 
          	ਦੇਸ਼ ਗੰਭੀਰ ਅੰਦਰੂਨੀ ਚੁਨੌਤੀਆਂ ’ਚ ਘਿਰਿਆ ਹੋਇਆ ਹੈ ਅਤੇ ਭਾਜਪਾ ਬਲਦੀ ’ਚ ਤੇਲ ਪਾਉਣ ਦਾ ਕੰਮ ਕਰ ਰਹੀ ਹੈ : ਖੜਗੇ
ਹੈਦਰਾਬਾਦ: ਕਾਂਗਰਸ ਦੀ ਪੁਨਰਗਠਿਤ ਵਰਕਿੰਗ ਕਮੇਟੀ (ਸੀ.ਡਬਲਿਊ.ਸੀ.) ਦੀ ਪਹਿਲੀ ਬੈਠਕ ਹੈਦਰਾਬਾਦ ਵਿਚ ਹੋਈ, ਜਿਸ ਵਿਚ ਅਗਲੇ ਸਾਲ ਹੋਣ ਵਾਲੀਆਂ ਲੋਕ ਸਭਾ ਅਤੇ ਇਸ ਸਾਲ ਹੋਣ ਵਾਲੀਆਂ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਲਈ ਰਣਨੀਤੀ, ਸੰਗਠਨ ਅਤੇ ਹੋਰ ਕਈ ਵਿਸ਼ਿਆਂ ’ਤੇ ਚਰਚਾ ਕੀਤੀ ਗਈ।
ਇਸ ਮੀਟਿੰਗ ’ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਮਨੀਪੁਰ ਹਿੰਸਾ, ਹਰਿਆਣਾ ਅਤੇ ਕੁਝ ਹੋਰ ਸੂਬਿਆਂ ’ਚ ਫਿਰਕੂ ਤਣਾਅ ਦੀਆਂ ਤਾਜ਼ਾ ਘਟਨਾਵਾਂ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਦੇਸ਼ ਗੰਭੀਰ ਅੰਦਰੂਨੀ ਚੁਨੌਤੀਆਂ ’ਚ ਘਿਰਿਆ ਹੋਇਆ ਹੈ ਅਤੇ ਭਾਰਤੀ ਜਨਤਾ ਪਾਰਟੀ ਇਸ ਬਲਦੀ ’ਚ ਤੇਲ ਪਾ ਰਹੀ ਹੈ।
ਪਾਰਟੀ ਵਰਕਿੰਗ ਕਮੇਟੀ ਰਾਹੀਂ ਤੇਲੰਗਾਨਾ ’ਚ ਸੱਤਾਧਾਰੀ ਭਾਰਤ ਰਾਸ਼ਟਰ ਸਮਿਤੀ (ਬੀ.ਆਰ.ਐਸ.) ਨੂੰ ਚੁਨੌਤੀ ਦੇਣ ਦੀ ਵੀ ਤਿਆਰੀ ਕਰ ਰਹੀ ਹੈ। ਵਰਕਿੰਗ ਕਮੇਟੀ ਦੀ ਬੈਠਕ ਦੇ ਨਾਲ ਹੀ ਕਾਂਗਰਸ ਤੇਲੰਗਾਨਾ ਲਈ ਛੇ ‘ਗਾਰੰਟੀਆਂ’ ਦਾ ਐਲਾਨ ਕਰੇਗੀ।
ਇਸ ਮੀਟਿੰਗ ’ਚ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ, ਸਾਬਕਾ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ, ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ, ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਛੱਤੀਸਗੜ੍ਹ ਦੇ ਮੁੱਖ ਮੰਤਰੀ ਭੁਪੇਸ਼ ਬਘੇਲ, ਕਰਨਾਟਕ ਦੇ ਮੁੱਖ ਮੰਤਰੀ ਸਿੱਧਰਮਈਆ ਤੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂ ਹਾਜ਼ਰ ਸਨ।
ਵਰਕਿੰਗ ਕਮੇਟੀ ਦੀ ਮੀਟਿੰਗ ਤੋਂ ਪਹਿਲਾਂ ਖੜਗੇ ਨੇ ਪਾਰਟੀ ਦਾ ਝੰਡਾ ਲਹਿਰਾਇਆ। ਕਾਂਗਰਸ ਵਰਕਿੰਗ ਕਮੇਟੀ ਦੀ ਮੀਟਿੰਗ ’ਚ ਅਪਣੇ ਸ਼ੁਰੂਆਤੀ ਸੰਬੋਧਨ ’ਚ ਖੜਗੇ ਨੇ ਸੰਸਦ ਦੇ ਸੈਸ਼ਨ ਸਬੰਧੀ ਦਾਅਵਾ ਕੀਤਾ ਕਿ ਸੱਤਾਧਾਰੀ ਪਾਰਟੀ ‘ਵਿਰੋਧੀ-ਰਹਿਤ’ ਸੰਸਦ ਚਾਹੁੰਦੀ ਹੈ ਅਤੇ ਇਸ ਲਈ ਉਸ ਨੂੰ ਅਪਣੇ ਇਰਾਦਿਆਂ ਤੋਂ ਸੁਚੇਤ ਰਹਿਣਾ ਚਾਹੀਦਾ ਹੈ।
ਖੜਗੇ ਨੇ ਕਈ ਵਿਰੋਧੀ ਨੇਤਾਵਾਂ ਵਿਰੁਧ ਇਨਫੋਰਸਮੈਂਟ ਡਾਇਰੈਕਟੋਰੇਟ ਦੀ ਕਾਰਵਾਈ ਨੂੰ ਲੈ ਕੇ ਕੇਂਦਰ ਸਰਕਾਰ ’ਤੇ ਤਿੱਖਾ ਹਮਲਾ ਕੀਤਾ ਅਤੇ ਕਿਹਾ ਕਿ ਵਿਰੋਧੀ ਗਠਜੋੜ ‘ਇੰਡੀਆ’ ਦੀਆਂ ਪਿਛਲੀਆਂ ਤਿੰਨ ਬੈਠਕਾਂ ਦੀ ਸਫਲਤਾ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਆਗੂ ਲਗਾਤਾਰ ਹਮਲੇ ਕਰ ਰਹੇ ਹਨ।
ਕਾਂਗਰਸ ਪ੍ਰਧਾਨ ਨੇ ਕਿਹਾ ਕਿ ਸਰਕਾਰ ਨੂੰ 2021 ਦੀ ਮਰਦਮਸ਼ੁਮਾਰੀ ਦੇ ਨਾਲ-ਨਾਲ ਜਾਤ ਅਧਾਰਤ ਮਰਦਮਸ਼ੁਮਾਰੀ ਵੀ ਕਰਵਾਉਣੀ ਚਾਹੀਦੀ ਹੈ ਤਾਂ ਜੋ ਕਮਜ਼ੋਰ ਵਰਗਾਂ ਨੂੰ ਖੁਰਾਕ ਸੁਰੱਖਿਆ ਕਾਨੂੰਨ ਅਤੇ ਹੋਰ ਸਕੀਮਾਂ ਬਾਰੇ ਪੂਰਾ ਅਧਿਕਾਰ ਮਿਲ ਸਕੇ।
ਬੈਠਕ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਖੜਗੇ ਨੇ ਦਿੱਲੀ ’ਚ ਪੱਤਰਕਾਰਾਂ ਨੂੰ ਕਿਹਾ, ''ਇਸ ਬੈਠਕ ’ਚ ਸੰਗਠਨ ਬਾਰੇ ਹੋਰ ਵੀ ਗੱਲਬਾਤ ਹੋਵੇਗੀ। ਰਾਹੁਲ ਗਾਂਧੀ ਜੀ ਬਣੇ ਰਹਿਣਗੇ, ਸੋਨੀਆ ਗਾਂਧੀ ਜੀ ਹੀ ਰਹਿਣਗੇ ਅਤੇ ਸਾਰੇ ਸੀਨੀਅਰ ਆਗੂ ਰਹਿਣਗੇ। ਸਾਰੇ ਇਕੱਠੇ ਹੋ ਕੇ ਸੰਗਠਨ ਅਤੇ ਪੰਜ ਰਾਜਾਂ ਦੀਆਂ ਚੋਣਾਂ ਸਬੰਧੀ ਰਣਨੀਤੀ ’ਤੇ ਚਰਚਾ ਕਰਨਗੇ।’ ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਲਈ ਗਠਜੋੜ ਸਬੰਧੀ ਵੀ ਭਾਈਵਾਲ ਪਾਰਟੀਆਂ ਨਾਲ ਗੱਲਬਾਤ ਹੋਵੇਗੀ।
ਖੜਗੇ ਨੇ ‘ਐਕਸ’ ’ਤੇ ਪੋਸਟ ’ਚ ਕਾਂਗਰਸ ਦੀ ਸਾਬਕਾ ਪ੍ਰਧਾਨ ਸੋਨੀਆ ਗਾਂਧੀ ਦਾ ਸੰਦੇਸ਼ ਵੀ ਸਾਂਝਾ ਕੀਤਾ ਹੈ। 2014 ਵਿੱਚ ਤੇਲੰਗਾਨਾ ਰਾਜ ਦੇ ਗਠਨ ਦਾ ਜ਼ਿਕਰ ਕਰਦਿਆਂ ਸੋਨੀਆ ਗਾਂਧੀ ਨੇ ਕਿਹਾ, ‘‘ਅਸੀਂ ਤੇਲੰਗਾਨਾ ਦੇ ਲੋਕਾਂ ਨਾਲ ਵਾਅਦਾ ਕੀਤਾ ਸੀ। ਅਸੀਂ ਉਹ ਵਾਅਦਾ ਪੂਰਾ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਕਾਂਗਰਸ ਹਮੇਸ਼ਾ ਤੇਲੰਗਾਨਾ ਦੇ ਲੋਕਾਂ ਦੀਆਂ ਉਮੀਦਾਂ ਨਾਲ ਖੜੀ ਹੈ।
ਮੀਟਿੰਗ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਇਕ ਫੇਸਬੁੱਕ ਪੋਸਟ ’ਚ ਕਿਹਾ, ‘‘ਸਾਡਾ ਸਾਰਿਆਂ ਦਾ ਹੈਦਰਾਬਾਦ ’ਚ ਕਾਂਗਰਸ ਪ੍ਰਧਾਨ ਮਲਿਕਾਅਰਜੁਨ ਖੜਗੇ ਜੀ, ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਜੀ ਅਤੇ ਪਾਰਟੀ ਦੇ ਕਈ ਹੋਰ ਸੀਨੀਅਰ ਨੇਤਾਵਾਂ ਦੇ ਨਾਲ ਨਿੱਘਾ ਸਵਾਗਤ ਕੀਤਾ ਗਿਆ। ਕਾਂਗਰਸ ਆਮ ਲੋਕਾਂ ਦੀਆਂ ਚਿੰਤਾਵਾਂ ਨੂੰ ਉਠਾਉਣ ਅਤੇ ਉਨ੍ਹਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਅਤੇ ਇੱਛਾਵਾਂ ਨੂੰ ਪੂਰਾ ਕਰਨ ਵਾਲੀ ਸਰਕਾਰ ਪ੍ਰਦਾਨ ਕਰਨ ਲਈ ਸਮਰਪਿਤ ਹੈ।’’
ਕਾਂਗਰਸ ਵਰਕਿੰਗ ਕਮੇਟੀ ਦੀ ਅੱਜ ਦੀ ਮੀਟਿੰਗ ਤੋਂ ਬਾਅਦ ਐਤਵਾਰ ਨੂੰ ਐਕਸਟੈਂਡਡ ਵਰਕਿੰਗ ਕਮੇਟੀ ਦੀ ਮੀਟਿੰਗ ਹੋਵੇਗੀ। ਵਰਕਿੰਗ ਕਮੇਟੀ ਦੇ ਸਮੂਹ ਮੈਂਬਰਾਂ ਤੋਂ ਇਲਾਵਾ ਸੂਬਾ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਹੋਰ ਕਈ ਸੀਨੀਅਰ ਆਗੂ ਵਿਸਤ੍ਰਿਤ ਵਰਕਿੰਗ ਕਮੇਟੀ ਦੀ ਮੀਟਿੰਗ ਵਿੱਚ ਭਾਗ ਲੈਣਗੇ।
ਇਸ ਤੋਂ ਬਾਅਦ 17 ਸਤੰਬਰ ਦੀ ਸ਼ਾਮ ਨੂੰ ਹੈਦਰਾਬਾਦ ਨੇੜੇ ਇਕ ਰੈਲੀ ਕੀਤੀ ਜਾਵੇਗੀ, ਜਿਸ ਨੂੰ ਖੜਗੇ, ਸੋਨੀਆ, ਰਾਹੁਲ ਅਤੇ ਹੋਰ ਕਈ ਨੇਤਾ ਸੰਬੋਧਨ ਕਰ ਸਕਦੇ ਹਨ।
ਵਰਕਿੰਗ ਕਮੇਟੀ ’ਚ 39 ਮੈਂਬਰ, 32 ਸਥਾਈ ਸੱਦੇ ਵਾਲੇ ਅਤੇ 13 ਵਿਸ਼ੇਸ਼ ਸੱਦੇ ਵਾਲੇ ਸ਼ਾਮਲ ਹਨ। ਸਚਿਨ ਪਾਇਲਟ ਅਤੇ ਸ਼ਸ਼ੀ ਥਰੂਰ ਵਰਗੇ ਨੇਤਾਵਾਂ ਨੂੰ ਪਹਿਲੀ ਵਾਰ ਇਸ ਵਰਕਿੰਗ ਕਮੇਟੀ ’ਚ ਜਗ੍ਹਾ ਮਿਲੀ ਹੈ।
 
                     
                
 
	                     
	                     
	                     
	                     
     
     
     
     
     
                     
                     
                     
                     
                    