
ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਅਪਰਾਧਕ ਮਾਮਲਿਆਂ ਦੀ ਜਾਣਕਾਰੀ ਚੋਣ ਕਮਿਸ਼ਨ ਕੋਲੋਂ ਛੁਪਾਉਣ ਕਾਰਨ ਹਰਮੀਤ ਸਿੰਘ ਪਠਾਨ ਮਾਜਰਾ ਦੀ ਚੋਣ ਰੱਦ ਕੀਤੀ ਜਾਣੀ ਚਾਹੀਦੀ ਹੈ।
ਚੰਡੀਗੜ੍ਹ : ਸਨੌਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੀ ਚੋਣ ਨੂੰ ਚੁਣੌਤੀ ਦਿੰਦੀ ਪਟੀਸ਼ਨ ’ਤੇ ਸਕਰੁਟਨੀ ਕਰਨ ਉਪਰੰਤ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਰਜਿਸਟਰਾਰ ਜੁਡੀਸ਼ੀਅਲ ਰਾਜਨ ਨੰਦਾ ਨੇ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ। ਸੁਣਵਾਈ 15 ਜੁਲਾਈ ਨੂੰ ਬੈਂਚ ਮੁਹਰੇ ਹੋਵੇਗੀ। ਪਠਾਨਮਾਜਰਾ ਵਿਰੁਧ ਅਕਾਲੀ ਦਲ ਦੀ ਟਿਕਟ ਤੋਂ ਚੋਣ ਲੜੇ ਹਰਿੰਦਰਪਾਲ ਸਿੰਘ ਚੰਦੂਮਾਜਰਾ ਨੇ ਐਡਵੋਕੇਟ ਧੀਰਜ ਜੈਨ ਰਾਹੀਂ ਦਾਖ਼ਲ ਪਟੀਸ਼ਨ ਵਿਚ ਦੋਸ਼ ਲਗਾਇਆ ਸੀ ਕਿ ਪਠਾਨਮਾਜਰਾ ਵਿਰੁਧ ਦੋ ਮਾਮਲੇ ਦਰਜ ਸੀ ਤੇ ਇਨ੍ਹਾਂ ਮਾਮਲਿਆਂ ਵਿਚ ਉਸ ਨੂੰ ਭਗੌੜਾ ਕਰਾਰ ਦਿਤਾ ਗਿਆ ਸੀ ਪਰ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਵੇਲੇ ਪਠਾਨ ਮਾਜਰਾ ਨੇ ਚੋਣ ਕਮਿਸ਼ਨ ਕੋਲੋਂ ਇਹ ਜਾਣਕਾਰੀ ਛੁਪਾਈ।
ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਬਾਅਦ ਵਿਚ ਚੋਣ ਕਮਿਸ਼ਨ ਕੋਲ ਇਸ ਦੀ ਸ਼ਿਕਾਇਤ ਕੀਤੀ ਗਈ ਕਿ ਗ਼ਲਤ ਜਾਣਕਾਰੀ ਦਿਤੀ ਗਈ ਹੈ ਤਾਂ ਚੋਣ ਕਮਿਸ਼ਨ ਦੀ ਹਦਾਇਤ ’ਤੇ ਪਠਾਨਮਾਜਰਾ ਵਿਰੁਧ ਇਕ ਹੋਰ ਐਫ਼ਆਈਆਰ ਵੀ ਦਰਜ ਕੀਤੀ ਗਈ। ਪਟੀਸ਼ਨ ਵਿੱਚ ਕਿਹਾ ਗਿਆ ਹੈ ਕਿ ਅਪਰਾਧਕ ਮਾਮਲਿਆਂ ਦੀ ਜਾਣਕਾਰੀ ਚੋਣ ਕਮਿਸ਼ਨ ਕੋਲੋਂ ਛੁਪਾਉਣ ਕਾਰਨ ਹਰਮੀਤ ਸਿੰਘ ਪਠਾਨ ਮਾਜਰਾ ਦੀ ਚੋਣ ਰੱਦ ਕੀਤੀ ਜਾਣੀ ਚਾਹੀਦੀ ਹੈ। ਇਸੇ ’ਤੇ ਹੁਣ ਪਠਾਨ ਮਾਜਰਾ ਨੂੰ ਨੋਟਿਸ ਜਾਰੀ ਕੀਤਾ ਗਿਆ ਹੈ। ਦੂਜੇ ਪਾਸੇ ਨਵਾਂਸ਼ਹਿਰ ਤੋਂ ਬਸਪਾ ਦੇ ਇਕਲੌਤੇ ਵਿਧਾਇਕ ਨਛੱਤਰਪਾਲ ਦੀ ਚੋਣ ਨੂੰ ਚੁਣੌਤੀ ਦਿੰਦੀਆਂ ਦੋ ਪਟੀਸ਼ਨਾਂ ’ਤੇ ਇਤਰਾਜ ਲੱਗ ਗਏ ਹਨ। ਪਟੀਸ਼ਨਰ ਬਰਜਿੰਦਰ ਸਿੰਘ ਤੇ ਇਕ ਸੰਨੀ ਸਿੰਘ ਨੂੰ ਇਤਰਾਜ ਦੂਰ ਕਰਨ ਲਈ ਸਮਾਂ ਦਿਤਾ ਗਿਆ ਹੈ।
ਨਛੱਤਰ ਪਾਲ ਦੇ ਮੁਕਾਬਲੇ ਆਜ਼ਾਦ ਚੋਣ ਲੜਨ ਵਾਲੇ ਸੰਨੀ ਸਿੰਘ ਨੇ ਐਡਵੋਕੇਟ ਐਚਪੀਐਸ ਇੱਸਰ ਰਾਹੀਂ ਦਾਖ਼ਲ ਪਟੀਸ਼ਨ ਵਿਚ ਕਿਹਾ ਸੀ ਕਿ ਪਹਿਲਾਂ ਬਹੁਜਨ ਸਮਾਜ ਪਾਰਟੀ ਨੇ ਟਿਕਟ ਨਛੱਤਰ ਪਾਲ ਨੂੰ ਦਿਤੀ ਸੀ ਪਰ ਬਾਅਦ ਵਿਚ ਇਹ ਟਿਕਟ ਬਰਜਿੰਦਰ ਸਿੰਘ ਨੂੰ ਦੇ ਦਿਤੀ ਗਈ ਸੀ ਤੇ ਦੋਹਾਂ ਨੇ ਹੀ ਨਾਮਜ਼ਦਗੀਆਂ ਦਾਖ਼ਲ ਕੀਤੀਆਂ ਸੀ। ਦੋਸ਼ ਲਗਾਇਆ ਗਿਆ ਹੈ ਕਿ ਨਾਮਜ਼ਦਗੀ ਵੇਲੇ ਨਛੱਤਰ ਪਾਲ ਨੇ ਇਹ ਤੱਥ ਛੁਪਾਇਆ ਹੈ ਕਿ ਪਾਰਟੀ ਨੇ ਉਨ੍ਹਾਂ ਕੋਲੋਂ ਟਿਕਟ ਵਾਪਸ ਲੈ ਲਈ ਸੀ। ਇਸ ਤੋਂ ਇਲਾਵਾ ਇਹ ਦੋਸ਼ ਵੀ ਲਗਾਇਆ ਗਿਆ ਹੈ ਕਿ ਨਾਮਜ਼ਦਗੀ ਵੇਲੇ ਦਾਖ਼ਲ ਹਲਫ਼ੀਆ ਬਿਆਨ ਵਿਚ ਵੀ ਤੱਥ ਛੁਪਾਏ ਗਏ ਹਨ ਕਿ ਨਛੱਤਰ ਪਾਲ ਵਿਰੁਧ ਇਕ ਮਾਮਲਾ ਵਿਚਾਰ ਅਧੀਨ ਹੈ। ਇਸ ਤੋਂ ਇਲਾਵਾ ਹਲਫ਼ੀਆ ਬਿਆਨ ਦੀ ਟਿਕਟ ਵੀ ਘੱਟ ਪੈਸਿਆਂ ਵਾਲੀ ਲਗਾਏ ਜਾਣ ਦਾ ਦੋਸ਼ ਪਟੀਸ਼ਨ ਵਿਚ ਲਗਾਇਆ ਗਿਆ ਹੈ। ਹਾਈ ਕੋਰਟ ਤੋਂ ਮੰਗ ਕੀਤੀ ਗਈ ਹੈ ਕਿ ਚੋਣ ਰੱਦ ਕੀਤੀ ਜਾਣੀ ਚਾਹੀਦੀ ਹੈ।
ਐਡਵੋਕੇਟ ਇੱਸਰ ਨੇ ਦਸਿਆ ਕਿ ਨਾਮਜ਼ਦਗੀ ਦੀ ਸਕਰੂਟਨੀ ਵੇਲੇ ਇਤਰਾਜ ਪ੍ਰਗਟਾਇਆ ਗਿਆ ਸੀ ਪਰ ਰਿਟਰਨਿੰਗ ਅਫ਼ਸਰ ਨੇ ਇਤਰਾਜ ਖ਼ਾਰਜ ਕਰਦਿਆਂ ਨਾਮਜ਼ਦਗੀ ਮਨਜ਼ੂਰ ਕਰ ਲਈ ਗਈ ਸੀ। ਇਸ ਉਪਰੰਤ ਹਾਈ ਕੋਰਟ ਵਿਚ ਚੁਣੌਤੀ ਦਿਤੀ ਗਈ ਸੀ ਪਰ ਹਾਈ ਕੋਰਟ ਨੇ ਕਿਹਾ ਸੀ ਕਿ ਚੋਣ ਪ੍ਰਕਿਰਿਆ ਦੌਰਾਨ ਅਦਾਲਤੀ ਦਖ਼ਲ ਨਹੀਂ ਦਿਤਾ ਜਾ ਸਕਦਾ, ਲਿਹਾਜ਼ਾ ਬਾਅਦ ਵਿਚ ਚੋਣ ਪਟੀਸ਼ਨ ਦਾਖ਼ਲ ਕਰ ਕੇ ਰਾਹਤ ਲੈਣ ਦਾ ਜ਼ਰੀਆ ਹੈ। ਇਸੇ ਤਹਿਤ ਹੁਣ ਨਵਾਂਸ਼ਹਿਰ ਤੋਂ ਵਿਧਾਇਕ ਨਛੱਤਰ ਪਾਲ ਦੀ ਚੋਣ ਨੂੰ ਚੁਣੌਤੀ ਦੇ ਦਿਤੀ ਗਈ ਹੈ।