
ਇਨ੍ਹਾਂ ਅੱਠ ਕਾਂਗਰਸੀ ਵਿਧਾਇਕਾਂ ਦੇ ਦਲ ਬਦਲਣ ਤੋਂ ਬਾਅਦ 40 ਮੈਂਬਰੀ ਵਿਧਾਨ ਸਭਾ ’ਚ ਭਾਜਪਾ ਵਿਧਾਇਕਾਂ ਦੀ ਗਿਣਤੀ ਘੱਟ ਕੇ 28 ਰਹਿ ਗਈ ਸੀ
ਪਣਜੀ : ਬੰਬਈ ਹਾਈ ਕੋਰਟ ਦੀ ਗੋਆ ਬੈਂਚ ਨੇ ਵੀਰਵਾਰ ਨੂੰ ਵਿਧਾਨ ਸਭਾ ਸਪੀਕਰ ਰਮੇਸ਼ ਤਵਾਡਕਰ ਦੇ ਉਸ ਫੈਸਲੇ ਨੂੰ ਬਰਕਰਾਰ ਰੱਖਿਆ, ਜਿਸ ’ਚ 14 ਸਤੰਬਰ, 2022 ਨੂੰ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ’ਚ ਸ਼ਾਮਲ ਹੋਏ 8 ਕਾਂਗਰਸੀ ਵਿਧਾਇਕਾਂ ਨੂੰ ਅਯੋਗ ਨਹੀਂ ਠਹਿਰਾਇਆ ਗਿਆ ਸੀ।
ਪਿਛਲੇ ਸਾਲ 1 ਨਵੰਬਰ ਨੂੰ ਤਵਾਡਕਰ ਨੇ ਵਿਧਾਇਕ ਦਿਗੰਬਰ ਕਾਮਤ, ਐਲੇਕਸੀ ਸਕਵੇਰਾ, ਸੰਕਲਪ ਅਮੋਨਕਰ, ਮਾਈਕਲ ਲੋਬੋ, ਡੇਲੀਲਾ ਲੋਬੋ, ਕੇਦਾਰ ਨਾਇਕ, ਰੁਡੋਲਫ ਫਰਨਾਂਡਿਸ ਅਤੇ ਰਾਜੇਸ਼ ਫਲਦੇਸਾਈ ਵਿਰੁਧ ਉਨ੍ਹਾਂ ਵਲੋਂ ਦਾਇਰ ਅਯੋਗਤਾ ਪਟੀਸ਼ਨ ਖਾਰਜ ਕਰ ਦਿਤੀ ਸੀ।
ਗੋਆ ਪ੍ਰਦੇਸ਼ ਕਾਂਗਰਸ ਕਮੇਟੀ (ਜੀ.ਪੀ.ਸੀ.ਸੀ.) ਦੇ ਸਾਬਕਾ ਪ੍ਰਧਾਨ ਗਿਰੀਸ਼ ਚੋਡਾਨਕਰ ਨੇ ਅਯੋਗਤਾ ਪਟੀਸ਼ਨ ਦਾਇਰ ਕੀਤੀ ਸੀ। ਚੋਡਨਕਰ ਨੇ ਇਸ ਸਾਲ 6 ਜਨਵਰੀ ਨੂੰ ਤਵਾਡਕਰ ਦੇ ਫੈਸਲੇ ਵਿਰੁਧ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ।
ਜਸਟਿਸ ਮਕਰੰਦ ਕਾਰਨਿਕ ਅਤੇ ਜਸਟਿਸ ਨਿਵੇਦਿਤਾ ਮਹਿਤਾ ਦੀ ਬੈਂਚ ਨੇ ਵੀਰਵਾਰ ਨੂੰ ਚੋਡਨਕਰ ਵਲੋਂ ਦਾਇਰ ਪਟੀਸ਼ਨ ਨੂੰ ਖਾਰਜ ਕਰ ਦਿਤਾ ਅਤੇ ਸਪੀਕਰ ਦੇ ਹੁਕਮ ਨੂੰ ਬਰਕਰਾਰ ਰੱਖਿਆ। ਇਨ੍ਹਾਂ ਅੱਠ ਕਾਂਗਰਸੀ ਵਿਧਾਇਕਾਂ ਦੇ ਦਲ ਬਦਲਣ ਤੋਂ ਬਾਅਦ 40 ਮੈਂਬਰੀ ਵਿਧਾਨ ਸਭਾ ’ਚ ਭਾਜਪਾ ਵਿਧਾਇਕਾਂ ਦੀ ਗਿਣਤੀ ਘੱਟ ਕੇ 28 ਰਹਿ ਗਈ ਸੀ।