱਚਾ ਹਿੰਦੂ ਕਿਸੇ ਇਕ ਪੂਜਾ ਦੇ ਤਰੀਕੇ ’ਤੇ ‘ਲਕੀਰ ਦਾ ਫਕੀਰ’ ਨਹੀਂ ਰਿਹਾ ਹੈ।
ਯੋਗੀ ਆਦਿੱਤਿਆਨਾਥ ਬ੍ਰਹਮਲੀਨ ਮਹੰਤ ਦਿਗਵਿਜੇਨਾਥ ਜੀ ਮਹਾਰਾਜ ਦੀ 55ਵੀਂ ਬਰਸੀ ਅਤੇ ਉਨ੍ਹਾਂ ਦੇ ਗੁਰੂ ਬ੍ਰਹਮਲੀਨ ਮਹੰਤ ਅਵੈਦਿਆਨਾਥ ਜੀ ਮਹਾਰਾਜ ਦੀ 10ਵੀਂ ਬਰਸੀ ਮੌਕੇ ਸਨਿਚਰਵਾਰ ਦੁਪਹਿਰ ਗੋਰਖਨਾਥ ਮੰਦਰ ’ਚ ਸ਼੍ਰੀਮਦ ਭਾਗਵਤ ਮਹਾਪੁਰਾਣ ਕਥਾ ਗਿਆਨ ਯੱਗ ਦੇ ਉਦਘਾਟਨ ਮੌਕੇ ਬੋਲ ਰਹੇ ਸਨ।
ਮੰਦਰ ਦੇ ਦਿਗਵਿਜੇਨਾਥ ਸਮ੍ਰਿਤੀ ਭਵਨ ਆਡੀਟੋਰੀਅਮ ’ਚ ਪੂਜਾ ਕਰਨ ਤੋਂ ਬਾਅਦ ਸ਼ਰਧਾਲੂਆਂ ਨੂੰ ਸੰਬੋਧਿਤ ਕਰਦੇ ਹੋਏ ਉਨ੍ਹਾਂ ਕਿਹਾ, ‘‘ਸਨਾਤਨ ਦਾ ਵਿਸ਼ਵਾਸ ਹੈ ਕਿ ਧਰਮ ਸਿਰਫ ਪੂਜਾ ਦਾ ਤਰੀਕਾ ਨਹੀਂ ਹੈ। ਪੂਜਾ ਧਰਮ ਦਾ ਹਿੱਸਾ ਹੋ ਸਕਦੀ ਹੈ ਪਰ ਇਹ ਸੰਪੂਰਨ ਧਰਮ ਨਹੀਂ ਹੋ ਸਕਦੀ। ਇਹੀ ਕਾਰਨ ਹੈ ਕਿ ਇਕ ਸੱਚਾ ਹਿੰਦੂ ਕਿਸੇ ਇਕ ਪੂਜਾ ਪ੍ਰਣਾਲੀ ’ਤੇ ਲਕੀਰ ਦਾ ਫਕੀਰ ਨਹੀਂ ਰਿਹਾ ਹੈ।’’
ਇਕ ਅਧਿਕਾਰਤ ਬਿਆਨ ਮੁਤਾਬਕ ਉਨ੍ਹਾਂ ਕਿਹਾ ਕਿ ਸਿਰਫ ਇਕ ਧਰਮ (ਸਨਾਤਨ) ਜਿਸ ਵਿਚ ਇੰਨੀ ਵਿਆਪਕਤਾ ਹੈ, ਜ਼ਿੰਦਗੀ ਦੇ ਉਤਰਾਅ-ਚੜ੍ਹਾਅ ਨੂੰ ਸਮਾਨਤਾ ਨਾਲ ਵੇਖ ਸਕਦਾ ਹੈ। ਸਨਾਤਨ ਦੀ ਵਿਆਪਕਤਾ ਕਿਸੇ ਵੀ ਉਤਰਾਅ-ਚੜ੍ਹਾਅ ’ਚ ਰਹੀ ਹੈ।