
ਉਹਨਾਂ ਕਿਹਾ ਕਿ ਅਜੇ ਤਾਂ ਕੇਜਰੀਵਾਲ ਨੇ ਮੰਡੀ ਵਿਚ ਸਿਰਫ਼ ਇਕ ਹੀ ਰੋਡਸ਼ੋਅ ਕੀਤਾ ਹੈ, ਉਸ ਤੋਂ ਬਾਅਦ ਹੀ ਹਿਮਾਚਲ ਦੀ ਜਨਤਾ ਨੂੰ ਐਨਾ ਜ਼ਿਆਦਾ ਫਾਇਦਾ ਹੋ ਗਿਆ।
ਨਵੀਂ ਦਿੱਲੀ: ਆਮ ਆਦਮੀ ਪਾਰਟੀ ਦੇ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਹਿਮਾਚਲ ਪ੍ਰਦੇਸ਼ ਦੀ ਭਾਜਪਾ ਸਰਕਾਰ ਕੇਜਰੀਵਾਲ ਮਾਡਲ ਦੀ ਨਕਲ ਕਰ ਰਹੀ ਹੈ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ ਲਈ 125 ਯੂਨਿਟ ਬਿਜਲੀ ਮੁਫ਼ਤ, ਪਿੰਡਾਂ ਵਿਚ ਮੁਫ਼ਤ ਪਾਣੀ ਅਤੇ ਔਰਤਾਂ ਲਈ ਅੱਧਾ ਬੱਸ ਕਿਰਾਇਆ ਕਰਨ ਦਾ ਐਲਾਨ ਕੀਤਾ ਹੈ।
ਉਹਨਾਂ ਕਿਹਾ ਕਿ ਚੋਣਾਂ ਆਉਂਦੇ ਹੀ ਭਾਜਪਾ ਨੇ ਕੇਜਰੀਵਾਲ ਸਰਕਾਰ ਦੀ ਨਕਲ ਕਰਨੀ ਸ਼ੁਰੂ ਕਰ ਦਿੱਤੀ ਹੈ। ਉਹਨਾਂ ਨੂੰ ਡਰ ਹੈ ਕਿ ਉਹ ਹਾਰਨ ਜਾ ਰਹੇ ਹਨ। ਉਹਨਾਂ ਦੇ ਮਨ ਵਿਚ ਆਮ ਆਦਮੀ ਪਾਰਟੀ ਦਾ ਖ਼ੌਫ਼ ਹੈ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਭਾਜਪਾ ਹਰ ਥਾਂ ਕਹਿੰਦੀ ਹੈ ਕਿ ਬਿਜਲੀ ਮੁਫ਼ਤ ਨਹੀਂ ਮਿਲਣੀ ਚਾਹੀਦੀ। ਭਾਜਪਾ ਦਾ ਇਹ ਐਲਾਨ ਵੀ ਇਕ ਐਲਾਨ ਧੋਖਾ ਹੈ, ਭਾਜਪਾ ਭ੍ਰਿਸ਼ਟ ਪਾਰਟੀ ਹੈ। ਹਿਮਾਚਲ ਪ੍ਰਦੇਸ਼ ਵਿਚ ਚੋਣਾਂ ਵਿਚ ਹਾਰ ਦੇ ਡਰ ਕਾਰਨ ਐਲਾਨ ਕੀਤੇ ਗਏ ਹਨ, ਜੇਕਰ ਭਾਜਪਾ ਮੁੜ ਸੱਤਾ ਵਿਚ ਆਈ ਤਾਂ ਇਹ ਐਲਾਨ ਵਾਪਸ ਲੈ ਲਏ ਜਾਣਗੇ।
ਉਹਨਾਂ ਕਿਹਾ ਕਿ ਅਜੇ ਤਾਂ ਕੇਜਰੀਵਾਲ ਨੇ ਮੰਡੀ ਵਿਚ ਸਿਰਫ਼ ਇਕ ਹੀ ਰੋਡਸ਼ੋਅ ਕੀਤਾ ਹੈ, ਉਸ ਤੋਂ ਬਾਅਦ ਹੀ ਹਿਮਾਚਲ ਦੀ ਜਨਤਾ ਨੂੰ ਐਨਾ ਜ਼ਿਆਦਾ ਫਾਇਦਾ ਹੋ ਗਿਆ। ਜੇਕਰ ਹਿਮਾਚਲ ਵਿਚ ਉਹਨਾਂ ਦੀ ਪਾਰਟੀ ਦੀ ਸਰਕਾਰ ਬਣੀ ਤਾਂ ਲੋਕਾਂ ਨੂੰ ਕਿੰਨਾ ਫਾਇਦਾ ਹੋਵੇਗਾ।
ਇਸ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਨੂੰ ਸਾਰੇ ਭਾਜਪਾ ਸ਼ਾਸਤ ਸੂਬਿਆਂ ’ਚ ਇਹ ਐਲਾਨ ਕਰਨੇ ਚਾਹੀਦੇ ਹਨ ਨਹੀਂ ਤਾਂ ਲੋਕ ਇਹ ਮੰਨ ਲੈਣਗੇ ਕਿ ਆਮ ਆਦਮੀ ਪਾਰਟੀ ਦੇ ਖ਼ੌਫ਼ ਕਾਰਨ ਉਹਨਾਂ ਨੇ ਚੋਣਾਂ ਤੋਂ ਪਹਿਲਾਂ ਇਹ ਫਰਜ਼ੀ ਐਲਾਨ ਕੀਤੇ ਹਨ।