 
          	ਡਾ. ਦਲਜੀਤ ਚੀਮਾ ਵੀ ਹੈਰਾਨ, ਇੱਛਾ ਪਵਿੱਤਰ ਨਗਰੀ ਦੀ ਪੂਰੀ ਨਹੀਂ ਹੋਈ
Lok Sabha Elections 2024: ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਵਿਚੋਂ ਕੇਵਲ 7 ’ਤੇ ਅਪਣੇ ਉਮੀਦਵਾਰ ਚੋਣ ਮੈਦਾਨ ਵਿਚ ਉਤਾਰਨ ਵਾਲੀ ਸਿੱਖ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੇ ਪਹਿਲੀ ਲਿਸਟ ਵਿਚ 2 ਹਿੰਦੂ ਚਿਹਰੇ ਸਮੇਤ 5 ਪਹਿਲੀ ਵਾਰ ਐਮ.ਪੀ. ਉਮੀਦਵਾਰ ਐਲਾਨ ਕਰ ਕੇ ਨਾ ਸਿਰਫ਼, ਢੀਂਡਸਾ ਪ੍ਰਵਾਰ ਨੂੰ ਸੁੰਨ ਤੇ ਪ੍ਰੇਸ਼ਾਨ ਕੀਤਾ ਹੈ, ਬਲਕਿ ਵੱਡੇ ਬਾਦਲ ਦੇ ਸਲਾਹਕਾਰ ਰਹੇ ਡਾ. ਦਲਜੀਤ ਸਿੰਘ ਚੀਮਾ ਨੂੰ ਵੀ ਪਵਿੱਤਰ ਨਗਰੀ ਅਨੰਦਪੁਰ ਸਾਹਿਬ ਸੀਟ ਤੋਂ ਲਾਂਭੇ ਰੱਖ ਕੇ ਹੈਰਾਨੀ ਵਿਚ ਪਾ ਦਿਤਾ ਹੈ।
ਵੱਡੇ ਢੀਂਡਸਾ ਸੁਖਦੇਵ ਸਿੰਘ ਦੇ ਸਪੁੱਤਰ ਪਰਮਿੰਦਰ ਸਿੰਘ ਢੀਂਡਸਾ ਨੂੰ ਸੰਗਰੂਰ ਸੀਟ ਤੋਂ ਟਿਕਟ ਦੇਣ ਦੀ ਥਾਂ ਇਕਬਾਲ ਸਿੰਘ ਝੂੰਦਾਂ ਨੂੰ ਮੈਦਾਨ ਵਿਚ ਲਿਆ ਕੇ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਨੂੰ ਪਟਿਆਲਾ ਦੀਥਾਂ ਅਨੰਦਪੁਰ ਸਾਹਿਬ ਵਾਸਤੇ ਐਲਾਨ ਕਰ ਕੇ ਵੋਟਰਾਂ ਅਤੇ ਵਿਸ਼ੇਸ਼ ਕਰ ਕੇ ਅਕਾਲੀ ਦਲ ਦੇ ਬਾਕੀ ਚਹੇਤੇ ਨੇਤਾਵਾਂ ਨੂੰ ਡੂੰਘੀ ਚੋਟ ਮਾਰ ਲਗਦੀ ਹੈ। ਇਕ ਦੋ ਵੈਟਰਨ ਸਿੱਖ ਨੇਤਾਵਾਂ ਨੇ ਅਪਣੀ ਪ੍ਰਤੀਕਿਰਿਆ ਵਿਚ ਕਿਹਾ ਹੈ ਕਿ ਲੋਕ ਸਭਾ ਸੀਟਾਂ ਵਾਸਤੇ 2 ਹਿੰਦੂ ਚਿਹਰੇ ਯਾਨੀ ਐਨ.ਕੇੇ. ਸ਼ਰਮਾ ਪਟਿਆਲਾ ਅਤੇ ਅਨਿਲ ਜੋਸ਼ੀ ਅੰਮ੍ਰਿਤਸਰ ਤੋਂ ਐਲਾਨ ਕਰ ਕੇ ਪ੍ਰਧਾਨ ਸੁਖਬੀਰ ਬਾਦਲ ਨੇ ਸਿੱਖ ਪੰਥ ਦਾ ਘੱਟ ਅਤੇ ਹਿੰਦੂਵਾਦੀ ਹੋਣ ਦਾ ਪੱਖ ਜ਼ਿਆਦਾ ਪੂਰਿਆ ਹੈ।
ਰੋਜ਼ਾਨਾ ਸਪੋਕਸਮੈਨ ਵਲੋਂ ਫ਼ੋਨ ’ਤੇ ਕੀਤੀ ਗੱਲਬਾਤ ਦੌਰਾਨ ਪਰਮਿੰਦਰ ਸਿੰਘ ਢੀਂਡਸਾ ਨੇ ਸੰਗਰੂਰ ਤੋਂ ਦਸਿਆ ਕਿ ਟਿਕਟ ਮਿਲੇ ਜਾਂ ਨਾ ਮਿਲੇ ਸਾਡਾ ਪ੍ਰਵਾਰ ਤਾਂ ਪੰਥਕ ਮੁੱਦਿਆਂ ’ਤੇ ਪਹਿਰਾ ਦਿੰਦਾ ਰਹੇਗਾ। ਜਦੋਂ ਬੀਜੇਪੀ ਵਿਚ ਜਾਣ ਦੀ ਇੱਛਾ ਬਾਰੇ ਪੁਛਿਆ ਤਾਂ ਸਪੱਸ਼ਟ ਉਨ੍ਹਾਂ ਕਿਹਾ ਕਿ ਸਵਾਲ ਹੀ ਪੈਦਾ ਨਹੀਂ ਹੁੰਦਾ। ਦਸਣਾ ਬਣਦਾ ਹੈ ਕਿ ਪਰਮਿੰਦਰ ਸਿੰਘ ਢੀਂਡਸਾ ਲਗਾਤਾਰ 5 ਸਾਲ 2012 ਤੋਂ 2017 ਤਕ ਬਾਦਲ ਵਜ਼ਾਰਤ ਵਿਚ ਖ਼ਜ਼ਾਨਾ ਮੰਤਰੀ ਰਹੇ ਅਤੇ 2019 ਲੋਕ ਸਭਾ ਚੋਣਾਂ ਵਿਚ ਸੰਗਰੂਰ ਸੀਟ ਤੋਂ ਚੋਣ, ਅਕਾਲੀ ਦਲ ਟਿਕਟ ’ਤੇ ਲੜੇ ਸਨ। ਸ਼੍ਰੋਮਣੀ ਅਕਾਲੀ ਦਲ ਨੂੰ ਢੀਂਡਸਾ ਪ੍ਰਵਾਰ ਨੇ ਛੱਡ ਕੇ ਵਖਰਾ ਸੰਯੁਕਤ ਅਕਾਲੀ ਦਲ ਬਣਾਇਆ ਸੀ ਅਤੇ ਪਿਛਲੇ ਮਹੀਨੇ ਹੀ ਸੁਖਬੀਰ ਬਾਦਲ ਵਲੋਂ ਮੁਆਫ਼ੀ ਮੰਗਣ ਉਪਰੰਤ ਘਰ ਵਾਪਸੀ ਕੀਤੀ ਸੀ। ਸੁਖਦੇਵ ਸਿੰਘ ਢੀਂਡਸਾ ਨੂੰ ਮਰਹੂਮ ਵੱਡੇ ਬਾਦਲ ਦੀ ਥਾਂ ਦਲ ਦਾ ਪੈਟਰਨ ਸਰਪ੍ਰਸਤ ਨਿਯੁਕਤ ਕਰ ਕੇ ਉਂਜ ਤਾਂ ਸੁਖਬੀਰ ਨੇ ਸਿਆਣਪ ਤੇ ਤਜਰਬੇਕਾਰ ਹੋਣ ਦਾ ਸਬੂਤ ਦਿਤਾ ਸੀ ਪਰ ਪਰਮਿੰਦਰ ਨੂੰ ਸੰਗਰੂਰ ਤੋਂ ਲਾਂਭੇ ਰੱਖ ਕੇ ਸ਼ਾਇਦ 2027 ਵਿਧਾਨ ਸਭਾ ਚੋਣਾਂ ਵਿਚ ਪਰਖਣ ਦਾ ਇਸ਼ਾਰਾ ਕੀਤਾ ਹੈ।
ਚੋਣਾਂ ਦੇ ਮਾਹਰ ਦਾ ਕਹਿਣਾ ਹੈ ਕਿ ਸਿਕੰਦਰ ਸਿੰਘ ਮਲੂਕਾ ਦਾ ਪ੍ਰਵਾਰ ਜਿਨ੍ਹਾਂ ਦੀ ਨੂੰਹ ਪਰਮਪਾਲ ਕੌਰ ਬੀਜੇਪੀ ਵਿਚ ਸ਼ਾਮਲ ਹੋ ਕੇ ਬਠਿੰਡਾ ਸੀਟ ਤੋਂ ਚੋਣ ਲੜੇਗੀ, ਜ਼ਰੂਰ ਸੁਖਬੀਰ ਬਾਦਲ ਦੇ ਜੜ੍ਹੀ ਬੈਠੇਗਾ ਅਤੇ ਵੱਧ ਪ੍ਰੇਸ਼ਾਨੀ ਪੈਦਾ ਕਰੇਗਾ। ਸਿਆਸੀ ਮਾਹਰ ਇਹ ਵੀ ਕਹਿੰਦੇ ਹਨ ਕਿ 3 ਵਾਰ ਬਠਿੰਡਾ ਸੀਟ ਤੋਂ ਐਮ.ਪੀ. ਰਹੀ ਹਰਸਿਮਰਤ ਕੌਰ ਬਾਦਲ ਨੂੰ ਤਬਦੀਲ ਕਰ ਕੇ ਖਡੂਰ ਸਾਹਿਬ ਸੀਟ ਤੋਂ ਚੋਣ ਲੜਾਉਣ ਦਾ ਦਾਅ ਖੇਡਿਆ ਜਾਵੇਗਾ। 1996 ਤੋਂ ਬਾਅਦ ਪਿਛਲੇ 28 ਸਾਲਾਂ ਵਿਚ ਇਹ ਪਹਿਲੀ ਮਹੱਤਵਪੂਰਨ ਲੋਕ ਸਭਾ ਚੋਣਾਂ ਹਨ ਜੋ ਬੀਜੇਪੀ ਨਾਲ ਗਠਜੋੜ ਤੋਂ ਲਾਂਭੇ ਹੋ ਕੇ ਸੁਖਬੀਰ ਬਾਦਲ ਇਕੱਲਿਆਂ ਚੋਣ ਮੈਦਾਨ ਵਿਚ ਪੰਜਾਬ ਦੇ ਵੋਟਰਾਂ ਦੀ ਨਬਜ਼ ਪਛਾਣ ਵਿਚ ਰੁਝਿਆ ਹੈ। ਇਹ ਚੋਣ ਇਸ ਲਈ ਵੀ ਨਿਵੇਕਲੀ ਹੈ ਕਿ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਚਾਰ ਕੋਨਾ ਮੁਕਾਬਲਾ ਸੱਤਾਧਾਰੀ ਆਪ, ਕਾਂਗਰਸ, ਬੀਜੇਪੀ ਅਤੇ ਅਕਾਲੀ ਦਲ ਵਿਚਕਾਰ ਹੋ ਰਿਹਾ ਹੈ। ਸਿਆਸੀ ਮਾਹਰ ਵਿਚਾਰ ਦਿੰਦੇ ਹਨ ਕਿ ਨਤੀਜੇ ਚਮਤਕਾਰੀ ਹੋਣਗੇ ਅਤੇ ਜਿੱਤ ਹਾਰ ਵਿਚ ਵੋਟਾਂ ਦਾ ਫ਼ਰਕ ਬਹੁਤ ਥੋੜ੍ਹਾ ਹੋਵੇਗਾ।
(For more Punjabi news apart from Dhindsa family worried about the first list of 7 candidates!, stay tuned to Rozana Spokesman)
 
                     
                
 
	                     
	                     
	                     
	                     
     
     
     
     
     
                     
                     
                     
                     
                    